ਪਾਕਿਸਤਾਨ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ ਅਮਰਜੀਤ ਸਿੰਘ ਆਇਆ ਭਾਰਤ ਵਾਪਸ

ਪਾਕਿਸਤਾਨ ਵੱਲੋਂ ਲਾਪਤਾ ਹੋਏ ਪੰਜਾਬ ਦੇ ਨੌਜਵਾਨ ਅਮਰਜੀਤ ਸਿੰਘ ਅਟਾਰੀ ਵਿਖੇ ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਆ ਗਿਆ ਹੈ।

ਅੰਮ੍ਰਿਤਸਰ ਸਥਿਤ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ ਦਸਿਆ ਕਿ ਅਮਰਜੀਤ ਭਾਰਤ ਵਾਪਸ ਆ ਗਿਆ ਹੈ।

ਉਸ ਨੂੰ ਤੋਹਫ਼ੇ ਵੀ ਦਿੱਤੇ ਗਏ ਹਨ। ਉਸ ਨੂੰ ਗੁਰੂ ਗੋਬਿੰਦ ਸਿੰਘ ਦੀ ਫੋਟੋ ਅਤੇ ਸਿਰੋਪਾ ਦਿੱਤਾ ਗਿਆ।

ਰੌਬਿਨ ਨੇ ਕਿਹਾ ਕਿ ਸਰਹੱਦ ਪਾਰ ਕਰਦੇ ਹੋਏ ਉਸ ਦੇ ਹੱਥ ਵਿੱਚ ਪੋਸਟਰ ਸੀ ਜਿਸ ਵਿੱਚ ਪਾਕਿਸਤਾਨ ਦੇ ਧੰਨਵਾਦ ਕੀਤਾ ਗਿਆ ਸੀ।

ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਸ਼ੇਖੂਪੁਰਾ ਇਲਾਕੇ ਵਿੱਚ ਮੌਜੂਦ ਸੀ ਅਤੇ ਉਸ ਨੂੰ ਮੰਗਲਵਾਰ ਨੂੰ ਵਾਘਾ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ।

24 ਸਾਲਾ ਅਮਰਜੀਤ ਸਿੰਘ ਵਿਸਾਖੀ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ 'ਚ ਸ਼ਾਮਿਲ ਸੀ ਅਤੇ ਅਚਾਨਕ ਲਾਪਤਾ ਹੋ ਗਿਆ ਸੀ।

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਇਸਲਾਮਾਬਾਦ ਤੋਂ ਫੋਨ 'ਤੇ ਰਵਿੰਦਰ ਸਿੰਘ ਰੌਬਿਨ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰਜੀਤ ਸਿੰਘ ਨੂੰ ਲਭ ਲਿਆ ਗਿਆ ਹੈ।

ਫੇਸਬੁੱਕ ਰਾਹੀਂ ਹੋਈ ਸੀ ਦੋਸਤੀ

ਪਾਕਿਸਤਾਨ ਦੇ ਅਧਿਕਾਰਤ ਸੂਤਰਾਂ ਨੇ ਅੰਮ੍ਰਿਤਸਰ ਦੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, ''ਅਮਰਜੀਤ ਆਪਣੇ ਫੇਸਬੁੱਕ ਮਿੱਤਰ ਅਮੀਰ ਰਜ਼ਾਕ ਨੂੰ ਮਿਲਣ ਲਈ ਨਨਕਾਣਾ ਸਾਹਿਬ ਤੋਂ ਜਥੇ ਵਿੱਚੋਂ ਲਾਪਤਾ ਹੋ ਗਿਆ ਸੀ।

ਅਮਰਜੀਤ ਸਿੰਘ ਦੀ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਅਮੀਰ ਰਜ਼ਾਕ ਨਾਲ ਫੇਸਬੁੱਕ ਰਾਹੀਂ ਸਾਂਝ ਪਈ ਸੀ।''

ਸੂਤਰਾਂ ਮੁਤਾਬਕ, ''ਉਹ 12 ਅਪ੍ਰੈਲ ਨੂੰ ਸਿੱਖ ਜਥੇ ਨਾਲ ਪਾਕਿਸਤਾਨ ਰਵਾਨਾ ਹੋਇਆ ਅਤੇ ਨਨਕਾਣਾ ਸਾਹਿਬ ਪਹੁੰਚਣ 'ਤੇ ਅਮੀਰ ਰਜ਼ਾਕ ਨੂੰ ਫ਼ੋਨ ਕੀਤਾ ਜਿਸ ਨੇ ਉਸ ਨੂੰ ਸ਼ੇਖੂਪੁਰਾ ਆਉਣ ਨੂੰ ਕਿਹਾ।''

ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, ''ਅਮਰਜੀਤ ਨੇ ਅਮੀਰ ਰਜ਼ਾਕ ਨੂੰ ਦੱਸਿਆ ਕਿ ਸ਼ੇਖੂਪੁਰਾ ਲਈ ਉਸ ਦਾ ਵੀਜ਼ਾ ਪਾਸ ਹੋਇਆ ਹੈ ਅਤੇ ਨਾਲ ਹੀ ਤਿੰਨ ਮਹੀਨੇ ਲਈ ਪਾਕਿਸਤਾਨ ਰਹਿਣ ਲਈ ਉਸ ਕੋਲ ਵੀਜ਼ਾ ਹੈ। ''

''ਅਮਰਜੀਤ ਬਾਰੇ ਅਮੀਰ ਰਜ਼ਾਕ ਨੇ ਅਖ਼ਬਾਰਾਂ 'ਚ ਉਸ ਦੀਆਂ ਤਸਵੀਰਾਂ ਦੇਖ ਕੇ ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰੋਪਰਟੀ ਬੋਰਡ (PETPB) ਨੂੰ ਦਸਿਆ। ''

'ਤਿੰਨ ਮਹੀਨੇ ਪਹਿਲਾਂ ਮਲੇਸ਼ੀਆ ਤੋਂ ਪਰਤਿਆ ਸੀ'

ਜਦੋਂ ਅਮਰਜੀਤ 21 ਅਪਰੈਲ ਨੂੰ ਜਥੇ ਨਾਲ ਵਾਪਸ ਨਹੀਂ ਆਇਆ ਤਾਂ ਅੰਮ੍ਰਿਤਸਰ ਵਿੱਚ ਉਸਦੇ ਭਰਾ ਨੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਸੀ ਕਿ ਅਮਰਜੀਤ ਮਲੇਸ਼ੀਆ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਮਹਿਨੇ ਪਹਿਲਾਂ ਹੀ ਪਿੰਡ ਪਰਤਿਆ ਸੀ ਅਤੇ ਪਰਿਵਾਰ ਦੀ ਖੇਤੀਬਾੜੀ ਵਿੱਚ ਮਦਦ ਕਰਵਾ ਰਿਹਾ ਸੀ।

ਅਮਰਜੀਤ ਦੇ ਭਰਾ ਮੁਤਾਬਕ, ''ਕਿਸੇ ਹੋਰ ਮੁਲਕ ਦਾ ਵੀਜ਼ਾ ਮਿਲਣ ਤੋਂ ਪਹਿਲਾਂ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ।''

ਅਮਰਜੀਤ ਸ਼ਰਧਾਲੂਆਂ ਦੇ ਜਥੇ ਨਾਲ 12 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ ਉਸਦਾ ਵੀ ਵੀਜ਼ਾ 21 ਅਪ੍ਰੈਲ ਤੱਕ ਹੀ ਸੀ।

ਉਸਦੇ ਭਰਾ ਪ੍ਰਭਜੋਤ ਨੇ ਦੱਸਿਆ ਸੀ, "ਅਮਰਜੀਤ ਨੇ 12 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਣ ਬਾਰੇ ਫੋਨ ਕੀਤਾ ਸੀ। ਅਸੀਂ ਉਸਨੂੰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇੰਟਰਨੈੱਟ ਕੁਨੈਕਸ਼ਨ ਨਾ ਹੋਣ ਕਾਰਨ ਗੱਲ ਨਹੀਂ ਹੋਈ। ਪਰਿਵਾਰ ਨੂੰ ਲੱਗਾ ਕਿ ਅਮਰਜੀਤ ਧਾਰਮਿਕ ਯਾਤਰਾ ਵਿੱਚ ਵਿਅਸਤ ਹੈ ਇਸ ਲਈ ਫ਼ੋਨ ਨਹੀਂ ਕਰ ਰਿਹਾ।''

ਇਸ ਤੋਂ ਪਹਿਲਾਂ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਪਾਕਿਸਤਾਨ ਵਿੱਚ ਇੱਕ ਸ਼ਖਸ ਨਾਲ ਨਿਕਾਹ ਕਰਾ ਲਿਆ ਅਤੇ ਵਾਪਸ ਨਹੀਂ ਪਰਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)