BBC TOP 5: ਅਮਿਤ ਸ਼ਾਹ ਅੱਜ ਪ੍ਰਕਾਸ਼ ਸਿੰਘ ਬਾਦਲ ਨਾਲ ਕਰਨਗੇ ਮੁਲਾਕਾਤ

ਭਾਰਤੀ ਜਨਤਾ ਪਾਰਟੀ ਦੇ ਕੌਮੀ ਮੁਖੀ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਜਾ ਰਹੇ ਹਨ।

ਇਸ ਤੋਂ ਪਹਿਲਾਂ ਉਹ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੂੰ ਮਿਲ ਚੁੱਕੇ ਹਨ। ਐਨਡੀਏ ਦੇ ਸਹਿਯੋਗੀ ਦਲਾਂ ਨਾਲ ਸ਼ਾਹ ਦੀਆਂ ਇਨ੍ਹਾਂ ਬੈਠਕਾਂ ਨੂੰ ਅਗਲੇ ਸਾਲ 2019 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਗੱਠਜੋੜ ਦੀ ਏਕਤਾ ਬਚਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਖ਼ਾਸ ਮਸ਼ਕ ਵਿੱਚ ਉਹ ਹੋਰ ਵੀ ਸਹਿਯੋਗੀਆਂ ਨੂੰ ਮਿਲਣਗੇ।

ਪ੍ਰਣਬ ਮੁਖਰਜੀ ਕਰਨਗੇ RSS ਸਮਾਗਮ ਵਿੱਚ ਸ਼ਿਰਕਤ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਨਾਗਪੁਰ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੇ ਹਨ।

ਉਹ ਇੱਕ ਮਹੀਨਾ ਚੱਲਣ ਵਾਲੇ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਆਰਐਸਐਸ ਦੇ ਮੰਚ 'ਤੇ ਮੌਜੂਦ ਰਹਿਣਗੇ।

'ਬਲੂ ਸਟਾਰ ਦਾ ਬਦਲਾ ਲੈਣ ਲਈ ਮੈਂ ਬਣੀ ਖਾੜਕੂ'

ਬਲੂ ਸਟਾਰ ਤੋਂ ਬਾਅਦ ਹਥਿਆਰਬੰਦ ਮੁਹਿੰਮ ਨਾਲ ਜੁੜੀ ਸੰਦੀਪ ਕਹਿੰਦੇ ਹਨ ਫੌਜੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਦਰਬਾਰ ਸਾਹਿਬ ਸਾਫ਼-ਸਫ਼ਾਈ ਦੀ ਸੇਵਾ ਲਈ ਪਹੁੰਚੇ ਤਾਂ ਉੱਥੋਂ ਦੀ ਹਾਲਤ ਦੇਖ ਉਨ੍ਹਾਂ ਦੇ ਮਨ ਉੱਤੇ ਕਾਫ਼ੀ ਬੁਰਾ ਪ੍ਰਭਾਵ ਪਿਆ।

ਦੋ ਤਿੰਨ ਸਾਲਾਂ ਬਾਅਦ ਜਦੋਂ ਪੰਜਾਬ ਵਿੱਚ ਹਥਿਆਰਬੰਦ ਮੁਹਿੰਮ ਦਾ ਅਸਰ ਵਧਣ ਲੱਗਾ ਤਾਂ ਸੰਦੀਪ ਦਾ ਝੁਕਾਅ ਵੀ ਇਸ ਮੁਹਿੰਮ ਵੱਲ ਹੋਇਆ।

ਸੰਦੀਪ ਦਾ ਅਤੀਤ ਬੱਬਰ ਖ਼ਾਲਸਾ ਸੰਗਠਨ ਨਾਲ ਜੁੜਿਆ ਹੈ। ਹਥਿਆਰਬੰਦ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਬੱਬਰ ਖ਼ਾਲਸਾ ਕਾਰਕੁਨ ਧਰਮ ਸਿੰਘ ਕਾਸ਼ਤੀਵਾਲ ਨਾਲ ਵਿਆਹ ਕਰਵਾਇਆ।

ਤਾਇਵਾਨ ਬਾਰੇ ਚੀਨ ਨਾਲ ਟੱਕਰ ਲਈ ਤਿਆਰ ਅਮਰੀਕਾ

ਟਰੰਪ ਪ੍ਰਸਾਸ਼ਨ ਨੇ ਅਮਰੀਕੀ ਏਅਰਲਾਈਨਜ਼ ਅਤੇ ਦੇਸ ਵਿੱਚ ਹਵਾਈ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਤਾਇਵਾਨ ਬਾਰੇ ਚੀਨੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ।

ਅਮਰੀਕਾ ਅਤੇ ਚੀਨ ਵਿੱਚ ਵਧਦੀ ਤਲਖੀ ਦੀ ਇਹ ਤਾਜ਼ਾ ਮਿਸਾਲ ਹੈ। ਤਾਇਵਾਨ ਇੱਕ ਆਜ਼ਾਦ ਲੋਕਤੰਤਰਿਕ ਦੀਪ ਹੈ ਜਦਕਿ ਚੀਨ ਉਸ ਨੂੰ ਆਪਣਾ ਹਿੱਸਾ ਦੱਸਦਾ ਹੈ। ਇਸ ਲਈ ਚੀਨ ਨੇ ਜਹਾਜ਼ ਕੰਪਨੀਆਂ ਨੂੰ ਕਿਹਾ ਸੀ ਕਿ ਉਹ ਜਿੱਥੇ ਵੀ ਕਿਤੇ ਸਿਰਫ ਤਾਇਵਾਨ ਲਿਖਿਆ ਹੋਵੇ ਉਸ ਨੂੰ ਮਿਟਾ ਦੇਣ।

ਕਿਮ ਮੁਲਾਕਾਤ ਲਈ ਗਿੜਗਿੜਾਏ ਸਨ- ਟਰੰਪ ਦੇ ਵਕੀਲ

ਰਾਸ਼ਟਰਪਤੀ ਟਰੰਪ ਦੇ ਵਕੀਲ ਨੇ ਕਿਹਾ ਹੈ ਕਿ ਕਿਮ ਮੁਲਾਕਾਤ ਲਈ ਗਿੜਗਿੜਾਏ ਸਨ। ਵਕੀਲ ਰੂਡੀ ਜੁਲੀਆਨੀ ਨੇ ਕਿਹਾ ਹੈ ਕਿ ਜਦੋਂ ਟਰੰਪ ਨੇ ਮੁਲਾਕਾਤ ਰੱਦ ਕਰ ਦਿੱਤੀ ਸੀ ਤਾਂ ਇਸ ਮੁਲਾਕਾਤ ਲਈ ਉਹ ਉਨ੍ਹਾਂ ਸਾਹਮਣੇ ਗਿੜਗਿੜਾਏ ਸਨ।

ਇਹ ਸ਼ਬਦ ਉਨ੍ਹਾਂ ਨੇ ਇਜ਼ਰਾਈਲ ਵਿੱਚ ਕਹੇ। ਪਹਿਲਾਂ ਟਰੰਪ ਨੇ ਇਸ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ ਪਰ ਮਗਰੋਂ ਉੱਤਰੀ ਕੋਰੀਆ ਦੀ ਦੋਸਤਾਨਾ ਪ੍ਰਤੀਕਿਰਿਆ ਸਦਕਾ ਉਹ ਮੰਨ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)