You’re viewing a text-only version of this website that uses less data. View the main version of the website including all images and videos.
ਸਹੂਲਤਾਂ ਤੋਂ ਵਾਂਝਾ ਸੀ ਫਿਰ ਵੀ ਖੜਾ ਕੀਤਾ ਬ੍ਰਾਜ਼ੀਲ ਦੇ ਇਸ ਸ਼ਖਸ ਨੇ ਕਰੋੜਾਂ ਦਾ ਵਪਾਰ
- ਲੇਖਕ, ਲੁਆਨਾ ਫਰੇਰਾ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਉਹ 19 ਸਾਲ ਦਾ ਸੀ ਤਾਂ ਉਸ ਨੂੰ ਫੋਨ 'ਤੇ ਇੰਗਲਿਸ਼ ਕੋਰਸ ਵੇਚਣ ਦੀ ਨੌਕਰੀ ਮਿਲੀ ਸੀ। ਪ੍ਰੇਸ਼ਾਨੀ ਇਹ ਸੀ ਕਿ ਉਸਦੇ ਘਰ ਵਿੱਚ ਫੋਨ ਨਹੀਂ ਸੀ ਪਰ ਉਸ ਨੇ ਫੈਸਲਾ ਕੀਤਾ ਕਿ ਉਹ ਇਹ ਕੰਮ ਕਰੇਗਾ ਅਤੇ ਆਪਣੇ ਟੀਚਿਆਂ ਤੋਂ ਪਿੱਛੇ ਨਹੀਂ ਹਟੇਗਾ।
ਫਲਾਵਿਓ ਅਗਸਤੋ ਦਾ ਸਿਲਵਾ ਉਸ ਵਕਤ ਰਿਓ ਦੀ ਜੈਨੇਰਿਓ ਵਿੱਚ ਰਹਿੰਦੇ ਸੀ ਅਤੇ ਉਨ੍ਹਾਂ ਦੇ ਮਾਪਿਆਂ ਕੋਲ ਟੈਲੀਫੋਨ ਦੀ ਲਾਈਨ ਨਹੀਂ ਸੀ।
1991 ਵਿੱਚ ਬ੍ਰਾਜ਼ੀਲ ਵਿੱਚ ਟੈਲੀਫੋਨ ਲਾਈਨ ਲੈਣਾ ਅਮੀਰੀ ਦੀ ਨਿਸ਼ਾਨੀ ਹੁੰਦੀ ਸੀ ਅਤੇ ਇਸ ਦੇ ਲਈ ਕਰੀਬ 65 ਹਜ਼ਾਰ ਰੁਪਏ ਚੁਕਾਉਣੇ ਹੁੰਦੇ ਸੀ।
ਉਨ੍ਹਾਂ ਦੇ ਪਰਿਵਾਰ ਕੋਲ ਇੰਨਾ ਪੈਸਾ ਨਹੀਂ ਸੀ ਜੇ ਹੁੰਦਾ ਵੀ ਤਾਂ ਇਸ ਨੂੰ ਲਗਾਉਣ ਦੇ ਲਈ ਵੇਟਿੰਗ ਲਿਸਟ ਦੋ ਸਾਲ ਦੀ ਸੀ।
ਉਸ ਵਕਤ ਵਧੇਰੇ ਆਬਾਦੀ ਕੋਲ ਮੋਬਾਈਲ ਫੋਨ ਹੋਣਾ ਦੂਰੀ ਦੀ ਕੌੜੀ ਸੀ। ਫਲਾਵਿਓ ਅਗਸਤੋ ਨੇ ਆਪਣੀ ਨੌਕਰੀ ਬਚਾਉਣ ਦੇ ਲਈ ਦੂਜਾ ਰਾਹ ਕੱਢਿਆ।
ਉਨ੍ਹਾਂ ਨੇ ਸੈਂਟੋਸ ਇਊਮੌਂਟ ਏਅਰਪੋਰਟ ਦਾ ਪਬਲਿਕ ਟੈਲੀਫੋਨ ਇਸਤੇਮਾਲ ਕਰਨ ਦੀ ਸੋਚੀ ਅਤੇ ਹੌਲੀ-ਹੌਲੀ ਏਅਰਪੋਰਟ ਦਾ ਟਰਮੀਨਲ ਉਨ੍ਹਾਂ ਦਾ ਨਵਾਂ ਦਫ਼ਤਰ ਬਣ ਗਿਆ।
ਸ਼ੁਰੂਆਤ ਕਿਵੇਂ ਹੋਈ?
ਅੱਜ ਫਲਾਵਿਓ ਅਗਸਤੋ ਦੇ ਆਪਣੇ ਸਕੂਲ ਹਨ ਜਿਸਦਾ ਨਾਂ ਉਨ੍ਹਾਂ ਨੇ ਵਾਈਜ਼ ਅੱਪ ਐਜੁਕੇਸ਼ਨ ਰੱਖਿਆ ਹੈ।
ਇਨ੍ਹਾਂ ਸਕੂਲਾਂ ਦਾ ਸਾਲਾਨਾ ਕਾਰੋਬਾਰ 772 ਕਰੋੜ ਰੁਪਏ ਦਾ ਹੈ ਅਤੇ ਅੱਜ ਉਹ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਮਾਲਿਕ ਹਨ।
46 ਸਾਲ ਦੇ ਅਗਸਤੋ ਕਹਿੰਦੇ ਹਨ, "ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਉਸ ਏਅਰਪੋਰਟ 'ਤੇ ਮੈਂ ਆਪਣਾ ਟੀਚਾ ਹਾਸਿਲ ਕਰ ਲਿਆ।''
ਜਦੋਂ ਫਲਾਵਿਓ ਅਗਸਤੋ ਨੇ ਫੋਨ 'ਤੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਅੰਦਰ ਏਅਰਪੋਰਟ ਦੇ ਸ਼ੋਰ ਵਿੱਚ ਵੀ ਇੰਗਲਿਸ਼ ਕੋਰਸ ਵੇਚਣ ਦੀ ਕਲਾ ਹੈ।
ਕੁਝ ਵਕਤ ਬਾਅਦ ਉਹ ਕੰਪਨੀ ਦੇ ਕਮਰਸ਼ੀਅਲ ਡਾਇਰੈਕਟਰ ਬਣ ਗਏ ਅਤੇ ਚਾਰ ਸਾਲ ਬਾਅਦ ਉਨ੍ਹਾਂ ਨੇ ਖੁਦ ਦਾ ਸਕੂਲ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਉਹ ਕਹਿੰਦੇ ਹਨ, "ਮੈਂ ਮਹਿਸੂਸ ਕੀਤਾ ਕਿ ਮੈਂ ਤਿਆਰ ਸੀ ਤੇ ਜਿਸ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਉਹ ਕੋਰਸ ਵਿੱਚ ਬਿਹਤਰੀ ਦੇ ਲਈ ਜ਼ਰੂਰੀ ਨਿਵੇਸ਼ ਲਈ ਤਿਆਰ ਨਹੀਂ ਸੀ।''
"ਮੈਂ ਪ੍ਰੋਡਕਟ ਨੂੰ ਜਾਣਦਾ ਸੀ ਅਤੇ ਮੈਂ ਇਹ ਵੀ ਜਾਣਦਾ ਸੀ ਕਿ ਮੈਂ ਉਸ ਨੂੰ ਬਿਹਤਰ ਕਰ ਸਕਦਾ ਹਾਂ।''
ਸੌਖੇ ਨਹੀਂ ਸਨ ਰਾਹ
ਹਾਲਾਂਕਿ ਇਹ ਸਭ ਕਰਨਾ ਫਲਾਵਿਓ ਦੇ ਲਈ ਸੌਖਾ ਨਹੀਂ ਸੀ। ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।
ਪਹਿਲੀ ਚੁਣੌਤੀ ਇਹ ਸੀ ਕਿ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਉਨ੍ਹਾਂ ਨੂੰ ਅੰਗਰੇਜ਼ੀ ਦੇ ਕੁਝ ਸ਼ਬਦ ਹੀ ਪਤਾ ਸਨ।
ਦੂਜੀ ਚੁਣੌਤੀ ਇਹ ਸੀ ਕਿ ਫਲਾਵਿਓ ਨੂੰ ਬੈਂਕ ਤੋਂ ਲੋਨ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਵੱਧ ਬਿਆਜ਼ 'ਤੇ ਲੋਨ ਲੈਣਾ ਪਿਆ ਸੀ।
ਫਲਾਵਿਓ ਨੇ ਵਾਈਜ਼ ਅਪ ਬਿਜ਼ਨੇਸ ਇੰਗਲਿਸ਼ ਸਕੂਲ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਟਾਰਗੇਟ ਆਡੀਅੰਸ ਉਨ੍ਹਾਂ ਨੂੰ ਬਣਾਇਆ ਜੋ ਹੋਰ ਕੰਪਨੀਆਂ ਦੇ ਨਿਸ਼ਾਨੇ 'ਤੇ ਨਹੀਂ ਸਨ।
ਉਸ ਵਕਤ ਅਜਿਹੀ ਜ਼ਿਆਦਾਤਰ ਕੰਪਨੀਆਂ ਬੱਚੇ ਅਤੇ ਦੇਸ ਤੋ ਬਾਹਰ ਘੁੰਮਣ ਜਾਣ ਵਾਲਿਆਂ ਨੂੰ ਆਪਣਾ ਗਾਹਕ ਬਣਾਉਂਦੀਆਂ ਸਨ।
ਫਲਾਵਿਓ ਨੇ ਨੌਕਰੀ ਲੱਭ ਰਹੇ ਨੌਜਵਾਨਾਂ ਨੂੰ ਆਪਣਾ ਗਾਹਕ ਬਣਾਇਆ।
ਉਹ ਕਹਿੰਦੇ ਹਨ, "ਉਸ ਵਕਤ ਵਿਦੇਸ਼ੀ ਕੰਪਨੀਆਂ ਬ੍ਰਾਜ਼ੀਲ ਆ ਰਹੀਆਂ ਸਨ ਅਤੇ ਇਸ ਲਈ ਅੰਗਰੇਜ਼ੀ ਉਨ੍ਹਾਂ ਦੀ ਨੌਕਰੀਆਂ ਵਿੱਚ ਚੋਣ ਲਈ ਜ਼ਰੂਰੀ ਹੋਣ ਵਾਲੀ ਸੀ।''
ਫੁੱਟਬਾਲ ਕਲੱਬ ਵਿੱਚ ਨਿਵੇਸ਼
ਸਾਲ 1995 ਵਿੱਚ ਬ੍ਰਾਜ਼ੀਲ ਦੀ ਅਰਥਵਿਵਸਥਾ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ। ਮਹਿੰਗਾਈ ਦੀ ਦਰ 148 ਫੀਸਦੀ ਸੀ।
ਬਾਵਜੂਦ ਇਸਦੇ ਪਹਿਲੇ ਸਾਲ ਉਨ੍ਹਾਂ ਦੇ ਸਕੂਲ ਵਿੱਚ ਇੱਕ ਹਜ਼ਾਰ ਨੌਜਵਾਨਾਂ ਨੇ ਦਾਖਿਲਾ ਲਿਆ।
ਤਿੰਨ ਸਾਲ ਬਾਅਦ ਫਲੋਵਿਓ ਅਜਿਹੇ 24 ਸਕੂਲਾਂ ਦੇ ਮਾਲਿਕ ਹੋ ਗਏ। ਇਹ ਸਕੂਲ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਕੀਤੇ ਗਏ ਸਨ।
ਆਪਣੇ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਉਨ੍ਹਾਂ ਨੇ 2012 ਵਿੱਚ ਫਰੈਂਚਾਈਜ਼ ਮਾਡਲ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਨੇ 400 ਬ੍ਰਾਂਚਾਂ ਖੋਲ੍ਹੀਆਂ।
ਇਸ ਤੋਂ ਬਾਅਦ ਫਲਾਵਿਓ ਨੇ ਕੁਝ ਨਵਾਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਕੰਪਨੀ ਨੂੰ ਉਸ ਉਚਾਈ ਤੱਕ ਪਹੁੰਚਾ ਦਿੱਤਾ ਹੈ ਜਿੱਥੇ ਉਹ ਚਾਹੁੰਦੇ ਸੀ।
ਉਨ੍ਹਾਂ ਨੇ ਆਪਣੀ ਕੰਪਨੀ ਬ੍ਰਾਜ਼ੀਲ ਦੇ ਇੱਕ ਸਮੂਹ ਅਬਰੀਲ ਨੂੰ 1640 ਕਰੋੜ ਰੁਪਏ ਵਿੱਚ ਵੇਚ ਦਿੱਤੀ।
ਇਕ ਸਾਲ ਬਾਅਦ 2013 ਵਿੱਚ ਉਨ੍ਹਾਂ ਨੇ ਔਲੌਰੈਂਡੋ ਸਿਟੀ ਫੁੱਟਬਾਲ ਕਲੱਬ ਵਿੱਚ 820 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਨਿਵੇਸ਼ ਸੌਕਰ ਲੀਗ ਵਿੱਚ ਟੀਮ ਦੇ ਸ਼ਾਮਿਲ ਹੋਣ ਤੋਂ ਕੁਝ ਦਿਨਾਂ ਪਹਿਲਾਂ ਕੀਤਾ ਗਿਆ ਸੀ।
ਹਾਲ ਦੇ ਸਾਲਾਂ ਵਿੱਚ ਕਲੱਬ ਦੀ ਕੀਮਤ ਵਧੀ ਹੈ ਅਤੇ ਇਸ ਦੀ ਕੀਮਤ ਕਰੀਬ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਮੰਨੀ ਗਈ ਹੈ ਪਰ ਉਨ੍ਹਾਂ ਨੇ ਨਿਵੇਸ਼ ਦੇ ਲਈ ਔਲੌਰੈਂਡੋ ਨੂੰ ਹੀ ਕਿਉਂ ਚੁਣਿਆ?
ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਔਲਰੈਂਡੋ ਬ੍ਰਾਜ਼ੀਲ ਦੇ ਲੋਕਾਂ ਦੀ ਪਸੰਦੀਦਾ ਥਾਂ ਹੈ।
ਫਿਰ ਵਾਈਜ਼ ਅੱਪ ਦਾ ਕੀ ਹੋਇਆ?
ਜਿਸ ਕੰਪਨੀ ਨੇ ਵਾਈਜ਼ ਅੱਪ ਨੂੰ ਖਰੀਦਿਆ ਸੀ, ਉਹ ਇਸ ਨੂੰ ਚਲਾ ਨਹੀਂ ਸਕੀ ਅਤੇ ਉਨ੍ਹਾਂ ਦੇ ਮਾਲਿਕਾਂ ਨੇ ਇਸ ਨੂੰ ਅੱਧੀ ਕੀਮਤ 'ਤੇ ਫਲਾਵਿਓ ਨੂੰ ਵਾਪਸ ਵੇਚਣ ਦੀ ਪੇਸ਼ਕਸ਼ ਕੀਤੀ।
ਉਨ੍ਹਾਂ ਨੇ ਮੁੜ ਕੰਪਨੀ ਨੂੰ ਖਰੀਦਿਆ ਅਤੇ ਅੱਜ ਇਸ ਕੰਪਨੀ ਦੇ 440 ਸਕੂਲ ਹੋ ਚੁੱਕੇ ਹਨ। ਫਲਾਵਿਓ ਨੇ 2020 ਤੱਕ ਲਾਤੀਨ ਅਮਰੀਕਾ ਵਿੱਚ ਇੱਕ ਹਜ਼ਾਰ ਬ੍ਰਾਂਚ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਵਪਾਰ ਜਗਤ ਦੇ ਮਾਹਿਰ ਰਿਚਰਡ ਮੋਟਾ ਕਹਿੰਦੇ ਹਨ ਕਿ ਫਲਾਵਿਓ ਇੱਕ ਬੋਲਡ ਵਪਾਰੀ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਜੋ ਆਪਣੀ ਕੰਪਨੀ ਨੂੰ ਆਪਣੀ ਸਮਝ ਤੇ ਤਜਰਬੇ ਨਾਲ ਅੱਗੇ ਲੈ ਜਾ ਸਕਦੇ ਹਨ।