ਇੰਟਰਨੈੱਟ 'ਤੇ ਪਿਆਰ ਲੱਭਣ ਲਈ ਉੱਚਾ ਨਿਸ਼ਾਨਾ ਅਤੇ ਸਬਰ ਜ਼ਰੂਰੀ: ਸਰਵੇਖਣ

ਤਸਵੀਰ ਸਰੋਤ, Press Eye
- ਲੇਖਕ, ਐਂਗਸ ਡੇਵਿਸਨ
- ਰੋਲ, ਬੀਬੀਸੀ ਪੱਤਰਕਾਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਆਨਲਾਈਨ ਡੇਟਿੰਗ 'ਚ ਸਫ਼ਲਤਾ ਲਈ ਨਿਸ਼ਾਨਾ ਉੱਚਾ ਰੱਖੋ, ਗੱਲਬਾਤ ਸੰਖੇਪ ਅਤੇ ਨਾਲ ਹੀ ਰੱਖੋ ਸਬਰ ।
ਅਮਰੀਕਾ ਵਿਚ ਆਨਲਾਈਨ ਡੇਟਿੰਗ ਕਰਨ ਵਾਲਿਆਂ ਦੇ ਇਕ ਸਰਵੇਖਣ ਮੁਤਾਬਕ ਆਪਣੀ ``ਪਹੁੰਚ ਤੋਂ ਬਾਹਰ ਜਾਣਾ'' ਜਾਂ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਲੋਕਾਂ ਨਾਲ ਪ੍ਰੇਮ ਸੰਬੰਧ ਬਣਾਉਣਾ ਸਫ਼ਲਤਾ ਦੀ ਕੁੰਜੀ ਹੋ ਸਕਦੀ ਹੈ ।
ਇਹ ਵੀ ਪੜ੍ਹੋ:
'ਸਾਇੰਸ ਐਡਵਾਂਸਜ਼' ਨਾਂ ਦੇ ਰਸਾਲੇ ਵਿਚ ਛਪਿਆ ਇਹ ਸਰਵੇਖਣ ਕਹਿੰਦਾ ਹੈ ਕਿ ਆਦਮੀਆਂ ਨੂੰ ਆਪਣੇ ਨਾਲੋਂ ਵੱਧ ਆਕਰਸ਼ਕ ਲੱਗਣ ਵਾਲੀਆਂ ਔਰਤਾਂ ਨਾਲ ਪਿਆਰ ਕਾਇਮ ਕਰਨ ਵਿਚ ਵੱਧ ਸਫਲਤਾ ਮਿਲਦੀ ਹੈ ।

ਤਸਵੀਰ ਸਰੋਤ, Getty Images
ਇੰਟਰਨੈੱਟ ਡੇਟਿੰਗ ਹੁਣ ਪਿਆਰ ਲੱਭਣ ਦਾ ਇੱਕ ਮੁੱਖ ਰਸਤਾ ਬਣ ਗਿਆ ਹੈ। ਲੰਮੇ ਸਮੇਂ ਦੇ ਸਾਥੀ ਲੱਭਣ ਲਈ ਇੰਟਰਨੈਟ ਹੁਣ ਤੀਜਾ ਸਭ ਤੋਂ ਮਸ਼ਹੂਰ ਜ਼ਰੀਆ ਹੈ ਅਤੇ 18-34 ਸਾਲ ਉਮਰ ਦੇ ਲੋਕਾਂ 'ਚੋਂ ਅੱਧੇ ਹੁਣ ਕਿਸੇ ਨਾ ਕਿਸੇ ਡੇਟਿੰਗ ਐਪ ਦੀ ਵਰਤੋਂ ਕਰਦੇ ਹਨ ।
ਆਪਣੇ ਆਪ ਤੋਂ ਉੱਤੇ ਵੇਖੋ
ਇਸ ਸਰਵੇਖਣ ਰਿਪੋਰਟ ਲਈ ਵਿਗਿਆਨੀਆਂ ਨੇ ਗੂਗਲ ਦੀ ਤਰ੍ਹਾਂ ਹਿਸਾਬ ਲਗਾ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਲੋਕ ਪਿਆਰ ਲੱਭਣ ਵੇਲੇ ਕੀ ਭਾਲਦੇ ਹਨ। ਇਸ ਲਈ ਉਨ੍ਹਾਂ ਨੇ ਨਿਊ ਯਾਰਕ, ਬੌਸਟਨ, ਸ਼ਿਕਾਗੋ ਅਤੇ ਸੀਆਟਲ ਦੇ ਕੁਝ ਪਰਲਿੰਗੀ ਲੋਕਾਂ ਦੀਆਂ ਮੈਸੇਜਿੰਗ ਕਰਨ ਦੀਆਂ ਆਦਤਾਂ ਅਤੇ ਸਮਾਜਿਕ ਪਰਿਪੇਖ ਨੂੰ ਪੜ੍ਹਿਆ।

ਪਤਾ ਇਹ ਲੱਗਿਆ ਕਿ ਆਦਮੀ ਅਤੇ ਔਰਤਾਂ ਦੋਵੇਂ ਹੀ ਆਪਣੇ ਨਾਲੋਂ ਕਰੀਬ 25% ਵੱਧ ਆਕਰਸ਼ਕ ਸਾਥੀ ਲੱਭਣ ਦੀ ਕੋਸ਼ਿਸ਼ ਕਰਦੇ ਹਨ । ਤੁਸੀਂ ਕਿੰਨੇ `ਆਕਰਸ਼ਕ' ਹੋ ਇਹ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਕਿਸ ਦਾ ਮੈਸੇਜ ਆ ਰਿਹਾ ਹੈ, ਨਾ ਕਿ ਸਿਰਫ਼ ਜ਼ਿਆਦਾ ਮੈਸੇਜ ਆਉਣ ਤੋਂ।
ਇਹ ਵੀ ਪੜ੍ਹੋ:
ਸਰਵੇਖਣ ਮੁਤਾਬਕ, ਜੇਕਰ ਮੈਸੇਜ ਇਹੋ ਜਿਹੇ ਵਿਅਕਤੀ ਤੋਂ ਆ ਰਿਹਾ ਹੈ, ਜਿਸਨੂੰ ਆਪ ਵੀ ਬਹੁਤ ਮੈਸੇਜ ਆਉਂਦੇ ਹਨ ਤਾਂ ਤੁਸੀਂ ਕਾਫੀ ਆਕਰਸ਼ਕ ਹੋ ।
ਪ੍ਰੇਮੀ ਜਾਂ ਪ੍ਰੇਮਿਕਾ ਲੱਭਣ ਦੇ ਨੁਸਖ਼ੇ
- ਮੈਸੇਜ ਭੇਜਦੇ ਰਹੋ — ਮਿਹਨਤ ਦਾ ਫ਼ਲ਼ ਮਿਲਦਾ ਜ਼ਰੂਰ ਹੈ
- ਆਪਣੇ ਨਾਲੋਂ ਉੱਪਰ ਨਜ਼ਰ ਰੱਖੋ — ਇਹ ਜੇਤੂ ਰਣਨੀਤੀ ਹੋ ਸਕਦੀ ਹੈ
- ਗੱਲ ਨੂੰ ਸੰਖ਼ੇਪ 'ਚ ਲਿਖੋ — ਲੰਮਾ ਜਿਹਾ ਸੰਦੇਸ਼ ਸ਼ਾਇਦ ਪੜ੍ਹਿਆ ਹੀ ਨਾ ਜਾਵੇ
- ਸਬਰ ਕਰੋ — ਸ਼ਾਇਦ ਸਾਹਮਣੇ ਵਾਲਾ ਵੀ ਹੋਰਾਂ ਦੀ ਘੋਖ ਕਰ ਰਿਹਾ ਹੋਵੇ
ਹੋਰ ਕੀ ਦੱਸਿਆ ਸਰਵੇਖਣ ਨੇ
ਜਦੋਂ ਔਰਤਾਂ ਨੇ ਆਦਮੀਆਂ ਨਾਲ ਗੱਲ ਛੇੜੀ ਤਾਂ 50 ਫ਼ੀਸਦ ਨੇ ਜੁਆਬ ਦਿੱਤਾ, ਪਰ ਆਦਮੀਆਂ ਨੇ ਜਦ ਆਪਣੇ ਨਾਲੋਂ ਜ਼ਿਆਦਾ ਆਕਰਸ਼ਕ ਔਰਤਾਂ ਨਾਲ ਗੱਲ ਛੇੜਣ ਦੀ ਕੋਸ਼ਿਸ਼ ਕੀਤੀ ਤਾਂ ਸਫ਼ਲਤਾ ਦੀ ਦਰ 21 ਫ਼ੀਸਦ ਰਹੀ ।

ਸਰਵੇਖਣ ਰਿਪੋਰਟ ਦੀ ਮੁੱਖ ਲੇਖਿਕਾ, ਮਿਸ਼ੀਗਨ ਯੂਨੀਵਰਸਿਟੀ ਦੀ ਡਾ. ਐਲਿਜ਼ਾਬੇਥ ਬ੍ਰਚ ਨੇ ਕਿਹਾ ਕਿ ਆਮ ਤੌਰ 'ਤੇ ਲੋਕ ਇਹ ਕਹਿੰਦੇ ਹਨ ਕਿ ਇੰਟਰਨੈੱਟ ਡੇਟਿੰਗ 'ਚ ਜੁਆਬ ਹੀ ਨਹੀਂ ਮਿਲਦਾ ।
ਉਨ੍ਹਾਂ ਨੇ ਕਿਹਾ,''ਨਿਰਾਸ਼ਾ ਜ਼ਰੂਰ ਹੁੰਦੀ ਹੈ, ਪਰ ਵਿਸ਼ਲੇਸ਼ਣ ਮੁਤਾਬਕ ਦ੍ਰਿੜ੍ਹਤਾ ਨਾਲ ਡੇਟਿੰਗ ਵੈਬਸਾਈਟ ਦੀ ਵਰਤੋਂ ਕਰਨ ਵਾਲੇ 21% ਲੋਕਾਂ ਨੂੰ ਜੁਆਬ ਮਿਲਦਾ ਹੈ, ਉਹ ਵੀ ਆਪਣੀ 'ਲੀਗ' ਤੋਂ ਬਾਹਰ ਦੇ ਕਿਸੇ ਵਿਅਕਤੀ ਤੋਂ।''
ਇਹ ਵੀ ਪੜ੍ਹੋ:
ਸਰਵੇਖਣ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੂੰ ਬਹੁਤ ਘੱਟ ਜੁਆਬ ਜਾਂ ਰਿਸਪੋਂਸ ਮਿਲੇ, ਪਰ ਉਨ੍ਹਾਂ 'ਚ ਇੱਕ ਔਰਤ ਅਜਿਹੀ ਵੀ ਸੀ, ਜਿਸਨੂੰ ਮਹੀਨੇ ਦੇ ਇਸ ਸਰਵੇਖਣ ਦੌਰਾਨ 1500 ਤੋਂ ਵੀ ਵੱਧ ਮੈਸੇਜ ਆਏ ।












