You’re viewing a text-only version of this website that uses less data. View the main version of the website including all images and videos.
ਇਮਰਾਨ ਖ਼ਾਨ ਦੇ ਕਰੀਬੀ ਡਾ. ਆਰਿਫ਼ ਰਹਿਮਾਨ ਅਲਵੀ ਹੋਣਗੇ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਡਾ. ਆਰਿਫ਼ ਉਰ ਰਹਿਮਾਨ ਅਲਵੀ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਡਾ. ਅਲਵੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਮੰਨੇ ਜਾਂਦੇ ਹਨ।
ਡਾ. ਅਲਵੀ ਮੌਜੂਦਾ ਪਾਕਿਸਤਾਨੀ ਰਾਸ਼ਟਰਪਤੀ ਮਮਨੂਨ ਹੁਸੈਨ ਦੀ ਥਾਂ ਲੈਣਗੇ। ਉਨ੍ਹਾਂ ਨੇ ਨਵਾਜ਼ ਸ਼ਰੀਫ਼ ਦੀ ਪਾਰਟੀ ਵੱਲੋਂ ਹਮਾਇਤ ਪ੍ਰਾਪਤ ਫਜ਼ਲਉਰ ਰਹਿਮਾਨ ਅਤੇ ਪੀਪੀਪੀ ਦੇ ਐਤਾਜਜ਼ ਅਹਿਸਾਨ ਨੂੰ ਹਰਾ ਕੇ ਚੋਣਾਂ ਜਿੱਤੀਆਂ ਹਨ।
ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਡਾ. ਅਲਵੀ ਨੂੰ ਵਧਾਈ ਦਿੱਤੀ ਹੈ। ਇਮਰਾਨ ਖ਼ਾਨ ਨੇ ਡਾ. ਅਲਵੀ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਟਵਿੱਟਰ ਉੱਤੇ ਸਾਂਝੀ ਕਰਕੇ ਵਧਾਈ ਦਿੱਤੀ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਤਿੰਨਾ ਉਮਾਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਨੂੰ ਸਕੱਤਰੇਤ ਸੱਦਿਆ ਹੈ। ਉਨ੍ਹਾਂ ਦੇ ਸਾਹਮਣੇ ਹੀ ਚੋਣਾਂ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ।
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਅਤੇ ਸੀਨੇਟ ਵਿੱਚ ਕੁੱਲ 420 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਅਲਵੀ ਨੂੰ 212 ਵੋਟਾਂ ਪਈਆਂ। ਫਜ਼ਲਉਰ ਰਹਿਮਾਨ ਨੂੰ 131 ਅਤੇ ਪੀਪੀਪੀ ਦੇ ਏਤਾਜ਼ ਅਹਿਸਾਨ ਨੂੰ 81 ਵੋਟਾਂ ਮਿਲੀਆਂ।
ਜਿੱਤ ਮਗਰੋਂ ਡਾ. ਅਲਵੀ ਨੇ ਕਿਹਾ, ''ਮੈਂ ਅੱਲਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਪੀਟੀਆਈ ਨੇ ਮੈਨੂੰ ਰਾਸ਼ਟਰਪਤੀ ਉਮੀਦਵਾਰ ਬਣਾਇਆ। ਮੈਂ ਇਮਰਾਨ ਖ਼ਾਨ ਦਾ ਧੰਨਵਾਦ ਕਰਦਾ ਹਾਂ ਕਿਉਂਕੀ ਉਨ੍ਹਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਪੀਟੀਆਈ ਨਹੀਂ ਪੂਰੇ ਦੇਸ ਦਾ ਰਾਸ਼ਟਰਪਤੀ ਹਾਂ।''
ਡਾ. ਅਲਵੀ ਦੀ ਜਿੱਤ ਆਸਾਨ ਵੀ ਲੱਗ ਰਹੀ ਸੀ ਕਿਉਂਕੀ 25 ਜੁਲਾਈ ਨੂੰ ਹੋਈਆਂ ਕੌਮੀ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਹੀ ਮੁਖੀ ਇਮਰਾਨ ਖ਼ਾਨ ਆਮ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ।
ਪਾਕਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦੇ ਇਸੇ ਮਹੀਨੇ ਪੰਜ ਸਾਲ ਪੂਰੇ ਹੋ ਰਹੇ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਸੀਨੇਟ, ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਿਆਂ ਦੀਆਂ ਅਸੈਂਬਲੀਆਂ ਵੀ ਹਿੱਸਾ ਲੈਂਦੀਆਂ ਹਨ।
ਇਹ ਵੀ ਪੜ੍ਹੋ