You’re viewing a text-only version of this website that uses less data. View the main version of the website including all images and videos.
ਇੱਥੋਂ ਦੇ ਹਰ ਬਾਸ਼ਿੰਦੇ ਨੂੰ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ
- ਲੇਖਕ, ਰਿਚਰਡ ਫਿਸ਼ਰ
- ਰੋਲ, ਬੀਬੀਸੀ ਫਿਊਚਰ
ਦੁਨੀਆਂ 'ਚ ਹਰ ਥਾਂ ਰਹਿਣ ਲਈ ਕੁਝ ਸ਼ਰਤਾਂ ਹੁੰਦੀਆ ਹਨ ਤੇ ਕੁਝ ਕਾਨੂੰਨੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ ਜਿਵੇਂ ਭਾਰਤ ਵਿੱਚ ਰਹਿਣ ਵਾਲੇ ਹਰ ਭਾਰਤੀ ਕੋਲ ਅਧਾਰ ਕਾਰਡ ਹੋਣਾ 'ਲਾਜ਼ਮੀ' (ਮਾਮਲਾ ਅਦਾਲਤ ਅਧੀਨ) ਹੈ।
ਵਿਦੇਸ਼ੀਆਂ ਕੋਲ ਰਹਿਣ ਲਈ ਆਪਣੇ ਦੇਸ ਦਾ ਪਾਸਪੋਰਟ ਹੋਣਾ ਅਤੇ ਭਾਰਤ ਤੋਂ ਵੀਜ਼ਾ ਮਿਲਣਾ ਜ਼ਰੂਰੀ ਹੈ।
ਪਰ ਅੰਟਾਰਕਟਿਕਾ ਵਿੱਚ ਇਕ ਬਸਤੀ ਇਹੋ ਜਿਹੀ ਵੀ ਹੈ ਜਿਥੇ ਜੇਕਰ ਤੁਸੀਂ ਲੰਬਾ ਸਮਾਂ ਰਹਿਣਾ ਹੈ ਤਾਂ ਆਪਣੀ ਅਪੈਂਡਿਕਸ ਦਾ ਆਪ੍ਰੇਸ਼ਨ ਕਰਕੇ ਉਸ ਨੂੰ ਹਟਾਉਣਾ ਜ਼ਰੂਰੀ ਹੈ।
ਅੰਟਾਰਕਟਿਕਾ ਬਹੁਤ ਹੀ ਠੰਢਾ ਮਹਾਂਦੀਪ ਹੈ। ਇਥੇ ਲੋਕ ਸਿਰਫ਼ ਕੁਝ ਮਹੀਨਿਆਂ ਲਈ ਹੀ ਰਹਿੰਦੇ ਹਨ। ਪਰ ਇਸ ਠੰਢੀ ਵਿਰਾਨ ਜਗ੍ਹਾ 'ਤੇ ਵੀ ਇਨਸਾਨਾਂ ਦੀਆਂ ਬਸਤੀਆਂ ਆਬਾਦ ਹਨ। ਜਿਨ੍ਹਾਂ ਵਿਚੋਂ ਇਕ 'ਵਿਲਾਸ ਲਾਸ ਐਸਟਰੇਲਾਸ' ਨਾਮਕ ਕਬੀਲਾ ਹੈ।
ਇਹ ਵੀ ਪੜ੍ਹੋ:
ਇਹ ਅੰਟਾਰਕਟਿਕਾ ਦਾ ਉਹ ਇਲਾਕਾ ਹੈ ਜਿਥੇ ਜਾਂ ਤਾਂ ਖੋਜ ਦੇ ਮਕਸਦ ਨਾਲ ਵਿਗਿਆਨੀ ਰਹਿੰਦੇ ਹਨ ਜਾਂ ਫਿਰ ਚਿਲੀ ਦੀ ਹਵਾਈ ਫੌਜ ਅਤੇ ਫੌਜ ਦੇ ਜਵਾਨ ਰਹਿੰਦੇ ਹਨ। ਪਰ ਵੱਡੀ ਗਿਣਤੀ 'ਚ ਵਿਗਿਆਨੀ ਅਤੇ ਫੌਜੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਹਨ। ਉਹ ਇੱਥੇ ਆਪਣਾ ਪਰਿਵਾਰ ਵੀ ਨਾਲ ਲੈ ਆਏ ਹਨ। ਇਸ ਬਸਤੀ ਦੀ ਆਬਾਦੀ ਮੁਸ਼ਕਿਲ ਨਾਲ 100 ਲੋਕਾਂ ਦੀ ਹੋਵੇਗੀ।
ਕਿਹੋ ਜਿਹੀਆਂ ਹਨ ਸਹੂਲਤਾਂ
ਹਾਲਾਂਕਿ ਇੱਥੇ ਕਿਸੇ ਵੱਡੇ ਪਿੰਡ ਜਾਂ ਛੋਟੇ ਸ਼ਹਿਰ ਵਰਗੀਆਂ ਸਹੂਲਤਾਂ ਨਹੀਂ ਹਨ, ਫਿਰ ਵੀ ਲੋੜ ਮੁਤਾਬਕ ਜਰਨਲ ਸਟੋਰ, ਬੈਂਕ, ਸਕੂਲ, ਛੋਟਾ ਜਿਹਾ ਡਾਕਘਰ ਅਤੇ ਹਸਪਤਾਲ ਬਣਿਆ ਹੋਇਆ ਹੈ।
ਸਕੂਲਾਂ ਵਿੱਚ ਬੱਚਿਆਂ ਨੂੰ ਮੁੱਢਲੀ ਸਿੱਖਿਆ ਤਾਂ ਮਿਲ ਜਾਂਦੀ ਹੈ ਪਰ ਹਸਪਤਾਲਾਂ 'ਚ ਸਹੂਲਤਾਂ ਬਹੁਤ ਘੱਟ ਹਨ। ਅੰਟਾਰਕਟਿਕਾ 'ਚ ਇੱਕ ਬਹੁਤ ਵੱਡਾ ਹਸਪਤਾਲ ਹੈ, ਪਰ ਇਹ ਵਿਲਾਸ ਲਾਸ ਐਸਟਰੇਲਾਸ ਪਿੰਡ ਤੋਂ ਇਕ ਹਜ਼ਾਰ ਕਿਲੋਮੀਟਰ ਦੂਰ ਹੈ।
ਪੂਰੇ ਰਸਤੇ ਬਰਫ਼ ਦੇ ਪਹਾੜਾਂ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ। ਇਹ ਵੱਡਾ ਹਸਪਤਾਲ ਵੀ ਸ਼ਹਿਰ ਦੇ ਕਿਸੀ ਮਲਟੀਸਪੈਸ਼ਿਲਟੀ ਹਸਪਤਾਲ ਵਰਗਾ ਨਹੀਂ ਹੈ। ਹਸਪਤਾਲ 'ਚ ਬਹੁਤ ਥੋੜ੍ਹੇ ਡਾਕਟਰ ਹਨ ਅਤੇ ਉਹ ਵੀ ਮਾਹਿਰ ਸਰਜਨ ਨਹੀਂ ਹਨ ਇਸ ਲਈ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਤੋਂ ਬਚਣ ਲਈ ਆਪ੍ਰੇਸ਼ਨ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਹਵਾਈ ਜਹਾਜ਼ ਜ਼ਰੀਏ ਆਉਂਦਾ ਹੈ ਸਮਾਨ
ਇਥੋਂ ਦੇ ਲੋਕਾਂ ਦੀ ਜਿੰਦਗੀ ਜਿੰਨੀ ਅਦਭੁੱਤ ਹੈ, ਉਸ ਤੋਂ ਵੀ ਵੱਧ ਅਦਭੁੱਤ ਹੈ ਇਹ ਥਾਂ। ਵੱਖ-ਵੱਖ ਦਿਸ਼ਾਵਾਂ ਦੱਸਣ ਵਾਲੇ ਨਿਸ਼ਾਨਾਂ ਨੂੰ ਦੇਖ ਕੇ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਥਾਂ ਸੰਘਣੀ ਆਬਾਦੀ ਤੋਂ ਕਿੰਨੀ ਦੂਰ ਹੈ।
ਮਿਸਾਲ ਵਜੋਂ ਬੀਜਿੰਗ ਇੱਥੋਂ ਕਰੀਬ 17,501 ਕਿਲੋਮੀਟਰ ਦੂਰ ਹੈ। ਜ਼ਰੂਰਤ ਦਾ ਸਮਾਨ ਇਥੇ ਅਮਰੀਕੀ ਕੰਪਨੀ ਲੌਕਹੀਡ ਮਾਰਟਿਨ ਵੱਲੋਂ ਬਣਾਏ ਗਏ ਫੌਜ ਦੇ ਮਾਲਵਾਹਕ ਜਹਾਜ਼ ਸੀ-130 ਹਕਯੂਰਲਿਸ ਰਾਹੀਂ ਲਿਆਇਆ ਜਾਂਦਾ ਹੈ। ਨੇੜਲੇ ਇਲਾਕਿਆਂ 'ਚ ਚੱਲਣ ਲਈ 4WD ਟਰੱਕ ਅਤੇ ਰਾਫਟਿੰਗ ਕਿਸ਼ਤੀ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ:
ਇਸ ਇਲਾਕੇ ਦਾ ਔਸਤਨ ਤਾਪਮਾਨ ਸਾਲ ਭਰ ਮਾਇਨਸ 2.3 ਸੈਲਸੀਅਸ ਰਹਿੰਦਾ ਹੈ ਜੋ ਕਿ ਅੰਟਾਰਕਟਿਕਾ ਦੇ ਮੁੱਖ ਇਲਾਕੇ ਦੇ ਤਾਪਮਾਨ ਦੇ ਮੁਕਾਬਲੇ ਕਾਫ਼ੀ ਗਰਮ ਹੈ।
ਬਰਫ਼ ਦੀਆਂ ਚੱਟਾਨਾ ਨਾਲ ਲੱਗੀਆਂ ਕੁਝ ਇਮਾਰਤਾਂ ਵੀ ਹਨ ਜਿਨ੍ਹਾਂ ਦੇ ਅੰਦਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ ਚੰਗਾ ਹੁੰਦਾ ਹੈ। ਇਮਾਰਤਾਂ ਦੀ ਅੰਦਰੂਨੀ ਸਜਾਵਟ ਵੀ ਬਹੁਤ ਚੰਗੀ ਹੈ। ਕੰਧਾਂ 'ਤੇ ਕੁਝ ਖ਼ਾਸ ਯਾਦਗਾਰ ਤਸਵੀਰਾਂ ਲੱਗੀਆਂ ਦਿੱਖ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਪ੍ਰਸਿੱਧ ਵਿਗਿਆਨੀ ਸਟੀਫ਼ਨ ਹੌਕਿੰਗਸ ਦੀ ਵੀ ਹੈ।
ਸਰਦੀਆਂ 'ਚ ਚੁਣੋਤੀ
ਸਰਜਿਓ ਕਿਊਬਿਲੋਸ ਚਿਲੀ ਦੇ ਏਅਰਫੋਰਸ ਬੇਸ ਦੇ ਕਮਾਂਡਰ ਹਨ। ਪਿਛਲੇ 2 ਸਾਲਾਂ ਤੋਂ ਉਹ ਇੱਥੇ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਰਹੇ ਹਨ। ਹਲਾਂਕਿ ਉਹਨਾਂ ਦਾ ਪਰਿਵਾਰ ਕੁਝ ਦਿਨ ਲਈ ਚਿਲੀ ਵਾਪਸ ਚਲਾ ਗਿਆ ਸੀ, ਪਰ ਖੁਦ ਸਰਜਿਓ ਦੋ ਸਾਲਾਂ ਤੋਂ ਇਥੇ ਹੀ ਹਨ।
ਆਪਣੇ ਤਜਰਬੇ ਮੁਤਾਬਿਕ ਉਹ ਕਹਿੰਦੇ ਹਨ ਕਿ ਇੱਥੇ ਸਰਦੀ ਦੇ ਮੌਸਮ ਨੂੰ ਝੱਲਣਾ ਇਕ ਵੱਡੀ ਚੁਣੌਤੀ ਹੈ ਕਿਉਂਕਿ ਸਰਦੀ 'ਚ ਇਥੋਂ ਦਾ ਤਾਪਮਾਨ ਮਨਫ਼ੀ 47 ਡਿਗਰੀ ਤੱਕ ਪਹੁੰਚ ਜਾਦਾ ਹੈ। ਅਜਿਹੇ ਵਿੱਚ ਕਈ-ਕਈ ਦਿਨ ਘਰ 'ਚ ਹੀ ਕੈਦ ਰਹਿਣਾ ਪੈਂਦਾ ਹੈ।
ਉਹ ਕਹਿੰਦੇ ਹਨ ਕਿ ਹੁਣ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਮੌਸਮ ਨੂੰ ਝੱਲਣ ਦੀ ਆਦਤ ਹੋ ਚੁੱਕੀ ਹੈ। ਉਹ ਨਾ ਸਿਰਫ਼ ਮੌਸਮ ਦਾ ਮਜ਼ਾ ਲੈਂਦੇ ਹਨ ਸਗੋਂ ਹੋਰ ਪਰਿਵਾਰਾਂ ਨਾਲ ਮਿਲ ਕੇ ਹੈਲੋਵੀਨ ਵਰਗੇ ਤਿਓਹਾਰ ਵੀ ਮਨਾਉਂਦੇ ਹਨ ।
ਪਰਿਵਾਰ ਨਾਲ ਰਹਿਣ ਵਾਲਿਆਂ ਨੂੰ ਇਕ ਹੋਰ ਗੱਲ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜ਼ਾਦੀ ਹੈ ਖ਼ਾਸ ਤੌਰ 'ਤੇ ਫੌਜੀ ਬੇਸ ਵਿੱਚ ਰਹਿਣ ਵਾਲਿਆਂ ਨੂੰ ਹਦਾਇਤ ਦਿੱਤੀ ਜਾਦੀ ਹੈ ਕਿ ਉਹਨਾਂ ਦੀ ਪਤਨੀ ਗਰਭਵਤੀ ਨਾ ਹੋਵੇ ਕਿਉਂਕਿ ਮੈਡੀਕਲ ਸਹੂਲਤਾਂ ਦੀ ਘਾਟ 'ਚ ਕੋਈ ਵੀ ਵੱਡੀ ਸਮੱਸਿਆ ਆ ਸਕਦੀ ਹੈ ।
ਇਥੇ ਪੇਂਗੁਇਨ ਨੂੰ ਇਨਸਾਨਾਂ ਤੋਂ ਕੋਈ ਖਤਰਾ ਨਹੀਂ ਹੈ। ਉਹ ਬੇਖੌਫ਼ ਹੋ ਕੇ ਘੁੰਮਦੇ ਹਨ ਪਰ ਤਾਪਮਾਨ ਘਟਣ ਨਾਲ ਮਰ ਵੀ ਜਾਂਦੇ ਹਨ । ਤਾਪਮਾਨ 'ਚ ਕਮੀ ਆਉਣ ਨਾਲ ਸਮੁੰਦਰ ਵਿੱਚ ਵੀ ਬਰਫ਼ ਜੰਮ ਜਾਦੀ ਹੈ।
ਇਹ ਵੀ ਪੜ੍ਹੋ:
ਫੌਜ ਦੇ ਬੇਸ ਤੋਂ ਕਾਫ਼ੀ ਦੂਰ ਉੱਚਾਈ ਵਾਲੇ ਇਲਾਕੇ 'ਚ ਟ੍ਰਿਨਿਟੀ ਨਾਮਕ ਇਕ ਰੂਸੀ ਚਰਚ ਹੈ। ਦੱਸਿਆ ਜਾਦਾ ਹੈ ਕਿ ਇਸ ਨੂੰ ਰੂਸ ਦੇ ਇਕ ਰੂੜੀਵਾਦੀ ਪਾਦਰੀ ਨੇ ਬਣਾਇਆ ਸੀ ।
ਵਿਲਾਸ ਲਾਸ ਐਸਟਰੇਲਾਸ ਦੁਨੀਆ ਦਾ ਇਕ ਅਜਿਹਾ ਇਲਾਕਾ ਹੈ ਜਿਥੇ ਕਿਸੇ ਹੋਰ ਗ੍ਰਹਿ 'ਤੇ ਰਹਿਣ ਦਾ ਤਜਰਬਾ ਲਿਆ ਜਾ ਸਕਦਾ ਹੈ ।
ਇਸ 'ਚ ਕੋਈ ਸ਼ੱਕ ਨਹੀਂ ਕਿ ਇਥੇ ਰਹਿਣਾ ਇਕ ਚੁਣੌਤੀ ਵਾਲਾ ਕੰਮ ਹੈ। ਪਰ ਇਥੇ ਰਹਿਣ ਵਾਲਿਆ ਨੂੰ ਜਿਸ ਤਰ੍ਹਾਂ ਦੀ ਜ਼ਿੰਦਗੀ ਜਿਉਂਣ ਦਾ ਤਜਰਬਾ ਹੋਵੇਗਾ ਉਹ ਦੁਨੀਆ ਦੇ ਕਿਸੇ ਹੋਰ ਸ਼ਖ਼ਸ ਨੂੰ ਨਹੀਂ ਹੋ ਸਕਦਾ।