ਉਹ ਦੇਸ ਜਿੱਥੇ ਮਹੀਨਿਆਂ ਤੱਕ ਨਹੀਂ ਹੁੰਦਾ ਸਸਕਾਰ

ਤਸਵੀਰ ਸਰੋਤ, AFP
ਹਾਲ ਹੀ ਦੀ ਖਬਰ ਹੈ ਕਿ ਘਾਨਾ ਵਿੱਚ ਛੇ ਸਾਲ ਪਹਿਲਾਂ ਮਰੇ ਇੱਕ ਇਨਸਾਨ ਦੀ ਲਾਸ਼ ਹੁਣ ਤੱਕ ਮੁਰਦਾ ਘਰ ਵਿੱਚ ਪਈ ਹੈ। ਕਿਉਂਕਿ ਪਰਿਵਾਰ ਇਹ ਤੈਅ ਨਹੀਂ ਕਰ ਪਾ ਰਿਹਾ ਕਿ ਸਸਕਾਰ 'ਤੇ ਇਸ ਸਭ ਦੀ ਅਗਵਾਈ ਕੌਣ ਕਰੇਗਾ।
ਇਸ ਕਹਾਣੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਘਾਨਾ ਵਿੱਚ ਅਜਿਹਾ ਆਮ ਹੈ।
ਅਕਸਰ ਲੋਕ ਇਸ ਦੇਸ਼ ਵਿੱਚ ਮੌਤ ਤੋਂ ਬਾਅਦ ਹੋਣ ਵਾਲੇ ਝਗੜਿਆਂ ਕਰਕੇ ਲੰਮੇ ਸਮੇਂ ਤੱਕ ਲਾਸ਼ਾਂ ਨੂੰ ਮੁਰਦਾ ਘਰ ਵਿੱਚ ਰੱਖਦੇ ਹਨ।
ਘਾਨਾ ਤੋਂ ਲੇਖਕ ਐਲੀਜ਼ਾਬੇਥ ਓਹੀਨ ਨੇ ਲਿਖਿਆ ਹੈ ਕਿ ਘਾਨਾ ਵਿੱਚ ਮਹੀਨਿਆਂ ਤੱਕ ਅਤੇ ਕਈ ਵਾਰ ਤਾਂ ਸਾਲਾਂ ਤੱਕ ਲਾਸ਼ਾਂ ਨੂੰ ਨਹੀਂ ਦਫਨਾਇਆ ਜਾਂਦਾ।
ਉਨ੍ਹਾਂ ਲਿਖਿਆ ਕਿ ਇਸ ਮੁੱਦੇ ਵਿੱਚ ਡੂੰਘੀ ਦਿਲਚਸਪੀ ਹੋਣ ਤੋਂ ਬਾਅਦ ਵੀ ਕੁਝ ਚੀਜ਼ਾਂ ਹਨ ਜੋ ਉਨ੍ਹਾਂ ਦੀਆਂ ਸਮਝ ਤੋਂ ਬਾਹਰ ਹਨ।

ਤਸਵੀਰ ਸਰੋਤ, AFP
ਪਰਿਵਾਰ ਦਾ ਕਿਰਦਾਰ ਹੀ ਲੈ ਲਵੋ। ਰਸਮ ਅਤੇ ਪਰੰਪਰਾ ਮੁਤਾਬਕ ਮਰਨ ਤੋਂ ਬਾਅਦ ਲਾਸ਼ ਪਰਿਵਾਰ ਦੀ ਹੋ ਜਾਂਦੀ ਹੈ। ਇਸ ਨੂੰ ਕਾਨੂੰਨ ਵੀ ਮੰਨਦਾ ਹੈ।
ਤੁਹਾਨੂੰ ਲੱਗਦਾ ਹੋਵੇਗਾ ਕਿ ਤੁਸੀਂ ਜਾਣਦੇ ਹੋ ਕਿ ਪਰਿਵਾਰ ਕੌਣ ਹੁੰਦਾ ਹੈ ਪਰ ਇੱਥੇ ਮੌਤ ਤੋਂ ਬਾਅਦ ਪਰਿਵਾਰ ਦੀ ਪਰਿਭਾਸ਼ਾ ਹੀ ਬਦਲ ਜਾਂਦੀ ਹੈ।
ਪਤੀ, ਪਤਨੀ ਅਤੇ ਬੱਚਿਆਂ ਨੂੰ ਪਰਿਵਾਰ ਨਹੀਂ ਮੰਨਿਆਂ ਜਾਂਦਾ।

ਤਸਵੀਰ ਸਰੋਤ, AFP
ਜਿਸ ਪਰਿਵਾਰ ਵਿੱਚ ਤੁਹਾਡਾ ਜਨਮ ਹੋਇਆ ਹੈ, ਉਹੀ ਤੈਅ ਕਰ ਸਕਦਾ ਹੈ ਕਿ ਸਸਕਾਰ 'ਤੇ ਅਗਵਾਈ ਕੌਣ ਕਰੇਗਾ।
ਭਾਵੇਂ ਹੀ ਪਿਛਲੇ 30 ਸਾਲਾਂ ਤੋਂ ਮਰਨ ਵਾਲੇ ਨਾਲ ਕੋਈ ਸੰਪਰਕ ਨਾ ਹੋਵੇ, ਪੈਦਾ ਕਰਨ ਵਾਲਿਆਂ ਦਾ ਮਰਨ ਵਾਲੇ 'ਤੇ ਉਸਦੇ ਪਤੀ, ਪਤਨੀ ਜਾਂ ਬੱਚਿਆਂ ਤੋਂ ਵੱਧ ਹੱਕ ਹੈ।
ਪਹਿਲਾਂ ਪਰਿਵਾਰ ਕਾਫੀ ਸਮਾਂ ਬੈਠਕਾਂ ਕਰਦਾ ਹੈ, ਕਈ ਹਫਤਿਆਂ ਬਾਅਦ ਮਰਸੀਆ ਬਣਦਾ ਹੈ ਅਤੇ ਰੋਣ ਲਈ ਆਉਣ ਵਾਲਿਆਂ ਦੀ ਸੂਚੀ ਬਣਾਈ ਜਾਂਦੀ ਹੈ।
ਕਿਉਂ ਹੁੰਦੀ ਹੈ ਦੇਰੀ?
ਅਗਵਾਈ ਕਰਨ ਵਾਲੇ ਦੀ ਚੋਣ ਅਹਿਮ ਹੈ। ਪਹਿਲਾਂ ਤਾਂ ਇਹ ਹਮੇਸ਼ਾ ਇੱਕ ਮਰਦ ਹੀ ਹੋਵੇਗਾ, ਕੋਈ ਔਰਤ ਨਹੀਂ। ਅਤੇ ਮਰਨ ਵਾਲੇ ਤੋਂ ਬਾਅਦ ਖਾਨਦਾਨ ਦਾ ਵਾਰਿਸ ਕੌਣ ਹੋਵੇਗਾ, ਇਹ ਵੀ ਚੁਣਿਆ ਹੋਇਆ ਨੁਮਾਇੰਦਾ ਹੀ ਤੈਅ ਕਰੇਗਾ।
ਇੰਨੇ ਚਿਰ ਲਾਸ਼ ਫਰਿਜ ਵਿੱਚ ਹੀ ਰਹਿੰਦੀ ਹੈ। ਅਕਸਰ ਇਸ ਗੱਲ 'ਤੇ ਝਗੜੇ ਹੁੰਦੇ ਹਨ ਕਿ ਲਾਸ਼ ਨੂੰ ਕਦੋਂ ਅਤੇ ਕਿੱਥੇ ਦਫਨਾਇਆ ਜਾਵੇਗਾ।
ਇਸ ਲਈ ਕਾਫੀ ਵਾਰ ਅਦਾਲਤ ਵਿੱਚ ਵੀ ਇਜਾਜ਼ਤ ਲੈਣ ਲਈ ਜਾਣਾ ਪੈਂਦਾ ਹੈ ਤਾਂ ਜੋ ਕੋਈ ਹੋਰ ਲਾਸ਼ ਨੂੰ ਹੱਥ ਨਾ ਲਾ ਸਕੇ।

ਤਸਵੀਰ ਸਰੋਤ, AFP
ਮਰਨ ਵਾਲੇ ਨੂੰ ਸ਼ਾਨਦਾਰ ਤਰੀਕੇ ਨਾਲ ਦਫਨਾਇਆ ਜਾਂਦਾ ਹੈ।
ਮਰਨ ਵਾਲੇ ਦੇ ਘਰ ਨੂੰ ਸਜਾਇਆ ਜਾਂਦਾ ਹੈ, ਕਈ ਵਾਰ ਉਸਦੇ ਸ਼ਾਨਦਾਰ ਸਸਕਾਰ ਲਈ ਨਵਾਂ ਘਰ ਵੀ ਬਣਾਇਆ ਜਾਂਦਾ ਹੈ। ਜਿਸ ਵਿੱਚ ਵੀ ਸਮਾਂ ਲੱਗਦਾ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਕੁਝ ਖਾਸ ਸ਼ਖਸੀਅਤਾਂ ਸਸਕਾਰ ਵਿੱਚ ਆਉਣ ਤਾਂ ਸਭ ਦੀ ਸਹੂਲੀਅਤ ਮੁਤਾਬਕ ਤਰੀਕ ਤੈਅ ਕੀਤੀ ਜਾਂਦੀ ਹੈ।
ਹਾਲ ਹੀ ਵਿੱਚ ਇੱਕ ਮਸ਼ੂਹਰ ਕਾਰੋਬਾਰੀ ਅਤੇ ਨੇਤਾ ਨਾਨਾ ਅਕੈਨਟਨ ਅਪੀਆਹਮੇਣਕਾ ਦਾ ਸਸਕਾਰ ਸੀ।
ਉਨ੍ਹਾਂ ਦੇ ਸਸਕਾਰ ਦਾ ਸੱਦਾ ਪੱਤਰ 226 ਪੰਨਿਆਂ ਦਾ ਸੀ ਜੋ ਤਸਵੀਰਾਂ ਅਤੇ ਉਨ੍ਹਾਂ ਦੀ 84 ਸਾਲਾਂ ਦੀ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਬਿਓਰਾ ਦਿੰਦਾ ਸੀ।
ਹੁਣ ਇਹ ਸਭ ਕਰਨ ਵਿੱਚ ਸਮਾਂ ਤਾਂ ਲੱਗਦਾ ਹੈ।













