You’re viewing a text-only version of this website that uses less data. View the main version of the website including all images and videos.
‘ਟਰੰਪ ਨੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਨਹੀਂ, ਸਾਨੂੰ ਕੀ’
- ਲੇਖਕ, ਰਜਨੀ ਵੈਦਨਾਥਨ
- ਰੋਲ, ਬੀਬੀਸੀ ਨਿਊਜ਼
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਘੱਟੋਘੱਟ ਦੋ ਔਰਤਾਂ ਨੂੰ ਆਪਣੇ ਨਾਲ ਸੰਬੰਧ ਲੁਕਾਉਣ ਲਈ ਪੈਸੇ ਦੁਆਏ ਸਨ।
ਇਹ ਪੈਸੇ ਦੇਣਾ ਉਨ੍ਹਾਂ ਦੇ ਦੋ ਸਲਾਹਕਾਰਾਂ ਨੂੰ ਜੇਲ੍ਹ ਵੀ ਪਹੁੰਚਾ ਸਕਦਾ ਹੈ ਕਿਉਂਕਿ ਇਹ ਕਥਿਤ ਭੁਗਤਾਨ ਟਰੰਪ ਦੇ 2016 ਦੇ ਚੋਣ ਪ੍ਰਚਾਰ ਦੌਰਾਨ ਹੋਏ ਸਨ। ਕਾਨੂੰਨੀ ਤੌਰ 'ਤੇ ਇਹ "ਦੁਰਵਰਤੋਂ" ਤੇ ਧੋਖਾਧੜੀ ਹੈ।
ਪਰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੂੰ ਇਸ ਨਾਲ ਕੋਈ ਫਰਕ ਪੈਂਦਾ ਨਜ਼ਰ ਨਹੀਂ ਆਉਂਦਾ।
ਇਨ੍ਹਾਂ ਸ਼ਮਰਥਕਾਂ ਵਿੱਚ ਜੇਮਜ਼ ਮੌਂਟਫੋਰਟ-III (ਤੀਜੇ) ਸ਼ਾਮਲ ਹਨ ਜੋ ਇੱਕ ਮਨੁੱਖੀ ਅਧਿਕਾਰਾਂ ਦੀ ਸੰਸਥਾ ਚਲਾਉਂਦੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਅਜਿਹੀ ਖ਼ਬਰ ਤਾਂ 'ਪੀਪਲ' ਜਿਹੇ ਰਸਾਲਿਆਂ 'ਚ ਛਾਪਣੀ ਚਾਹੀਦੀ ਸੀ।
ਉਨ੍ਹਾਂ ਮੁਤਾਬਕ, "ਉੱਤਰੀ ਕੋਰੀਆ ਨੂੰ ਐਟਮੀ ਹਥਿਆਰ ਛੱਡਣ 'ਤੇ ਮਜਬੂਰ ਕਰਨਾ ਅਤੇ ਮੈਕਸੀਕੋ ਨੂੰ ਸਨਅਤ ਵਿੱਚ ਸ਼ਰਾਫ਼ਤ 'ਤੇ ਲੈ ਕੇ ਆਉਣਾ ਜ਼ਿਆਦਾ ਜ਼ਰੂਰੀ ਹੈ, ਬਜਾਏ ਇਸ ਦੇ ਕਿ ਡੌਨਲਡ ਟਰੰਪ ਨੇ ਕਈ ਸਾਲ ਪਹਿਲਾਂ ਕਿਸੇ ਨਾਲ ਉਨ੍ਹਾਂ ਦੀ ਸਹਿਮਤੀ ਨਾਲ ਸ਼ਰੀਰਕ ਸੰਬੰਧ ਬਣਾਏ ਸਨ ਕਿ ਨਹੀਂ।"
ਜੇਮਜ਼ ਉਸ ਵੇਲੇ ਦੇ ਟਰੰਪ ਦਾ ਸਮਰਥਨ ਕਰ ਰਹੇ ਹਨ ਜਦੋਂ ਉਹ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਐਲਾਨੇ ਗਏ ਸਨ। ਜੇਮਜ਼ ਕੋਈ ਇਕੱਲੇ ਨਹੀਂ।
ਟਰੰਪ ਦੇ ਸਮਰਥਕਾਂ ਵਿੱਚ ਇਹ ਖਾਸੀਅਤ ਹੈ ਕਿ ਉਨ੍ਹਾਂ ਨੂੰ ਫਰਕ ਨਹੀਂ ਪੈ ਰਿਹਾ ਕਿ ਟਰੰਪ ਨੇ ਆਪਣੇ ਵਕੀਲ ਮਾਈਕਲ ਕੋਹੇਨ ਤੋਂ ਪੋਰਨ ਸਟਾਰ (ਅਸ਼ਲੀਲ ਫ਼ਿਲਮਾਂ ਦੀ ਅਦਾਕਾਰਾ) ਨੂੰ ਪੈਸੇ ਦੁਆਏ ਸਨ ਜਾਂ ਨਹੀਂ।
ਇੱਕ ਮਹਿਲਾ ਕੈਥੀ ਡੀ ਗ੍ਰਾਜ਼ੀਆ ਨੇ ਟਰੰਪ ਲਈ ਨਿਊ ਹੈਂਪਸ਼ਾਇਰ ਵਿੱਚ ਪ੍ਰਚਾਰ ਕੀਤਾ ਸੀ।
ਉਸ ਨੇ ਕਿਹਾ, "ਹਰ ਕੋਈ ਸੈਕਸ ਦੀ ਹੀ ਗੱਲ ਕਰਨਾ ਚਾਹੁੰਦਾ ਹੈ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਟਰੰਪ ਨੇ ਕਿਸੇ ਪੋਰਨ ਸਟਾਰ ਨੂੰ ਪੈਸੇ ਦਿੱਤੇ ਜਾਂ ਕਿਸੇ ਹੋਰ ਨੂੰ। ਇਸਦਾ ਉਨ੍ਹਾਂ ਦੀਆਂ ਨੀਤੀਆਂ ਉੱਤੇ ਕੋਈ ਅਸਰ ਨਹੀਂ ਪੈਂਦਾ।"
ਕੈਥੀ ਨੇ ਦੱਸਿਆ ਕਿ ਉਹ ਟੇਲੀਵਿਜਨ ਛੱਡ ਕੇ ਹੁਣ ਰੇਡੀਓ 'ਤੇ ਕੁਝ ਖਾਸ ਲੋਕਾਂ ਦੇ ਸ਼ੋਅ ਹੀ ਸੁਣਦੇ ਹਨ।
ਉਨ੍ਹਾਂ 'ਚੋਂ ਇੱਕ ਹਨ ਸ਼ੌਨ ਹੈਨਿਟੀ, ਜਿਨ੍ਹਾਂ ਨੇ ਇੱਕ ਲੇਖ ਵਿੱਚ ਕਿਹਾ ਹੈ, "ਮਾਈਕਲ ਕੋਹੇਨ ਨੇ ਇੱਕ ਵਾਰ ਕਿਹਾ ਸੀ ਕਿ ਉਹ ਸਦਾ ਟਰੰਪ ਦੇ ਵਫ਼ਾਦਾਰ ਰਹਿਣਗੇ। ਪਰ ਹੁਣ ਕੋਹੇਨ ਕਹਿ ਰਹੇ ਹਨ ਕਿ ਉਨ੍ਹਾਂ ਦਾ ਕਈ ਸਾਲ ਪੁਰਾਣਾ ਦੋਸਤ ਦੇਸ ਲਈ ਖ਼ਤਰਾ ਹੈ।"
ਟਰੰਪ ਦੇ ਸਮਰਥਕ ਕਹਿੰਦੇ ਹਨ ਕਿ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਟਰੰਪ ਨੇ ਕੋਈ ਕ਼ਾਨੂਨ ਤੋੜਿਆ ਜਾਂ ਕਿਸੇ ਦਾ ਇਸ ਵਿੱਚ ਸਾਥ ਦਿੱਤਾ।
ਰਿਟਾਇਰਮੈਂਟ ਤੋਂ ਬਾਅਦ ਮੈਰੀਲੈਂਡ ਤੇ ਵੈਸਟ ਵਰਜੀਨੀਆ ਦੇ ਬਾਰਡਰ ਦੇ ਨੇੜੇ ਵੱਸੇ ਫਰੈਂਕ ਰੂਪਰਟ ਦਾ ਕਹਿਣਾ ਹੈ, "ਮੈਂ ਅਜਿਹਾ ਕੁਝ ਨਹੀਂ ਵੇਖਿਆ ਜੋ ਕਿ ਟਰੰਪ ਦੇ ਕਾਨੂੰਨ ਤੋੜਣ ਦਾ ਸਬੂਤ ਹੋਵੇ।
ਕੁਝ ਟੀਵੀ ਚੈਨਲ ਕਹਿ ਰਹੇ ਹਨ ਕਿ ਸ਼ਾਇਦ ਟਰੰਪ ਨੂੰ ਆਪਣੀ ਕੁਰਸੀ 'ਤੋਂ ਵੀ ਹਟਾਇਆ ਜਾ ਸਕਦਾ ਹੈ। ਪਰ ਇਹ ਤਾਂ ਕੁਝ ਲੋਕ ਦੋ ਸਾਲਾਂ ਤੋਂ ਲਗਾਤਾਰ ਕਹਿ ਰਹੇ ਹਨ।"
ਫਰੈਂਕ ਨੇ ਕਿਹਾ ਕਿ ਉਹ ਮੁੜ ਵੀ ਟਰੰਪ ਨੂੰ ਹੀ ਵੋਟ ਪਾਉਣਗੇ।