ਪਿਸ਼ਾਵਰ 'ਚ ਵੱਡੇ ਸਿੱਖ ਆਗੂ ਦਾ ਕਤਲ: 'ਪਸ਼ਤੋ ਸਿੱਖ ਆਪਣੇ ਪੁਰਖਿਆਂ ਦੇ ਮੁਲਕ 'ਚ ਸੁਰੱਖਿਅਤ ਨਹੀਂ'

ਉਹ ਸਿੱਖ ਸੀ, ਆਪਣੀ ਦੁਕਾਨ 'ਤੇ ਬੈਠਾ ਸੀ ... ਅਤੇ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।

ਪਿਸ਼ਾਵਰ ਸ਼ਹਿਰ ਦੇ ਇਨਕਲਾਬ ਥਾਣੇ ਦੇ ਕੋਹਾਟ ਰੋਡ 'ਤੇ ਜਿਸ ਸਿੱਖ ਨੂੰ ਗੋਲੀ ਮਾਰੀ ਗਈ, ਉਸ ਦਾ ਨਾਂ ਚਰਨਜੀਤ ਸਿੰਘ ਸੀ

ਪਿਸ਼ਾਵਰ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਇਹ ਵਾਰਦਾਤ ਮੰਗਲਵਾਰ ਨੂੰ ਸ਼ਹਿਰ ਦੇ ਸਕੀਮ ਚੌਕ ਦੇ ਨੇੜੇ ਹੋਈ ਸੀ।

ਚਰਨਜੀਤ ਸਿੰਘ ਦੀ ਪਛਾਣ ਇਕ ਆਮ ਪਿਸ਼ਾਵਰੀ ਵਾਲੀ ਨਹੀਂ ਸੀ। ਉਹ ਇਕ ਸੋਸ਼ਲ ਵਰਕਰ ਸਨ ਅਤੇ ਖੈਬਰ ਪਖਤੂਨਖਵਾ ਵਿਚ ਘੱਟ ਗਿਣਤੀਆਂ ਲਈ ਕੰਮ ਕਰਦੇ ਸਨ।

ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਗੋਲੀਬਾਰੀ ਕਰਨ ਤੋਂ ਬਾਅਦ ਮੌਕਾ-ਏ-ਵਾਰਦਾਤ ਤੋਂ ਫਰਾਰ ਹੋ ਗਏ।

ਚਰਨਜੀਤ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਪੁਲਿਸ ਨੇ ਇਸ ਵਾਰਦਾਤ ਦਾ ਕੇਸ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨ 'ਚ ਸਿੱਖਾਂ ਵਿਰੁੱਧ ਹਿੰਸਾ

ਅਪ੍ਰੈਲ 2014 ਦੌਰਾਨ ਖੈਬਰ ਪਖ਼ਤੂਨਖਵਾ ਵਿੱਚ ਸਿੱਖਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਸੀ। ਇਸ ਸਬੰਧ ਵਿਚ ਬੀਬੀਸੀ ਦੇ ਪੱਤਰਕਾਰ ਰਿਫ਼ਤੁੱਲ੍ਹਾ ਔਰਕਜ਼ੇਈ ਨੇ ਪਿਸ਼ਾਵਰ ਦੇ ਸਿੱਖ ਇਲਾਕੇ ਦੇ ਜੋਗਨਸ਼ਾਹ ਗੁਰਦੁਆਰੇ ਵਿਚ ਉਦੋਂ ਚਰਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ।

ਉਦੋਂ ਚਰਨਜੀਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ, "ਪਾਕਿਸਤਾਨ ਸਾਡਾ ਦੇਸ਼ ਹੈ, ਸਾਡੇ ਪੂਰਵਜ ਇੱਥੇ ਰਹਿੰਦੇ ਸਨ, ਖੈਬਰ ਪਖਤੂਨਖਵਾ ਦਾ ਕਬਾਇਲੀ ਖੇਤਰ ਸਾਡਾ ਆਪਣਾ ਘਰ ਹੈ, ਅਸੀਂ ਇੱਥੇ ਹੀ ਵੱਡੇ ਹੋਏ ਹਾਂ, ਇਹ ਸਾਡੀ ਆਪਣੀ ਭੂਮੀ ਹੈ, ਪਰ ਸਾਨੂੰ ਇੱਥੇ ਅਫ਼ਸੋਸ ਹੈ ਕਿ ਸਾਡੇ ਨਾਲ ਬਹੁਤ ਮਾੜਾ ਵਿਵਹਾਰ ਹੋ ਰਿਹਾ ਹੈ। "

"ਅਸੀਂ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਾਂ ਕਿ ਅਸੀਂ ਕਿਸੇ ਹੋਰ ਦੇਸ਼ ਤੋਂ ਭੱਜ ਕੇ ਨਹੀਂ ਆਏ , ਅਸੀਂ ਇਸੇ ਦੇਸ਼ ਦੇ ਵਾਸੀ ਹਾਂ ਅਤੇ ਸਾਡੀ ਜੀਣਾ-ਮਰਨਾ ਇੱਥੇ ਵੀ ਹੋਵੇਗਾ ।"

ਸੋਸ਼ਲ ਮੀਡੀਆ ਉੱਤੇ ਪ੍ਰਤੀਕਰਮ

ਚਰਨਜੀਤ ਸਿੰਘ ਦੀ ਮੌਤ ਉੱਤੇ ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਵਿਚ ਲੋਕ ਸੋਸ਼ਲ ਮੀਡੀਆ ਉੱਤੇ ਅਫ਼ਸੋਸ ਪ੍ਰਗਟਾ ਰਹੇ ਹਨ। ਪਾਕਿਸਤਾਨੀ ਪੱਤਰਕਾਰ ਸ਼ਿਰਾਜ਼ ਹੂਸੈਨ ਨੇ ਚਰਨਜੀਤ ਸਿੰਘ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਚਰਨਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਜਾਣੇ-ਪਛਾਣੇ ਵਿਦਵਾਨ ਤਾਰੇਕ ਫਤਹਿ ਨੇ ਲਿਖਿਆ ਹੈ,'ਚਰਨਜੀਤ ਸਿੰਘ ਪਸ਼ਤੂਨ ਸਿੱਖਾਂ ਦੇ ਆਗੂ ਸਨ ਅਤੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਟਵਿੱਟਰ ਹੈਂਡਲਰ maXes ਨੇ ਲਿਖਿਆ ਹੈ ਕਿ ਚਰਨਜੀਤ ਸਿੰਘ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਕਾਤਲ ਨਰਕ ਦੀ ਅੱਗ ਵਿੱਚ ਸੜਨ।

ਪਿਸ਼ਾਵਰ ਵਿਚ ਸੀਨੀਅਰ ਪੱਤਰਕਾਰ ਰਹਿਮੁੱਲਾ ਯੂਸਫਜ਼ਈ ਨੇ ਟਵੀਟ ਕੀਤਾ, "ਅਸੀਂ ਖੈਬਰ ਪਖਤੂਨਖਵਾ ਅਤੇ ਫ਼ਾਟਾ ਦੇ ਲੋਕਾਂ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਹਮੇਸ਼ਾ ਕਹਿੰਦੇ ਹਾਂ ਕਿ ਸਿੱਖ ਤਿਰਾਹ ਘਾਟੀ ਵਰਗੇ ਬਿਆਬਾਨ ਇਲਾਕੇ ਵਿੱਚ ਵੀ ਸੁਰੱਖਿਅਤ ਹਨ। ਚਰਨਜੀਤ ਦੀ ਮੌਤ ਦੇ ਕਤਲ ਦੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪਸ਼ਤੋ ਸਿੱਖ ਬੋਲਣ ਵਾਲੇ ਲੋਕ ਹੁਣ ਆਪਣੇ ਬਜ਼ੁਰਗਾਂ ਦੇ ਦੇਸ਼ ਵਿਚ ਸੁਰੱਖਿਅਤ ਨਹੀਂ ਹਨ। "

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)