ਸਟੀਲ 'ਤੇ ਟਰੰਪ ਦੇ ਫ਼ੈਸਲੇ ਕਾਰਨ ਭਖੇ ਉਨ੍ਹਾਂ ਦੇ ਦੋਸਤ

ਇਮੈਨਿਊਲ ਮੈਕਰੋਂ ਅਤੇ ਡੌਨਲਡ ਟਰੰਪ

ਤਸਵੀਰ ਸਰੋਤ, Alex Wong/Getty Images

ਅਮਰੀਕਾ ਦੇ ਖਾਸ ਮਿੱਤਰ ਦੇਸਾਂ ਨੇ ਉਸ ਨੂੰ ਚੇਤਾਇਆ ਹੈ ਕਿ ਉਨ੍ਹਾਂ ਵੱਲੋਂ ਟਰੰਪ ਪ੍ਰਸ਼ਾਸਲ ਵੱਲੋਂ ਸਟੀਲ ਤੇ ਅਲਮੀਨੀਅਮ ਤੇ ਲਗਾਈ ਇੰਪੋਰਟ ਡਿਊਟੀ ਦਾ ਜਵਾਬ ਦਿੱਤਾ ਜਾਵੇਗਾ।

ਅਮਰੀਕੀ ਪ੍ਰਸ਼ਾਸਨ ਵੱਲੋਂ ਕੈਨੇਡਾ, ਮੈਕਸਿਕੋ ਅਤੇ ਯੂਰਪੀਅਨ ਯੂਨੀਅਨ ਤੋਂ ਆਉਂਦੇ ਸਾਮਾਨ 'ਤੇ ਨਵੀਂ ਇੰਪੋਰਟ ਡਿਊਟੀ ਨੂੰ ਲਗਾ ਦਿੱਤੀ ਹੈ।

ਇਨ੍ਹਾਂ ਸਾਰਿਆਂ ਦੇਸਾਂ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਸਾਮਾਨ ਜਿਵੇਂ ਹਾਰਲੇ ਡਿਵਿਡਸਨ ਬਾਈਕ ਤੋਂ ਲੈ ਕੇ ਓਰੈਂਜ ਜੂਸ ਤੱਕ, ਸਾਰਿਆਂ 'ਤੇ ਇੰਪੋਰਟ ਡਿਊਟੀ ਲਾਉਣਗੇ।

steel

ਤਸਵੀਰ ਸਰੋਤ, Getty Images

ਯੂਰਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਦੇ ਮੁਖੀ ਫੈਡਰਿਕਾ ਮੋਘੇਰਿਨੀ ਨੇ ਕਿਹਾ ਹੈ ਕਿ ਇਸ ਨੂੰ ਟਰੇਡ ਵਾਰ ਵਜੋਂ ਨਾ ਦੇਖਿਆ ਜਾਵੇ ਪਰ ਇਹ ਕਦਮ ਹਿੱਤਾਂ ਦੀ ਰਾਖੀ ਲਈ ਚੁੱਕਿਆ ਗਿਆ ਹੈ।

ਟਰੰਪ ਦੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਵੀ ਦਰਆਮਰਦਗੀ ਕਰ ਵਧਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਅਮਰੀਕੀ ਗਾਹਕਾਂ ਤੇ ਨੌਕਰੀਆਂ ਤੇ ਮਾੜਾ ਅਸਰ ਪਵੇਗਾ

ਕਿੰਨੀ ਵਧਾਈ ਇੰਪੋਰਟ ਡਿਊਟੀ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੇਡ ਵਾਰ ਵਿੱਚ ਇੱਕ ਹੋਰ ਮੋਰਚਾ ਖੋਲ੍ਹ ਦਿੱਤਾ ਹੈ।ਟਰੰਪ ਨੇ ਸਟੀਲ ਅਤੇ ਅਲਮੀਨੀਅਮ ਉੱਤੇ ਇਪੋਰਟ ਡਿਊਟੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ।

ਮਤਲਬ ਇਹ ਕਿ ਅਮਰੀਕੀ ਕੰਪਨੀਆਂ ਹੁਣ ਵਿਦੇਸ਼ਾਂ ਦੇ ਸਸਤੇ ਸਟੀਲ ਦਾ ਫਾਇਦਾ ਨਹੀਂ ਚੁੱਕ ਸਕਣਗੀਆਂ।

ਟਰੰਪ ਨੇ ਸਟੀਲ ਉੱਤੇ 25 ਫੀਸਦ ਅਤੇ ਐਲੂਮੀਨੀਅਮ ਉੱਤੇ 10 ਫੀਸਦ ਦੀ ਇੰਪੋਰਟ(ਦਰਾਮਦ) ਡਿਊਟੀ ਲਗਾਈ ਹੈ।

ਅਮਰੀਕਾ ਦੇ ਇਸ ਫੈਸਲੇ ਦਾ ਯੂਰਪੀ ਯੂਨੀਅਨ, ਮੈਕਸੀਕੋ ਅਤੇ ਕੈਨੇਡਾ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਦੋਹਾਂ ਆਰਥਿਕ ਸ਼ਕਤੀਆਂ ਅਮਰੀਕਾ ਤੇ ਚੀਨ ਦੇ ਸੰਬੰਧ ਹੋਰ ਖਰਾਬ ਹੋ ਸਕਦੇ ਹਨ।

ਇਸ ਟੈਰਿਫ਼ ਦੀਆਂ ਦਰਾਂ ਸ਼ੁੱਕਰਵਾਰ ਤੋਂ ਲਾਗੂ ਹੋ ਜਾਣਗੀਆਂ।

ਟਾਟਾ ਸਟੀਲ ਨੇ ਕੀ ਕਿਹਾ?

ਭਾਰਤ ਅਮਰੀਕਾ ਨੂੰ ਸਟੀਲ ਤਾਂ ਘਟ-ਵਧ ਹੀ ਭੇਜਦਾ ਪਰ ਇਸ ਨਾਲ ਭਾਰਤ ਦੀ ਅਲਮੀਨੀਅਮ ਸਨਅਤ ਪ੍ਰਭਾਵਿਤ ਹੋਵੇਗੀ।

ਭਾਰਤੀ ਸਟੀਲ ਕੰਪਨੀ ਟਾਟਾ ਦੀ ਬਰਤਾਨਵੀਂ ਇਕਾਈ ਨੇ ਅਮਰੀਕਾ ਵੱਲੋਂ ਯੂਰਪੀ ਸਟੀਲ ਤੇ ਲਾਈ ਜਾ ਰਹੀ 25 ਫ਼ੀਸਦੀ ਚੂੰਗੀ ਦੇ ਜਵਾਬ ਵਿੱਚ ਯੂਰਪੀਅਨ ਯੂਨੀਅਨ ਨੂੰ ਫੌਰੀ ਅਤੇ ਸਖਤ ਕਦਮ ਚੁੱਕਣ ਲਈ ਬੇਨਤੀ ਕੀਤੀ ਹੈ।

ਟਾਟਾ ਸਟੀਲ ਦਾ ਯੂਕੇ ਪੋਰਟ ਟੈਲਬੋਟ ਵਿੱਚ ਇੱਕ ਸਟੀਲ ਉਤਪਾਦਨ ਪਲਾਂਟ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਟਾ ਸਟੀਲ ਦਾ ਯੂਕੇ ਪੋਰਟ ਟੈਲਬੋਟ ਵਿੱਚ ਇੱਕ ਸਟੀਲ ਉਤਪਾਦਨ ਪਲਾਂਟ - ਇਸ ਟੈਰਿਫ ਨਾਲ ਪ੍ਰਭਾਵਿਤ ਹੋਵੇਗਾ।

ਯੂਰਪ ਵਿੱਚ ਟਾਟਾ ਸਟੀਲ ਦੇ ਚੀਫ਼ ਕਮਰਸ਼ੀਅਲ ਅਫਸਰ ਹੈਨਰਿਕ ਐਡਮ ਨੇ ਕਿਹਾ, "ਅਸੀਂ ਉਤਪਾਦਾਂ ਨੂੰ ਸੰਭਾਵੀ ਤੌਰ 'ਤੇ ਬਾਹਰ ਰੱਖੇ ਜਾਣ ਦੇ ਸਮਲੇ 'ਤੇ ਆਪਣੇ ਗਾਹਕਾਂ ਨਾਲ ਮਿਲ ਕੇ ਕੰਮ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ ਕਿਉਂਕਿ ਜਿਹੜੇ ਉਤਪਾਦ ਟਾਟਾ ਸਟੀਲ ਅਮਰੀਕਾ ਨੂੰ ਭੇਜਾਦਾ ਹੈ ਉਹ ਅਮਰੀਕੀ ਸਟੀਲ ਕੰਪਨੀਆਂ ਵੱਲੋਂ ਨਹੀਂ ਬਣਾਏ ਜਾ ਸਕਦੇ। ਜਿਵੇਂ ਕਿ- ਵੱਡੇ ਪਨ੍ਹੇ ਦੀ ਸ਼ੀਟ ਅਤੇ ਬੈਟਰੀਆਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਅਤੇ ਕੁਝ ਕਿਸਮ ਦੀ ਪੈਕੇਜਿੰਗ ਸਟੀਲ।"

ਟਾਟਾ ਸਟੀਲ ਦਾ ਯੂਕੇ ਦੇ ਪੋਰਟ ਟੈਲਬੋਟ ਵਿੱਚ ਇੱਕ ਸਟੀਲ ਉਤਪਾਦਨ ਪਲਾਂਟ ਹੈ ਜੋ ਕਿ ਉੱਥੇ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਹੈ। ਯੂਰਪ ਤੋਂ ਅਮਰੀਕਾ ਜਾਣ ਵਾਲੇ ਸਟੀਲ ਦਾ 10 ਫ਼ੀਸਦੀ ਸਟੀਲ ਇੱਥੇ ਹੀ ਬਣਾਇਆ ਜਾਂਦਾ ਹੈ। ਬਰਤਾਨੀਆ ਵਿੱਚ ਟਾਟਾ ਦੇ 7000 ਮੁਲਾਜ਼ਮ ਹਨ।

ਬਰਤਾਨੀਆ ਦੀ ਸਟੀਲ ਉਤਪਾਦਕਾਂ ਦੀ ਸੰਸਥਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਸ ਕਦਮ ਨਾਲ ਬਰਆਮਦ ਵਿੱਚ ਕਮੀ ਆਵੇਗੀ ਅਤੇ ਨੌਕਰੀਆਂ ਖੁੱਸ ਸਕਦੀਆਂ ਹਨ।

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਤੇ ਯੂਰਪੀਅਨ ਯੂਨੀਅਨ ਸਭ ਤੋਂ ਵੱਧ ਸਟੀਲ ਅਤੇ ਅਲਮੀਨੀਅਮ ਅਮਰੀਕਾ ਨੂੰ ਭੇਜਦੇ ਹਨ

ਅਮਰੀਕਾ ਨੇ ਕੀ ਕਿਹਾ?

ਅਮਰੀਕਾ ਨੇ ਵੀ ਆਪਣੇ ਕਦਮ ਨੂੰ ਸਹੀ ਠਹਿਰਾਉਣ ਲਈ ਤਰਕ ਦਿੱਤੇ ਹਨ।

ਅਮਰੀਕਾ ਦਾ ਕਹਿਣਾ ਹੈ, ''ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਕ ਕੌਮੀ ਸੁਰੱਖਿਆ ਲਈ ਅਹਿਮ ਹਨ ਅਤੇ ਵਿਦੇਸ਼ ਤੋਂ ਮਿਲਣ ਵਾਲੀ ਸਟੀਲ ਸਪਲਾਈ ਤੋਂ ਅਮਰੀਕਾ ਨੂੰ ਖ਼ਤਰਾ ਹੈ।''

'ਕੈਨੇਡਾ, ਅਮਰੀਕਾ ਦੀ ਸੁਰੱਖਿਆ ਲਈ ਖ਼ਤਰਨਾਕ?'

ਫਰਾਂਸੀਸੀ ਪ੍ਰਧਾਨ ਮੰਤਰੀ ਅਮੈਨੂਏਲ ਮੈਕਰੌਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਫੋਨ ਕਰਕੇ ਕਿਹਾ ਕਿ ਪਾਬੰਦੀਆਂ ਲਾਉਣ ਦਾ ਅਮਰੀਕੀ ਕਦਮ ਗੈਰ-ਕਾਨੂੰਨੀ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ, "ਕੈਨੇਡਾ ਕਿਸ ਤਰ੍ਹਾਂ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ ਇਹ ਗੱਲ ਸੰਘੋਂ ਨਹੀਂ ਉੱਤਰਦੀ।"

ਕੈਨੇਡਾ ਨੇ ਕਿਹਾ ਹੈ ਕਿ ਉਹ ਵੀ ਅਮਰੀਕਾ ਤੋਂ ਹੋਣ ਵਾਲੀ 13000 ਕਰੋੜ ਡਾਲਰ ਦੀ ਦਰਾਮਦ 'ਤੇ 1 ਜੁਲਾਈ ਤੋਂ 25 ਫੀਸਦੀ ਚੂੰਗੀ (ਇੰਪੋਰਟ ਡਿਊਟੀ) ਲਾਵੇਗਾ। ਇਨ੍ਹਾਂ ਵਸਤੂਆਂ ਵਿੱਚ ਅਮਰੀਕੀ ਸਟੀਲ ਦੇ ਨਾਲ-ਨਾਲ ਵਿਸਕੀ, ਕਾਫੀ ਅਤੇ ਹੋਰ ਵਸਤਾਂ ਸ਼ਾਮਲ ਹਨ।

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਕੈਨੇਡਾ, ਮੈਕਸਿਕੋ ਅਤੇ ਯੂਰਪੀ ਯੂਨੀਅਨ ਅਮਰੀਕਾ ਨੂੰ ਸਪਲਾਈ ਹੋਣ ਵਾਲੇ ਸਟੀਲ ਦੇ ਵੱਡੇ ਹਿੱਸੇਦਾਰ ਹਨ।

ਬਰਤਾਨੀਆ ਨੇ ਕਿਹਾ ਹੈ ਕਿ ਅਮਰੀਕਾ ਦੇ ਇਸ ਫੈਸਲੇ ਨਾਲ ਬਰਤਾਨਵੀ ਸਟੀਲ ਸਨਅਤ 'ਤੇ ਤਾਂ ਅਸਰ ਪਵੇਗਾ ਹੀ ਪਰ ਅਮਰੀਕੀ ਅਰਥਚਾਰਾ ਵੀ ਇਸ ਤੋਂ ਬਚਿਆ ਨਹੀਂ ਰਹੇਗਾ।

ਭਾਰਤ ਉੱਤੇ ਅਸਰ ਹੋਵੇਗਾ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਟੀਲ ਅਤੇ ਅਲਮੀਨੀਅਮ ਉੱਤੇ ਇੰਪੋਰਟ ਡਿਊਟੀ ਲਗਾਉਣ ਨਾਲ ਭਾਰਤੀ ਕੰਪਨੀਆਂ ਨੂੰ ਘਾਟਾ ਤਾਂ ਹੋਵੇਗਾ ਪਰ ਚੀਨ ਅਤੇ ਬ੍ਰਾਜ਼ੀਲ ਵਰਗੇ ਮੁਲਕਾਂ ਨਾਲੋਂ ਘੱਟ।

ਅਮਰੀਕਾ ਨੂੰ ਅਲਮੀਨੀਅਮ ਅਤੇ ਸਟੀਲ ਦੇ ਕੁੱਲ ਦਰਾਮਦ ਵਿੱਚ ਭਾਰਤ ਦੀ ਹਿੱਸੇਦਾਰੀ ਤਕਰੀਬਨ 3 ਫੀਸਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)