You’re viewing a text-only version of this website that uses less data. View the main version of the website including all images and videos.
ਬਹਾਦੁਰ 'ਸਪਾਈਡਰਮੈਨ' ਨੂੰ ਫਰਾਂਸ ਨੇ ਬਣਾਇਆ ਨਾਗਰਿਕ
ਚੌਥੀ ਮੰਜ਼ਿਲ ਦੀ ਬਾਲਕੌਨੀ ਤੋਂ ਲਟਕ ਰਹੇ ਇੱਕ ਬੱਚੇ ਨੂੰ ਬਚਾਉਣ ਵਾਲੇ ਮਾਲੀ ਦੇਸ ਦੇ ਨੌਜਵਾਨ ਨੂੰ ਫਰਾਂਸ ਦੀ ਸਰਕਾਰ ਵੱਲੋਂ ਨਾਗਰਿਕਤਾ ਦਿੱਤੀ ਗਈ ਹੈ।
ਫਰਾਂਸ ਦੇ ਰਾਸ਼ਰਪਤੀ ਇਮੈਨਉਲ ਮੈਕਰੋਂ ਨੇ ਬਹਾਦੁਰ ਨੌਜਵਾਨ ਮਾਮੌਦਓ ਗਸਾਮਾ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਫਰਾਂਸ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ।
ਪੈਰਿਸ ਵਿੱਚ ਬੱਚੇ ਨੂੰ ਬਚਾਉਂਦੇ ਹੋਏ ਮਾਮੌਦਓ ਗਸਾਮਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਉਹ ਇੱਕ ਬਾਲਕੌਨੀ ਤੋਂ ਦੂਜੀ ਬਾਲਕੌਨੀ ਵਿੱਚ ਛਲਾਂਗਾਂ ਮਾਰਦਾ ਹੈ ਅਤੇ ਚਾਰ ਸਾਲਾ ਬੱਚੇ ਨੂੰ ਬਚਾ ਲੈਂਦਾ ਹੈ। ਉਸ ਦੇ ਪਹੁੰਚਣ ਤੱਕ ਨਾਲ ਵਾਲੇ ਫਲੈਟ ਦੇ ਗੁਆਂਢੀ ਬੱਚੇ ਨੂੰ ਫੜ੍ਹੀ ਰਖਦੇ ਹਨ।
ਰਾਸ਼ਟਰਪਤੀ ਵੱਲੋਂ ਸੱਦਾ
ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਨਿੱਜੀ ਤੌਰ 'ਤੇ ਧੰਨਵਾਦ ਕਰਨ ਲਈ ਗਸਾਮਾ ਨੂੰ ਐਲੀਜ਼ੇ ਪੈਲੇਸ ਵਿੱਚ ਸੱਦਿਆ ਹੈ।
ਪੈਰਿਸ ਦੀ ਮੇਅਰ ਅਨੇ ਹਿਦਾਲਗੋ ਨੇ ਵੀ 22 ਸਾਲਾ ਨੌਜਵਾਨ ਦੇ ਕਾਰਨਾਮੇ ਦੀ ਸ਼ਲਾਘਾ ਕੀਤੀ ਹੈ ਅਤੇ ਧੰਨਵਾਦ ਕਰਨ ਲਈ ਉਸ ਨੂੰ ਬੁਲਾਇਆ ਹੈ।
ਉਨ੍ਹਾਂ ਗਸਾਮਾ ਨੂੰ '18ਵਾਂ ਸਪਾਈਡਰਮੈਨ' ਕਿਹਾ ਹੈ।
ਹਿਦਾਲਗੋ ਨੇ ਟਵੀਟ ਕੀਤਾ, "ਮਮੌਦਓ ਗਸਾਮਾ, ਬੱਚੇ ਦੀ ਜਾਨ ਬਚਾਉਣ ਲਈ ਬਹਾਦਰੀ ਦਿਖਾਉਣ ਵਾਸਤੇ ਵਧਾਈ ਹੋਵੇ।"
"ਉਸ ਨੇ ਮੈਨੂੰ ਦੱਸਿਆ ਕਿ ਉਹ ਮਾਲੀ ਤੋਂ ਇੱਥੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਜ਼ਿੰਦਗੀ ਸੰਵਾਰਨ ਲਈ ਆਇਆ ਹੈ।"
"ਮੈਂ ਉਸ ਨੂੰ ਕਿਹਾ ਕਿ ਉਸ ਦਾ ਹੀਰੋ ਵਾਲਾ ਕਾਰਨਾਮਾ ਸਾਰੇ ਨਾਗਰਿਕਾਂ ਲਈ ਇੱਕ ਉਦਾਹਰਣ ਹੈ ਅਤੇ ਪੈਰਿਸ ਦੇ ਲੋਕ ਫਰਾਂਸ ਵਿੱਚ ਘਰ ਵਸਾਉਣ ਲਈ ਉਸ ਦੀ ਮਦਦ ਕਰਨਗੇ।"
ਕਿਵੇਂ ਬਚਾਇਆ ਬੱਚਾ?
ਇਹ ਸਭ ਕੁਝ ਸ਼ਨੀਚਰਵਾਰ ਦੀ ਸ਼ਾਮ ਨੂੰ ਹੋਇਆ।
ਗਸਾਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਲੰਘ ਰਹੇ ਸਨ ਕਿ ਇਸ ਇਮਾਰਤ ਦੇ ਨੇੜੇ ਉਨ੍ਹਾਂ ਨੇ ਭੀੜ ਦੇਖੀ।
ਲੀ ਪੈਰੀਸੀਅਨ ਅਖਬਾਰ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ, "ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਇੱਕ ਬੱਚੇ ਦੀ ਜਾਨ ਨੂੰ ਖ਼ਤਰਾ ਸੀ। ਮੈਂ ਉੱਪਰ ਚੜ੍ਹ ਗਿਆ...ਰੱਬ ਦਾ ਸ਼ੁਕਰ ਹੈ ਕਿ ਉਹ ਬੱਚ ਗਿਆ।"
ਪੈਰੀਸੀਅਨ ਫਾਇਰ ਸਰਵਿਸ ਨੇ ਕਿਹਾ ਕਿ ਉਹ ਮੌਕੇ 'ਤੇ ਪਹੁੰਚੇ ਸਨ ਪਰ ਬੱਚੇ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਸੀ।
ਪੈਰੀਸੀਅਨ ਫਾਇਰ ਸਰਵਿਸ ਦੇ ਇੱਕ ਬੁਲਾਰੇ ਨੇ ਏਐੱਫ਼ਪੀ ਨਿਊਜ਼ ਏਜੰਸੀ ਨੂੰ ਕਿਹਾ, "ਖੁਸ਼ਕਿਸਮਤ ਸੀ ਕਿ ਕੋਈ ਸਰੀਰਕ ਤੌਰ 'ਤੇ ਫਿਟ ਸੀ ਜਿਸ ਨੇ ਬੱਚੇ ਤੱਕ ਪਹੁੰਚਣ ਅਤੇ ਉਸ ਨੂੰ ਬਚਾਉਣ ਦੀ ਹਿੰਮਤ ਕੀਤੀ।"
ਫਰਾਂਸ ਦੇ ਮੀਡੀਆ ਵਿੱਚ ਸਥਾਨਕ ਅਧਿਕਾਰੀਆਂ ਦੇ ਬਿਆਨ ਮੁਤਾਬਕ ਬੱਚੇ ਦੇ ਮਾਪੇ ਘਰ ਵਿੱਚ ਮੌਜੂਦ ਨਹੀਂ ਸਨ।
ਨਿਆਂਇਕ ਸੂਤਰਾਂ ਮੁਤਾਬਕ ਬੱਚੇ ਦਾ ਧਿਆਨ ਨਾ ਰੱਖਣ ਦੇ ਸ਼ੱਕ ਵਿੱਚ ਪੁਲਿਸ ਬੱਚੇ ਦੇ ਪਿਤਾ ਤੋਂ ਪੁੱਛ-ਗਿੱਛ ਕਰ ਰਹੀ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਮਾਂ ਉਸ ਵੇਲੇ ਪੈਰਿਸ ਵਿੱਚ ਨਹੀਂ ਸੀ।