ਕੁੜੀ ਦੇ 'ਦੋ ਟੋਟੇ ਕਰਨ' ਵਾਲੇ ਜਾਦੂਗਰ ਪੀ.ਸੀ. ਸਰਕਾਰ ਦੀ ਪੂਰੀ ਕਹਾਣੀ

ਤਸਵੀਰ ਸਰੋਤ, Collection of Saileswar Mukherjee
- ਲੇਖਕ, ਜੋਹਨ ਜ਼ੁਬਰਜ਼ਕੀ
- ਰੋਲ, ਲੇਖਕ
9 ਅਪ੍ਰੈਲ ਸਾਲ 1956 ਦੀ ਸ਼ਾਮ 9:15 ਵਜੇ ਬੀਬੀਸੀ ਦੇ ਦਫ਼ਤਰ 'ਚ ਇੱਕ-ਇੱਕ ਕਰਕੇ ਸੈਂਕੜੇ ਲੋਕਾਂ ਦੇ ਫ਼ੋਨ ਆਉਣ ਲੱਗੇ।
ਫੋਨ ਕਰਨ ਵਾਲੇ ਲੋਕਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਟੀਵੀ ਸਕਰੀਨ 'ਤੇ ਇੱਕ ਕਤਲ ਹੁੰਦੇ ਦੇਖਿਆ ਸੀ।
ਰਹੱਸਮਈ ਦਿਖਣ ਵਾਲੇ ਇੱਕ ਜਾਦੂਗਰ ਨੇ 17 ਸਾਲ ਦੀ ਕੁੜੀ ਨੂੰ ਆਪਣੇ ਵਸ 'ਚ ਕਰਕੇ ਉਸਨੂੰ ਇੱਕ ਮੇਜ 'ਤੇ ਲਿਟਾਇਆ।
ਇਸ ਤੋਂ ਬਾਅਦ ਕੁਝ ਇਸ ਤਰੀਕੇ ਨਾਲ ਇੱਕ ਆਰੀ ਨਾਲ ਕੁੜੀ ਦੇ ਸਰੀਰ ਦੇ ਦੋ ਟੋਟੇ ਕਰ ਦਿੱਤੇ ਜਿਵੇਂ ਉਹ ਇੱਕ ਕਸਾਈ ਦੀ ਮੇਜ 'ਤੇ ਪਿਆ ਹੋਇਆ ਮਾਸ ਦਾ ਇੱਕ ਟੁੱਕੜਾ ਹੋਵੇ।
ਜਾਦੂਗਰ ਦਾ ਇਹ ਸ਼ੋਅ ਉਸ ਦੌਰ 'ਚ ਸ਼ਾਮ ਦੇ ਸਭ ਤੋਂ ਚਰਚਿਤ ਪ੍ਰੋਗਰਾਮ ਪੈਨੋਰਮਾ ਦੇ ਕਲਾਈਮੈਕਸ ਦਾ ਹਿੱਸਾ ਸੀ। ਦਰਸ਼ਕਾਂ ਨੂੰ ਅਜਿਹਾ ਲੱਗਿਆ ਜਿਵੇਂ ਕੁਝ ਬਹੁਤ ਗ਼ਲਤ ਹੋਇਆ ਹੈ।
ਜਦੋਂ ਜਾਦੂਗਰ ਨੇ ਉਸ ਕੁੜੀ ਦਾ ਹੱਥ ਰਗੜਿਆ ਅਤੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕ੍ਰਿਆ ਨਾ ਦਿੱਤੀ।
ਜਾਦੂਗਰ ਨੇ ਜਿਵੇਂ ਹੀ ਆਪਣਾ ਸਿਰ ਹਿਲਾ ਕੇ ਕੁੜੀ ਦੇ ਚਿਹਰੇ 'ਤੇ ਕਾਲਾ ਕੱਪੜਾ ਰੱਖਿਆ ਉਦੋਂ ਰਿਚਰਡ ਡਿੰਬਲਬਾਇ ਨੇ ਕੈਮਰੇ ਸਾਹਮਣੇ ਆਕੇ ਕਿਹਾ ਕਿ ਹੁਣ ਪ੍ਰੋਗਰਾਮ ਖ਼ਤਮ ਹੁੰਦਾ ਹੈ।
ਇਸ ਤੋਂ ਬਾਅਦ ਟੀਵੀ 'ਤੇ ਪ੍ਰੋਗਰਾਮ ਬਣਾਉਣ ਵਾਲਿਆਂ ਦੇ ਨਾਂ ਆਉਣ ਲੱਗੇ। ਇਸਦੇ ਨਾਲ ਹੀ ਲਾਈਮ ਗ੍ਰੋਵ ਸਟੂਡਿਓ 'ਚ ਫ਼ੋਨ ਆਉਣੇ ਸ਼ੁਰੂ ਹੋ ਗਏ।
ਪੱਛਮੀ ਦੇਸ਼ਾਂ 'ਚ ਜਾਦੂ ਦੀ ਦੁਨੀਆਂ 'ਚ ਆਪਣੀ ਥਾਂ ਬਣਾਉਣਾ ਪੀ.ਸੀ. ਸਰਕਾਰ ਲਈ ਇੱਕ ਸੰਘਰਸ਼ ਭਰਿਆ ਸਫ਼ਰ ਸੀ।
ਲੰਡਨ ਦਾ ਡਿਊਕ ਆਫ਼ ਯੋਰਕ ਥਿਏਟਰ ਤਿੰਨ ਹਫ਼ਤਿਆਂ ਲਈ ਸਰਕਾਰ ਦੇ ਸ਼ੋਅ ਲਈ ਰਾਖਵਾਂ ਰੱਖਿਆ ਗਿਆ ਸੀ, ਪਰ ਲੋਕਾਂ ਨੇ ਟਿਕਟਾਂ ਬਹੁਤੀਆਂ ਨਹੀਂ ਖਰੀਦੀਆਂ ਸਨ।
ਅਜਿਹੇ 'ਚ ਪੈਨੋਰਮਾ 'ਚ ਪਹੁੰਚਣਾ ਇੱਕ ਤਖ਼ਤਾ ਪਲਟਣ ਵਰਗਾ ਸੀ ਅਤੇ ਸਰਕਾਰ ਇਸਦਾ ਭਰਪੂਰ ਫ਼ਾਇਦਾ ਚੁੱਕਣਾ ਚਾਹੁੰਦੇ ਸਨ।

ਤਸਵੀਰ ਸਰੋਤ, New York Public Library
ਜਾਦੂਗਰ ਸਰਕਾਰ ਦੇ ਸ਼ੋਅ ਨੂੰ ਜਿਸ ਤਰ੍ਹਾਂ ਅਚਾਨਕ ਖ਼ਤਮ ਕੀਤਾ ਗਿਆ ਉਸਦਾ ਅਧਿਕਾਰਿਕ ਸਪੱਸ਼ਟੀਕਰਨ ਇਹ ਸੀ ਕਿ ਸ਼ੋਅ ਤੈਅ ਸਮੇਂ ਤੋਂ ਪਾਰ ਚਲਾ ਗਿਆ ਸੀ।
ਪੀ.ਸੀ. ਸਰਕਾਰ ਦੇ ਕਰੀਅਰ 'ਤੇ ਨਜ਼ਰ ਰੱਖਣ ਵਾਲੇ ਇਸਦੇ ਪਿੱਛੇ ਦੀ ਕਹਾਣੀ ਨੂੰ ਸਮਝਦੇ ਸਨ। ਉਨ੍ਹਾਂ ਦੇ ਵਿਰੋਧੀ ਵੀ ਇਹ ਗੱਲ ਮੰਨਦੇ ਹਨ ਕਿ ਸਰਕਾਰ ਉਸ ਸਮੇਂ ਦੇ ਮਾਹਿਰ ਸਨ ਅਤੇ ਟੀਵੀ 'ਤੇ ਆਪਣੀ ਸਹਿਯੋਗੀ ਦੀਪਤੀ ਡੇਅ ਨੂੰ ਆਰੀ ਨਾਲ ਵੱਢਣ ਤੋਂ ਬਾਅਦ ਸ਼ੋਅ ਦਾ ਖ਼ਤਮ ਹੋਣਾ ਹੱਥ ਦੀ ਇੱਕ ਸ਼ਾਨਦਾਰ ਸਫ਼ਾਈ ਸੀ।
ਅਗਲੇ ਦਿਨ ਅਖ਼ਬਾਰਾਂ ਦੇ ਪਹਿਲੇ ਸਫੇ ਉੱਤੇ ਕੁਝ ਅਜਿਹੀਆਂ ਸੁਰਖ਼ੀਆਂ ਬਣੀਆਂ - ''ਗਰਲ ਕਟ ਇਨ ਹਾਫ਼ - ਸ਼ੌਕ ਆਨ ਟੀਵੀ'' ਅਤੇ ''ਆਰੀ ਨਾਲ ਵੱਢਣ ਵਾਲੇ ਸਰਕਾਰ ਨੇ ਦਰਸ਼ਕਾਂ ਨੂੰ ਕੀਤਾ ਹੈਰਾਨ।''
ਇਸ ਤੋਂ ਬਾਅਦ ਡਿਊਕ ਆਫ਼ ਯੋਰਕ 'ਚ ਉਨ੍ਹਾਂ ਦੇ ਸ਼ੋਅ ਹਾਉਸਫੁੱਲ ਗਏ।
ਸਰਕਾਰ ਦੇ ਬਚਪਨ ਦਾ ਨਾਮ ਪ੍ਰੋਤੁਲ ਚੰਦਰ ਸਰਕਾਰ ਸੀ। ਉਨ੍ਹਾਂ ਦਾ ਜਨਮ 23 ਫਰਵਰੀ, 1913 ਨੂੰ ਬੰਗਾਲ (ਹੁਣ ਬੰਦਲਾਦੇਸ਼) ਦੇ ਤੰਗੇਲ ਜ਼ਿਲ੍ਹੇ ਦੇ ਅਸ਼ੋਕਪੁਰ ਨਾਂ ਦੇ ਪਿੰਡ 'ਚ ਹੋਇਆ ਸੀ।
ਸਕੂਲ 'ਚ ਉਹ ਗਣਿਤ ਦੇ ਵਿਸ਼ੇ 'ਚ ਤੇਜ਼ ਸਨ। ਕੁਝ ਲੋਕਾਂ ਨੇ ਉਨ੍ਹਾਂ ਨੂੰ ਜਮਾਂਦਰੂ ਹੁਨਰਮੰਦ ਦੀ ਵੀ ਉਪਾਧੀ ਦਿੱਤੀ ਸੀ।
ਉਨ੍ਹਾਂ ਦਾ ਅਸਲੀ ਇਸ਼ਕ ਜਾਦੂਗਰੀ ਸੀ, ਅਜਿਹੇ 'ਚ ਉਨ੍ਹਾਂ ਆਪਣਾ ਨਾਂ 'ਸੋਰਕਰ' ਕਰ ਲਿਆ ਜਿਹੜਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਸੋਰਸਰਰ' ਭਾਵ ਜਾਦੂਗਰ ਵਰਗਾ ਸੁਣਾਈ ਦਿੰਦਾ ਹੈ।
ਉਨ੍ਹਾਂ ਕਲੱਬਾਂ, ਸਰਕਸ ਅਤੇ ਥਿਏਟਰਾਂ 'ਚ ਆਪਣਾ ਜਾਦੂ ਦਿਖਾਉਣਾ ਸ਼ੁਰੂ ਕਰ ਦਿੱਤਾ।
ਭਾਵੇਂ ਉਨ੍ਹਾਂ ਦੀ ਮਕਬੂਲੀਅਤ ਹਾਲੇ ਬੰਗਾਲ ਦੇ ਕੁਝ ਸ਼ਹਿਰਾਂ ਤੋਂ ਪਾਰ ਨਹੀਂ ਪਹੁੰਚੀ ਸੀ ਪਰ ਉਨ੍ਹਾਂ ਨੇ ਖ਼ੁਦ ਨੂੰ 'ਦੁਨੀਆ ਦਾ ਸਭ ਤੋਂ ਮਹਾਨ ਜਾਦੂਗਰ' ਕਹਿਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੀ ਇਹ 'ਸਕੀਮ' ਕੰਮ ਕਰ ਗਈ ਅਤੇ ਦੇਸ਼ ਭਰ ਤੋਂ ਉਨ੍ਹਾਂ ਨੂੰ ਸੱਦੇ ਆਉਣੇ ਸ਼ੁਰੂ ਹੋ ਗਏ।
ਹਾਲਾਂਕਿ ਕੌਮਾਂਤਰੀ ਪੱਧਰ 'ਤੇ ਆਪਣੀ ਥਾਂ ਬਣਾਉਣਾ ਉਨ੍ਹਾਂ ਲਈ ਅਜੇ ਵੀ ਇੱਕ ਮੁਸ਼ਕਿਲ ਕੰਮ ਸੀ।
ਪੱਛਮੀ ਜਾਦੂਗਰ ਭਾਰਤੀ ਜਾਦੂਗਰਾਂ ਨੂੰ ਘਟੀਆ ਸਮਝਦੇ ਸਨ ਕਿ ਉਹ ਬਹੁਤੇ ਹੁਨਰਮੰਦ ਨਹੀਂ ਮੰਨਦੇ ਹਨ।
ਸਰਕਾਰ ਨੇ ਸਾਵਧਾਨੀ ਨਾਲ ਦੂਜੇ ਵਿਸ਼ਵ ਯੁੱਧ ਸਮੇਂ ਭਾਰਤ ਆਕੇ ਫੌਜੀ ਟੁਕੜੀਆਂ ਦਾ ਮਨੋਰੰਜਨ ਕਰਨ ਵਾਲੇ ਅਮਰੀਕੀ ਜਾਦੂਗਰਾਂ ਦੇ ਨਾਲ ਰਿਸ਼ਤੇ ਬਣਾਏ ਅਤੇ ਜਾਦੂਗਰੀ ਦੇ ਰਸਾਲਿਆਂ 'ਚ ਲੇਖ ਲਿਖਣੇ ਵੀ ਸ਼ੁਰੂ ਕੀਤੇ।
ਸਾਲ 1950 'ਚ ਉਨ੍ਹਾਂ ਨੇ ਇੰਟਰਨੈਸ਼ਨਲ ਬਰਦਰਹੁੱਡ ਆਫ਼ ਮਜੀਸ਼ੀਅਨਸ ਅਤੇ ਅਮਰੀਕੀ ਜਾਦੂਗਰਾਂ ਦੀ ਸੁਸਾਈਟੀ ਵੱਲੋਂ ਸ਼ਿਕਾਗੋ 'ਚ ਆਪਣੇ ਜਾਦੂ ਦੀ ਕਲਾ ਪ੍ਰਦਰਸ਼ਨ ਲਈ ਆਏ ਸੱਦੇ ਨੂੰ ਪ੍ਰਵਾਨ ਕੀਤਾ ਅਤੇ ਪ੍ਰਦਰਸ਼ਨ ਲਈ ਤਿਆਰ ਹੋ ਗਏ।
ਜਦੋਂ ਉਹ ਸ਼ਰਮਨ ਹੋਟਲ ਦੇ ਕਨਵੈਂਸ਼ਨ ਹਾਲ ਤੋਂ ਆਏ ਤਾਂ ਉੱਥੇ ਮੌਜੂਦ ਦਰਸ਼ਕਾਂ ਤੇ ਪੱਤਰਕਾਰਾਂ ਨੇ ਅਜਿਹੀ ਪ੍ਰਤੀਕ੍ਰਿਆ ਦਿੱਤੀ ਜਿਵੇਂ ਉਹ ਅਰੇਬੀਅਨ ਨਾਇਟਸ ਦੇ ਸਫਿਆਂ ਤੋਂ ਬਾਹਰ ਨਿਕਲ ਆਏ ਹੋਣ।
ਪਰ ਉਨ੍ਹਾਂ ਦਾ ਪਹਿਲਾ ਸ਼ੋਅ 'ਆਈਲੈਸ ਸਾਈਟ' ਜਿਸ ਵਿੱਚ ਉਨ੍ਹਾਂ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਲੈਕਬੋਰਡ 'ਤੇ ਲਿਖੇ ਹੋਏ ਨੂੰ ਪੜ੍ਹਿਆ ਸੀ, ਨਿਰਾਸ਼ਾਜਨਕ ਰਿਹਾ।

ਤਸਵੀਰ ਸਰੋਤ, Collection of Saileswar Mukherjee
ਸਿਰਫ਼ ਇਹੀ ਕਾਫ਼ੀ ਨਹੀਂ ਸੀ, ਇਸ ਤੋਂ ਬਾਅਦ ਉਨ੍ਹਾਂ ਉਸ ਦੌਰ ਦੇ ਦੋ ਮਕਬੂਲ ਜਾਦੂਗਰਾਂ 'ਤੇ ਬੇਇਮਾਨੀ ਦਾ ਇਲਜ਼ਾਮ ਲਗਾਇਆ।
ਜੇਨੀ ਮੈਗਜ਼ੀਨ ਦੇ ਸੰਪਾਦਕ ਸੈਮੂਅਲ ਪੈਟ੍ਰਿਕ ਸਮਿਥ ਯਾਦ ਕਰਦੇ ਹਨ ਕਿ ਉਨ੍ਹਾਂ ਦੇ ਇਸ ਇਲਜ਼ਾਮ ਨਾਲ ਸਭ ਹੈਰਾਨ ਰਹਿ ਗਏ ਸਨ।
"ਅਮਰੀਕਾ 'ਚ ਇਸ ਤਰ੍ਹਾਂ ਵਿਵਹਾਰ ਨਹੀਂ ਕੀਤਾ ਜਾਂਦਾ, ਇੱਕ ਪਾਸੇ ਸਰਕਾਰ ਦੇ ਹਮਦਰਦ ਸਾਥੀ ਸਨ ਅਤੇ ਦੂਜੇ ਪਾਸੇ ਉਨੀਂ ਹੀ ਗਿਣਤੀ 'ਚ ਦੂਜੇ ਪਾਸੇ ਦੇ ਲੋਕ ਸਨ।''
ਸਰਕਾਰ ਨੇ ਆਪਣੇ ਜਾਦੂਗਰੀ ਦੇ ਜੀਵਨ ਦੌਰਾਨ ਅਜਿਹੇ ਕਈ ਤੂਫ਼ਾਨਾਂ ਦਾ ਸਾਹਮਣਾ ਕੀਤਾ।
ਖ਼ੁਦ ਨੂੰ ''ਵਿਸ਼ਵ ਦਾ ਸਭ ਤੋਂ ਮਹਾਨ ਜਾਦੂਗਰ'' ਕਹਿਣ ਦੀ ਉਨ੍ਹਾਂ ਦੀ ਦਲੇਰੀ ਨੂੰ ਕਈਆਂ ਨੇ ਘਮੰਡ ਦੇ ਤੌਰ 'ਤੇ ਦੇਖਿਆ ਸੀ।
ਉਨ੍ਹਾਂ ਦੀ ਪ੍ਰਚਾਰ ਕਰਨ ਦੀ ਮਸ਼ੀਨ ਨਿਰੰਤਰ ਚਲਦੀ ਰਹਿੰਦੀ ਸੀ। ਜਾਦੂਗਿਰੀ ਨਾਲ ਜੁੜੇ ਰਸਾਲੇ ਤੇ ਕਈ ਅਖ਼ਬਾਰ ਸਰਕਾਰ ਪ੍ਰਤੀ ਸਕਾਰਾਤਮਕ ਰਿਵੀਊ, ਰੰਗਦਾਰ ਤਸਵੀਰਾਂ ਤੇ ਪੋਸਟਰਾਂ ਨਾਲ ਭਰੇ ਰਹਿੰਦੇ ਸਨ।
ਗਲੈਮਰ ਤੇ ਪ੍ਰਚਾਰ ਦੇ ਬਾਵਜੂਦ ਸਰਕਾਰ ਨੂੰ ਪੱਛਮੀ ਜਾਦੂਗਰੀ ਜਗਤ ਵਿੱਚ ਜਿੱਥੇ ਐਂਗਲੋ-ਸੈਕਸਨ ਜਾਦੂਗਰਾਂ ਦਾ ਦਬਦਬਾ ਸੀ, ਇੱਕ ਅਜਨਬੀ ਵਜੋਂ ਹੀ ਦੇਖਿਆ ਜਾਂਦਾ ਸੀ।
1955 ਵਿੱਚ ਜਾਦੂਗਰ ਹੇਲਮਨ ਏਵਾਲਡ, ਜਿਨ੍ਹਾਂ ਦਾ ਸਟੇਜੀ ਨਾਂ ਕਲਨਾਗ ਸੀ। ਕਲਨਾਗ ਕਿਸੇ ਸਮੇਂ ਅਡੌਲਫ਼ ਹਿਟਲਰ ਦੇ ਪਸੰਦੀਦਾ ਜਾਦੂਗਰ ਰਹਿ ਚੁੱਕੇ ਸਨ। ਉਨ੍ਹਾਂ ਨੇ ਪੀ.ਸੀ. ਸਰਕਾਰ 'ਤੇ ਉਨ੍ਹਾਂ ਦੇ ਕਈ ਜਾਦੂ ਚੋਰੀ ਕਰਨ ਦੇ ਇਲਜ਼ਾਮ ਲਗਾਏ।
ਇਸ ਦੌਰਾਨ ਜਾਦੂਗਰਾਂ ਨੇ ਸਰਕਾਰ ਦੀ ਹਮਾਇਤ ਵਿੱਚ ਨਿੱਤਰੇ ਅਤੇ ਉਨ੍ਹਾਂ ਨੇ ਕਲਨਾਗ ਉੱਪਰ ਵੀ ਅਜਿਹੇ ਹੀ ਇਲਜ਼ਾਮ। ਉਨ੍ਹਾਂ ਦੇ ਹਮਾਇਤੀਆਂ ਨੇ ਕਿਹਾ ਕਿ ਕਲਨਾਗ ਜਾਦੂਗਰੀ ਦੇ ਜਿਹੜੇ ਪ੍ਰਭਾਵ ਸਰਕਾਰ ਵੱਲੋਂ ਚੋਰੀ ਕਰਨ ਦੀ ਗੱਲ ਕਰ ਰਿਹਾ ਹੈ ਉਹ ਉਸ ਨੇ ਆਪ ਵੀ ਕਿਤੋਂ ਚੁਰਾਏ ਹਨ।

ਤਸਵੀਰ ਸਰੋਤ, New York Public Library
ਅੱਜ ਸਰਕਾਰ ਨੂੰ ਉਨ੍ਹਾਂ ਦੇ 'ਇੰਦਰਜਾਲ' ਜਾਂ 'ਦਿ ਮੈਜਿਕ ਆਫ਼ ਇੰਡੀਆ' ਕਰਕੇ ਜਾਣਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਸ਼ੋਅ ਨਵੰਬਰ 1955 ਵਿੱਚ ਪੈਰਿਸ 'ਚ ਦਿਖਾਇਆ ਗਿਆ।
ਇਸ ਵਿੱਚ ਪੱਛਮੀ ਦੇਸ਼ਾਂ ਦੇ ਦਰਸ਼ਕਾਂ ਦੀ ਕਿਸੇ ਭਾਰਤੀ ਜਾਦੂਗਰ ਤੋਂ ਉਮੀਦ ਨਾਲੋਂ ਕਿਤੇ ਵੱਧ ਸਾਥੀ, ਵੱਧ ਵਰਾਇਟੀ ਅਤੇ ਵੱਧ ਸਾਜ਼ੋ-ਸਮਾਨ ਸੀ।
ਦਰਸ਼ਕਾਂ ਦੇ ਆਉਣ 'ਤੇ ਉਨ੍ਹਾਂ ਦੇ ਸਵਾਗਤ ਲਈ ਥਿਏਟਰਾਂ ਦਾ ਤਾਜ ਮਹਿਲ ਵਾਂਗ ਸਜਾਉਣਾ ਅਤੇ ਕਿਰਾਏ 'ਤੇ ਲਿਆਂਦੇ ਸਰਕਸ ਦੇ ਹਾਥੀਆਂ ਦੀ ਸੁੰਢ ਨੂੰ ਰੰਗਿਆ ਜਾਂਦਾ। ਇਹ ਹਾਥੀ ਆਉਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਸਨ।
ਸਟੇਜ 'ਤੇ ਚਿੱਤਰਕਾਰੀ, ਕਈ ਵਾਰ ਕੱਪੜੇ ਬਦਲਣਾ, ਵਧੀਆ ਰੌਸ਼ਨੀਆਂ ਅਤੇ ਵਧੀਆਂ ਪ੍ਰੋਡਕਸ਼ਨ ਟੀਮ ਸਣੇ ਸ਼ੋਅ ਦੀ ਪੂਰੀ ਰੂਪ ਰੇਖਾ ਹੁੰਦੀ ਸੀ ਜਿਸ ਨਾਲ ਸ਼ੋਅ ਦੀ ਰਫ਼ਤਾਰ ਨੂੰ ਕਦੇ ਮੱਠਾ ਨਹੀਂ ਪੈਣ ਦਿੱਤਾ ਜਾਂਦਾ ਸੀ।
ਬੇਸ਼ੱਕ ਸਰਕਾਰ ਦੇ ਜਾਦੂਗਰੀ ਦੇ ਜੀਵਨ ਵਿੱਚ ਇੱਕ ਅਹਿਮ ਮੋੜ ਉਨ੍ਹਾਂ ਦਾ ਪੈਨੋਰਮਾ ਪ੍ਰੋਗਰਾਮ 'ਚ ਆਉਣਾ ਸੀ।
ਭਾਵੇਂ ਕਿ ਉਦੋਂ ਟੀਵੀ ਹਾਲੇ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ ਪਰ ਸਰਕਾਰ ਇਸ ਦੀ ਸਮਰੱਥਾ ਨੂੰ ਵਰਤਣ ਲਈ ਪੂਰੇ ਤਿਆਰ ਸਨ।
ਕਿਸੇ ਹੋਰ ਜਾਦੂਗਰ ਨੇ ਇਸ ਮਾਧਿਅਮ ਨੂੰ ਉਨ੍ਹਾਂ ਵਾਂਗ ਇਨੀਂ ਸਫ਼ਲਤਾ ਨਾਲ ਨਹੀਂ ਵਰਤਿਆ।

ਤਸਵੀਰ ਸਰੋਤ, John Zubrzycki's collections
ਪੀ.ਸੀ. ਸਰਕਾਰ ਹੋਰ ਜਾਦੂਗਰਾਂ ਦੇ ਮੁਕਾਬਲੇ ਆਪਣੇ ਪ੍ਰਦਰਸ਼ਨ, ਸਟੇਜ ਇਫੈਕਟ ਅਤੇ ਆਤਮ ਵਿਸ਼ਵਾਸ ਕਰਕੇ ਉਨ੍ਹਾਂ ਤੋਂ ਉੱਤੇ ਉਠ ਗਏ ਸਨ।
ਉਹ ਭਾਰਤੀ ਜਾਦੂ ਨੂੰ ਉਸ ਪੱਧਰ 'ਤੇ ਲੈ ਗਏ ਜਿੱਥੇ ਇਹ ਪਹਿਲਾਂ ਕਦੇ ਨਹੀਂ ਸੀ ਰਿਹਾ, ਉਨ੍ਹਾਂ ਨੇ ਆਪਣੇ ਜਾਦੂ 'ਚ ਪੱਛਮੀ-ਸ਼ੈਲੀ ਦੀਆਂ ਜਾਦੂ ਨਾਲ ਜੁੜੀਆਂ ਗਤੀਵਿਧੀਆਂ ਨੂੰ ਇੱਕ ਵੱਖਰੇ ਅੰਦਾਜ਼ ਨਾਲ ਪੇਸ਼ ਕਰਕੇ ਆਪਣੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ।
ਦਸੰਬਰ 1970 ਵਿੱਚ ਉਨ੍ਹਾਂ ਆਪਣੇ ਡਾਕਟਰ ਦੀ ਬਹੁਤੀ ਯਾਤਰਾ ਨਾ ਕਰਨ ਦੀ ਸਲਾਹ ਨੂੰ ਅਣਗੌਲਿਆਂ ਕਰਕੇ ਚਾਰ ਮਹੀਨੇ ਦੇ ਪ੍ਰੋਗਰਾਮ ਲਈ ਜਪਾਨ ਰਵਾਨਾ ਹੋ ਗਏ।
6 ਜਨਵਰੀ 1971 ਨੂੰ ਉਨ੍ਹਾਂ ਜਪਾਨ ਦੇ ਸ਼ਿਬੇਤਸੂ ਸ਼ਹਿਰ 'ਚ ਆਪਣੇ ਸ਼ੋਅ ਇੰਦਰਜਾਲ ਦੀ ਪੇਸ਼ਕਾਰੀ ਦਿੱਤੀ। ਜਿਵੇਂ ਹੀ ਸਟੇਜ ਤੋਂ ਇਜਾਜ਼ਤ ਲਈ ਤਾਂ ਉਨ੍ਹਾਂ ਨੂੰ ਭਿਆਨਕ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਜਾਦੂਗਰੀ ਦੇ ਸਤਿਕਾਰਿਤ ਇਤਿਹਾਸਕਾਰ ਡੇਵਿਡ ਪਰਾਇਸ ਨੇ ਪੀ.ਸੀ. ਸਰਕਾਰ ਬਾਰੇ ਲਿਖਿਆ, ਉਹ ਜਾਦੂ ਦੀ ਦੁਨੀਆ 'ਚ ਪੱਛਮੀ ਦੇਸ਼ਾਂ ਦੇ ਉਸ ਦ੍ਰਿਸ਼ 'ਤੇ ਬਿਲਕੁਲ ਉਸ ਸਮੇਂ ਪਹੁੰਚ ਗਏ ਸਨ ਜਦੋਂ ਭਾਰਤ ਨੂੰ ਪੱਛਮੀਂ ਜਾਦੂਗਰਾਂ ਦੇ ਮੁਕਾਬਲੇ ਕਿਸੇ ਮਹਾਨ ਦੇਸੀ ਜਾਦੂਗਰ ਦੀ ਲੋੜ ਸੀ। ਉਨ੍ਹਾਂ ਸਦਕਾ ''ਭਾਰਤੀ ਜਾਦੂ ਉਸ ਦੌਰ ਵਿੱਚ ਪਹੁੰਚ ਗਿਆ ਹੈ ਜਿੱਥੇ ਜੇ ਜਾਦੂਈ ਤੌਰ 'ਤੇ ਕਹਾਂ ਤਾਂ ਦੁਨੀਆ ਭਰ ਦੇ ਜਾਦੂਗਰਾਂ ਵੱਲੋਂ ਉਸ ਨੂੰ ਸਤਿਕਾਰਿਆ ਜਾਣਾ ਸੀ।''
(ਜੋਹਨ ਜ਼ੁਬਰਜ਼ਿਕੀ ਦੀ ਕਿਤਾਬ 'ਇੰਪਾਇਰ ਆਫ਼ ਐਨਚੈਂਟਮੈਂਟ: ਦਿ ਸਟੋਰੀ ਆਫ਼ ਇੰਡੀਅਨ ਮੈਜਿਕ' ਨੂੰ ਹਰਸਟ (ਯੂਕੇ), ਆਕਸਫਾਰਡ ਯੂਨੀਵਰਸਿਟੀ ਪ੍ਰੈੱਸ (ਯੂਐਸਏ) ਅਤੇ ਸਕਰਾਇਬ (ਆਸਟਰੇਲੀਆ) ਵੱਲੋਂ ਛਾਪਿਆ ਗਿਆ ਹੈ। ਭਾਰਤ ਵਿੱਚ ਇਸਨੂੰ 'ਜਾਦੂਵਾਲਾਜ਼, ਜਗਲਰਸ ਐਂਡ ਜਿਨਸ:ਮੈਜਿਕਲ ਹਿਸਟਰੀ ਆਫ਼ ਇੰਡੀਆ' ਨਾਂ ਨਾਲਪਿਕਾਡੋਰ ਨੇ ਛਾਪਿਆ ਹੈ)












