ਅਫ਼ਗਾਨਿਸਤਾਨ 'ਚ ਹਿੰਸਾਂ ਦਾ ਤਾਂਡਵ ਰੁਕਣ ਦੀ ਆਸ ਜਾਗੀ

ਤਸਵੀਰ ਸਰੋਤ, Getty Images
ਅਮਰੀਕਾ ਦੇ ਦਬਾਅ ਹੇਠ ਅਫ਼ਗਾਨ ਤਾਲਿਬਾਨ ਨਾਲ ਗੁਪਤ ਬੈਠਕ ਲਈ ਰਾਜ਼ੀ ਹੋ ਤਾਂ ਗਿਆ ਪਰ ਕੀ ਇਸ ਨਾਲ ਉੱਥੇ ਚੱਲ ਰਹੇ ਗ੍ਰਹਿ ਯੁੱਧ ਨੂੰ ਠੱਲ੍ਹ ਪਵੇਗੀ?
ਅਮਰੀਕੀ ਫੌਜ ਮੁਤਾਬਕ ਤਾਲਿਬਾਨ, ਅਫ਼ਗਾਨ ਦੇ ਅਧਿਕਾਰੀਆਂ ਨਾਲ ਗੋਲੀਬੰਦੀ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਗੁਪਤ ਬੈਠਕ ਕਰੇਗਾ।
ਅਫਗਾਨ ਵਿੱਚ ਤਾਇਨਾਤ ਅਮਰੀਕਾ ਦੇ ਕਮਾਂਡਰ ਜਨਰਲ ਜੋਹਨ ਨਿਕੋਲਸ ਦਾ ਕਹਿਣਾ ਹੈ ਕਿ ਇਸ ਗੱਲਬਾਤ ਵਿੱਚ ਵਿਦੇਸ਼ੀ ਸਰਕਾਰਾਂ ਅਤੇ ਕੌਮਾਂਤਰੀ ਜਥੇਬੰਦੀਆਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ।
ਹਾਲਾਂਕਿ ਅਫ਼ਗਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਫਰਵਰੀ ਵਿੱਚ ਵੀ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਵੇਲੇ ਤਾਲਿਬਾਨ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।

ਤਸਵੀਰ ਸਰੋਤ, Getty Images
ਉਦੋਂ ਤੋਂ ਦੋਵੇਂ ਪਾਸਿਓਂ ਵਧਦੇ ਮੌਤ ਦੇ ਅੰਕੜਿਆਂ ਨਾਲ ਹਿੰਸਾ ਲਗਾਤਾਰ ਜਾਰੀ ਹੈ।
ਬੁੱਧਵਾਰ ਨੂੰ ਰਾਜਧਾਨੀ ਵਿੱਚ ਹਮਲੇ ਕਰਨ ਦੀ ਆਪਣੀ ਸਮਰਥਾ ਦਾ ਪ੍ਰਗਟਾਵਾ ਕਰਦਿਆਂ ਅੱਤਵਾਦੀਆਂ ਨੇ ਕਾਬੁਲ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ 'ਤੇ ਹਮਲਾ ਕੀਤਾ ਸੀ।
ਇਸ ਦੇ ਨਾਲ ਹੀ ਵਿਦਰੋਹੀਆਂ ਨੇ ਲੋਗਰ ਪ੍ਰਾਂਤ ਦੀ ਰਾਜਧਾਨੀ ਦੇ ਪੁਲਿਸ ਸਟੇਸ਼ਨ 'ਤੇ ਹਮਲਾ ਕਰਨ ਦੀ ਵੀ ਜ਼ਿੰਮੇਵਾਰੀ ਲਈ।
ਇਸ ਦੌਰਾਨ ਅਮਰੀਕਾ ਨੇ ਪੁਸ਼ਟੀ ਕੀਤੀ ਕਿ ਹੈਲਮੰਡ ਪ੍ਰਾਂਤ ਵਿੱਚ ਵਿਦਰੋਹੀਆਂ ਦੀ ਕਾਰਵਾਈ ਵਿੱਚ "50 ਤੋਂ ਵੱਧ ਮੌਤਾਂ" ਹੋਈਆਂ।
ਜਨਰਲ ਨਿਕੋਲਸ ਨੇ ਇਸ ਦੀ ਤੁਲਨਾ ਕੋਲੰਬੀਆ ਨਾਲ ਕੀਤੀ ਜਿੱਥੇ 50 ਸਾਲਾਂ ਦੇ ਗ੍ਰਹਿ ਯੁੱਧ ਨੇ ਸ਼ਾਂਤੀ ਸੰਧੀ ਦਾ ਰੂਪ ਅਖ਼ਤਿਆਰ ਕੀਤਾ ਅਤੇ ਜਨਰਲ ਨਿਕੋਲਸ ਕਿਹਾ ਕਿ ਹਿੰਸਾ ਅਤੇ ਵਿਕਾਸ ਇੱਕੋ ਵੇਲੇ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ ਉਹ ਬਜਾਇ ਇਸ ਦੇ ਕਿ ਇਸ ਗੱਲਬਾਤ ਵਿੱਚ ਮੱਧ ਅਤੇ ਉੱਚ ਵਰਗ ਦੇ ਤਾਲਿਬਾਨੀ ਅਧਿਕਾਰੀ ਸ਼ਾਮਲ ਹੋਣਗੇ, ਇਸ ਤੋਂ ਇਲਾਵਾ ਹੋਰ ਅੰਕੜਿਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
ਫਰਵਰੀ ਵਿੱਚ ਗੱਲਬਾਤ ਬਾਰੇ ਕੀਤੀ ਪੇਸ਼ਕਸ਼ ਵਿੱਚ ਰਾਸ਼ਟਰਪਤੀ ਗਨੀ ਨੇ ਕਿਹਾ ਸੀ ਕਿ ਜੇਕਰ ਤਾਲਿਬਾਨੀ ਗੋਲੀਬੰਦੀ ਨੂੰ ਸਵੀਕਾਰਦੇ ਅਤੇ ਦੇਸ ਦੇ ਸੰਵਿਧਾਨ ਨੂੰ ਮਾਨਤਾ ਦੇਣ ਤਾਂ ਉਹ ਵੀ ਇੱਕ ਸਿਆਸੀ ਪਾਰਟੀ ਵਜੋਂ ਜਾਣੇ ਜਾ ਸਕਦੇ ਹਨ।
ਜਨਵਰੀ 'ਚ ਛਪੀ ਬੀਬੀਸੀ ਦੀ ਖੋਜ ਰਿਪੋਰਟ ਮੁਤਾਬਕ, ਸਾਲ 2014 ਵਿੱਚ ਜਦੋਂ ਵਿਦੇਸ਼ੀਆਂ ਫੌਜਾਂ ਨੇ ਅਫ਼ਗਾਨ ਛੱਡਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜ਼ਿਆਦਾਤਰ ਇਲਾਕਾ ਤਾਲਿਬਾਨੀਆਂ ਦੇ ਕਬਜ਼ੇ ਹੇਠ ਹੈ।
ਇਸ ਵਿੱਚ ਅੰਦਾਜ਼ਾ ਲਗਾਇਆ ਗਿਆ 15 ਮਿਲੀਅਨ ਤੋਂ ਵੱਧ (ਲਗਭਗ ਅੱਧੀ ਜਨ ਸੰਖਿਆ) ਇਸ ਇਲਾਕੇ ਵਿੱਚ ਰਹਿ ਰਹੀ ਸੀ ਜੋ ਜਾਂ ਤਾਂ ਤਾਲੀਬਾਨੀਆਂ ਦੇ ਪ੍ਰਭਾਵ ਹੇਠ ਸੀ ਜਾਂ ਜਿੱਥੇ ਤਾਲਿਬਾਨੀ ਉੱਥੇ ਖੁੱਲ੍ਹੇਆਮ ਮੌਜੂਦ ਹੁੰਦੇ ਸਨ ਅਤੇ ਲਗਾਤਾਰ ਹਮਲੇ ਕਰਦੇ ਸਨ।
ਇਸ ਮਹੀਨੇ ਕਾਬੁਲ ਵਿੱਚ ਤਾਲਿਬਾਨ ਅਤੇ ਆਈਐਸ ਵੱਲੋਂ ਕੀਤੇ ਗਏ ਵਿੱਚ ਹਮਲਿਆਂ ਦੌਰਾਨ ਕਈ ਮਾਰੇ ਗਏ ਸਨ। ਇਨ੍ਹਾਂ ਹਮਲਿਆਂ ਨਾਲ ਤਾਲਿਬਾਨ ਨੇ ਰਾਜਧਾਨੀ ਦੇ ਦਿਲ ਵਿੱਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਸੀ।
ਕੌਣ ਹਨ ਤਾਲਿਬਾਨੀ?
ਸੋਵੀਅਤ-ਅਫ਼ਗਾਨ ਯੁੱਧ ਤੋਂ ਬਾਅਦ 1996 ਵਿੱਚ ਅਫ਼ਗਾਨਿਸਤਾਨ ਵਿੱਚ ਕੱਟੜਪੰਥੀ ਇਸਲਾਮੀ ਤਾਲਿਬਾਨ ਸੱਤਾ ਵਿੱਚ ਆਇਆ ਅਤੇ 5 ਸਾਲ ਬਾਅਦ ਅਮਰੀਕਾ ਦੀ ਅਗਵਾਈ ਵਾਲੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਕੱਢ ਦਿੱਤਾ ਗਿਆ।

ਤਸਵੀਰ ਸਰੋਤ, Getty Images
ਸੱਤਾ ਦੌਰਾਨ ਉਨ੍ਹਾਂ ਨੇ ਸ਼੍ਰੀਆ ਕਾਨੂੰਨ ਦਾ ਇੱਕ ਭਿਆਨਕ ਰੂਪ ਲਾਗੂ ਕੀਤਾ ਗਿਆ ਜਿਵੇਂ ਕਿ ਜਨਤਕ ਸਜ਼ਾਵਾਂ ਤੇ ਅੰਗ ਕੱਟਣਾਂ ਅਤੇ ਔਰਤਾਂ ਦੇ ਜਨਤਕ ਜੀਵਨ 'ਤੇ ਪਾੰਬਦੀ ਲਾ ਦਿੱਤੀ ਗਈ।
ਪੁਰਸ਼ਾਂ ਨੂੰ ਦਾੜ੍ਹੀ ਵਧਾਉਣੀ ਲਾਜ਼ਮੀ ਹੋ ਗਈ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਢਕਣ ਵਾਲਾ ਬੁਰਕਾ ਪਾਉਣ ਲਈ ਕਿਹਾ ਗਿਆ। ਇਸ ਦੌਰਾਨ ਟੈਲੀਵਿਜ਼ਨ, ਸਿਨੇਮਾ ਅਤੇ ਸੰਗੀਤ 'ਤੇ ਪਾਬੰਦੀ ਸੀ।
ਉਨ੍ਹਾਂ ਨੇ ਪਹਿਲਾਂ ਅਲ-ਕਾਇਦਾ ਆਗੂਆਂ ਨੂੰ ਪਨਾਹ ਦਿੱਤੀ ਅਤੇ ਫੇਰ ਬਾਹਰ ਕੱਢ ਦਿੱਤਾ ਗਿਆ ਅਤੇ ਉਦੋਂ ਤੋਂ ਹੀ ਉੱਥੇ ਇੱਕ ਖ਼ੂਨੀ ਸੰਘਰਸ਼ ਚੱਲ ਰਿਹਾ ਹੈ ਜੋ ਅੱਜ ਵੀ ਜਾਰੀ ਹੈ।
ਸਾਲ 2016 ਵਿੱਚ ਅਫ਼ਗਾਨ ਵਿੱਚ ਹੋਣ ਵਾਲੀਆਂ ਮੌਤਾਂ ਨੇ ਇੱਕ ਉੱਚ ਅੰਕੜਾ ਪਾਰ ਕਰ ਲਿਆ ਅਤੇ ਸੰਯੁਕਤ ਰਾਸ਼ਟਰ ਮੁਤਾਬਕ ਇਸ ਦਾ ਜ਼ਿੰਮੇਵਾਰ ਤਾਲਿਬਾਨ ਮੰਨਿਆ ਜਾਂਦਾ ਹੈ।













