ਲਲਿਤਾ ਸਾਲਵੇ: ਸੈਕਸ ਚੇਂਜ, ਨੌਕਰੀ ਤੇ ਕਨੂੰਨ 'ਚ ਉਲਝੀ ਜ਼ਿੰਦਗੀ

    • ਲੇਖਕ, ਸਿੰਧੂਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੀ ਲਲਿਤਾ ਸਾਲਵੇ ਤਕਰੀਬਨ 20 ਸਾਲ ਦੀ ਸੀ ਜਦੋਂ ਉਸਨੂੰ ਪੁਲਿਸ ਕੌਂਸਟੇਬਲ ਦੀ ਨੌਕਰੀ ਮਿਲੀ।

ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਮੀਦ ਸੀ ਕਿ ਉਹ ਦੂਜਿਆਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਆਪਣੇ ਮਾਪਿਆਂ ਦੀ ਮਦਦ ਕਰ ਸਕੇਗੀ। ਸਾਰਾ ਕੁਝ ਉਮੀਦ ਮੁਤਾਬਕ ਹੋ ਰਿਹਾ ਸੀ।

ਸਭ ਕੁਝ ਠੀਕ ਚੱਲ ਰਿਹਾ ਸੀ। ਦਿਨ, ਮਹੀਨੇ ਅਤੇ ਸਾਲ ਬੀਤ ਰਹੇ ਸੀ। ਇਸ ਦੌਰਾਨ ਇੱਕ ਦਿਨ ਲਲਿਤਾ ਨੇ ਆਪਣੇ ਗੁਪਤਅੰਗ ਦੇ ਕੋਲ ਗੱਠ ਵਰਗਾ ਕੁਝ ਮਹਿਸੂ ਕੀਤਾ। ਉਸਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਉਹ ਡਾਕਟਰ ਕੋਲ ਗਏ।

ਉੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਲਿਤਾ ਦੇ ਸਰੀਰ ਵਿੱਚ ਆਦਮੀਆਂ ਵਾਲੇ ਹਾਰਮੋਨਸ ਬਣ ਰਹੇ ਹਨ। ਲਲਿਤਾ ਨੇ ਬੀਬੀਸੀ ਨੂੰ ਦੱਸਿਆ, ''ਡਾਕਟਰ ਨੇ ਕਿਹਾ ਕਿ ਚੀਜ਼ਾਂ ਨੂੰ ਠੀਕ ਕਰਨ ਦਾ ਸਿਰਫ਼ ਇੱਕ ਹੀ ਤਰੀਕਾ ਹੈ ਅਤੇ ਉਹ ਹੈ ਸੈਕਸ ਚੇਂਜ।''

ਉਸ ਵੇਲੇ ਲਲਿਤਾ ਦੀ ਉਮਰ 24 ਸਾਲ ਸੀ। ਉਹ ਦੱਸਦੀ ਹੈ, ''ਮੈਂ ਪੂਰੀ ਜ਼ਿੰਦਗੀ ਖ਼ੁਦ ਨੂੰ ਕੁੜੀ ਸਮਝਦੀ ਰਹੀ। ਦੁਨੀਆਂ ਸਾਹਮਣੇ ਮੇਰੀ ਪਛਾਣ ਇੱਕ ਕੁੜੀ ਹੀ ਸੀ। ਅਚਾਨਕ ਮੈਨੂੰ ਮੁੰਡਾ ਬਣਨ ਦੀ ਸਲਾਹ ਦਿੱਤੀ ਗਈ। ਮੈਂ ਕੁਝ ਸਮਝ ਨਹੀਂ ਸਕੀ।''

ਆਪਰੇਸ਼ਨ ਬਾਰੇ ਸੁਣ ਕੇ ਸੀ ਪਰੇਸ਼ਾਨ

ਲਲਿਤਾ ਨੂੰ ਇਹ ਲੱਗ ਰਿਹਾ ਸੀ ਕਿ ਕੁਝ ਗੜਬੜ ਹੈ ਪਰ ਕੀ ਹੈ, ਡਾਕਟਰ ਦੇ ਕੋਲ ਜਾਣ ਤੋਂ ਬਾਅਦ ਪਤਾ ਲੱਗਿਆ।

ਉਹ ਯਾਦ ਕਰਦੀ ਹੈ, ''ਅਸੀਂ ਗਰੀਬ ਪਰਿਵਾਰ ਦੇ ਲੋਕ ਹਾਂ। ਛੇਟੋ ਜਿਹੇ ਪਿੰਡ ਵਿੱਚ ਰਹਿੰਦੇ ਹਾਂ। ਅਸੀਂ ਪਹਿਲਾਂ ਕੁਝ ਅਜਿਹਾ ਸੁਣਿਆ ਜਾਂ ਦੇਖਿਆ ਨਹੀਂ ਸੀ। ਡਾਕਟਰ ਨੇ ਦੱਸਿਆ ਸੀ ਕਿ ਆਪਰੇਸ਼ਨ ਮਹਿੰਗਾ ਹੋਵੇਗਾ। ਅਸੀਂ ਬਹੁਤ ਪਰੇਸ਼ਾਨ ਹੋ ਗਏ ਸੀ।''

ਡਾਕਟਰ ਨੂੰ ਮਿਲਣ ਤੋਂ ਬਾਅਦ ਲਲਿਤਾ ਦੀ ਜ਼ਿੰਦਗੀ ਵਿੱਚ ਸਭ ਕੁਝ ਤੇਜ਼ੀ ਨਾਲ ਬਦਲਣ ਲੱਗਾ।

ਉਹ ਦੱਸਦੀ ਹੈ, ''ਮੈਂ ਪੁਲਿਸ ਦੀ ਨੌਕਰੀ ਕਰ ਰਹੀ ਸੀ। ਮਹਿਲਾ ਕਾਂਸਟੇਬਲ ਸੀ। ਆਪਣੇ ਲੰਬੇ ਬਾਲ ਸਵਾਰ ਕੇ ਜੁੜਾ ਕਰਦੀ ਸੀ। ਮੈਂ ਇੱਕ ਔਰਤ ਸੀ ਪਰ ਹੁਣ ਇਹ ਸਭ ਬਦਲ ਰਿਹਾ ਹੈ। ਮੈਂ ਅੰਦਰ ਹੀ ਅੰਦਰ ਘੁਟਣ ਲੱਗੀ।''

ਹੌਲੀ ਹੌਲੀ ਹਾਰਮੋਨਸ ਵਧਣ ਲੱਗੇ ਅਤੇ ਨਾਲ ਹੀ ਵਧਣ ਲੱਗੀ ਲਲਿਤਾ ਦੀ ਬੇਚੈਨੀ। ਉਹ ਕਹਿੰਦੀ ਹੈ, ''ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਤਕਲੀਫ਼ ਵਿੱਚ ਹਾਂ। ਮੇਰੀ ਹਾਲਤ ਸਿਰਫ਼ ਉਹ ਸਮਝ ਸਕਦਾ ਹੈ ਜੋ ਖ਼ੁਦ ਇਸ ਤਕਲੀਫ਼ ਵਿੱਚ ਹੋਵੇ।''

ਡਾਕਟਰ ਦੇ ਸਮਝਾਉਣ ਅਤੇ ਲਲਿਤਾ ਦੀ ਤਕਲੀਫ਼ ਦੇਖ ਕੇ ਉਸਦੇ ਮਾਤਾ-ਪਿਤਾ ਸਰਜਰੀ ਲਈ ਤਿਆਰ ਹੋ ਗਏ। ਉਨ੍ਹਾਂ ਨੂੰ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ। ਲਲਿਤਾ ਨੇ ਇੱਕ ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਜੋ ਖਾਰਜ ਹੋ ਗਈ।

ਲਲਿਤਾ ਮੁਤਾਬਕ, ''ਮੇਰੇ ਸੀਨੀਅਰਾਂ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਗਾਈਡਲਾਈਨਸ ਵਿੱਚ ਇਹ ਗੱਲ ਕਿਤੇ ਨਹੀਂ ਦੱਸੀ ਗਈ ਕਿ ਜੇਕਰ ਕੋਈ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੋਇਆ ਸੈਕਸ ਚੇਂਜ ਆਪਰੇਸ਼ਨ ਕਰਵਾਉਣਾ ਚਾਹੇ ਤਾਂ ਕੀ ਫ਼ੈਸਲਾ ਲਿਆ ਜਾਵੇ।''

ਕਨੂੰਨ ਨਹੀਂ

ਬੀਬੀਸੀ ਨੇ ਇਸ ਬਾਰੇ ਐੱਸਪੀ ਜੀ. ਸ਼੍ਰੀਧਰ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਿਭਾਗ ਲਲਿਤਾ ਨਾਲ ਹਮਦਰਦੀ ਰੱਖਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਪਰ ਇਸ ਬਾਰੇ ਕੋਈ ਕਨੂੰਨ ਮੌਜੂਦ ਨਹੀਂ ਹੈ। ਇਸ ਲਈ ਉਹ ਕੋਈ ਫ਼ੈਸਲਾ ਲੈਣ ਦੀ ਹਾਲਤ ਵਿੱਚ ਨਹੀਂ ਹਨ।

ਉਨ੍ਹਾਂ ਕਿਹਾ, "ਲਲਿਤਾ ਦੀ ਭਰਤੀ ਮਹਿਲਾ ਪੁਲਿਸ ਦੇ ਤੌਰ 'ਤੇ ਹੋਈ ਸੀ। ਸਰਜਰੀ ਤੋਂ ਬਾਅਦ ਅਸੀਂ ਉਸ ਨੂੰ ਆਦਮੀ ਪੁਲਿਸ ਦੀ ਟੀਮ ਵਿੱਚ ਕਿਵੇਂ ਰੱਖਾਂਗੇ, ਇਸ ਦੀ ਜਾਣਕਾਰੀ ਸਾਨੂੰ ਨਹੀਂ ਹੈ।"

ਲਲਿਤਾ ਕੋਲ ਐਨੇ ਪੈਸੇ ਅਤੇ ਸੁਵਿਧਾਵਾਂ ਵੀ ਨਹੀਂ ਹਨ ਕਿ ਉਹ ਨੌਕਰੀ ਛੱਡ ਕੇ ਆਪਰੇਸ਼ਨ ਕਰਵਾ ਸਕੇ। ਉਨ੍ਹਾਂ ਦੇ ਵਕੀਲ ਇਜਾਜ਼ ਨਕਵੀ ਦਾ ਮੰਨਣਾ ਹੈ ਕਿ ਲਲਿਤਾ ਨੂੰ ਸਰਜਰੀ ਲਈ ਛੁੱਟੀ ਨਾ ਮਿਲਣਾ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, "ਸੁਪਰੀਮ ਕੋਰਟ ਨੇ ਆਪਣੇ 2015 ਦੇ ਫ਼ੈਸਲੇ ਵਿੱਚ ਸਾਫ਼ ਕਿਹਾ ਸੀ ਕਿ ਕੋਈ ਵੀ ਸ਼ਖ਼ਸ ਆਪਣਾ ਜੈਂਡਰ ਅਤੇ ਸੇਕਸ਼ੁਅਲਿਟੀ ਖ਼ੁਦ ਤੈਅ ਕਰ ਸਕਦਾ ਹੈ। ਇਹ ਦੋਵੇਂ ਨਿੱਜਤਾ ਦੇ ਅਧਿਕਾਰ (ਰਾਈਟ ਟੂ ਪ੍ਰਾਈਵੇਸੀ) ਦੇ ਦਾਇਰੇ ਵਿੱਚ ਆਉਂਦੇ ਹਨ।"

ਇਜਾਜ਼ ਦਾ ਕਹਿਣਾ ਹੈ ਕਿ ਜੇਕਰ ਲਲਿਤਾ ਦੀ ਨੌਕਰੀ ਸੈਕਸ ਚੇਂਜ ਕਰਾਉਣ ਕਰਕੇ ਜਾਂਦੀ ਹੈ ਤਾਂ ਇਹ ਉਨ੍ਹਾਂ ਦੇ ਮੌਲਿਕ ਅਧਿਕਾਰ ਦਾ ਘਾਣ ਹੋਵੇਗਾ।

ਫ਼ਿਲਹਾਲ ਲਲਿਤਾ ਦਾ ਮਾਮਲਾ ਮੁੰਬਈ ਹਾਈ ਕੋਰਟ ਵਿੱਚ ਹੈ ਜਿੱਥੇ ਉਨ੍ਹਾਂ ਨੂੰ ਮਹਾਰਾਸ਼ਟਰ ਪ੍ਰਸ਼ਾਸਨਿਕ ਟ੍ਰਿਬਿਊਨਲ ਜਾਣ ਦੀ ਸਲਾਹ ਦਿੱਤੀ ਗਈ।

ਖ਼ਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਦੇਖਣ ਨੂੰ ਕਿਹਾ ਹੈ।

ਕੀ ਲਲਿਤਾ ਆਦਮੀ ਬਣਨ ਲਈ ਤਿਆਰ ਹੈ? ਉਹ ਤੁਰੰਤ ਹਾਂ ਵਿੱਚ ਜਵਾਬ ਦਿੰਦੀ ਹੈ।

ਉਨ੍ਹਾਂ ਕਿਹਾ, "ਮੈਨੂੰ ਬਸ ਇੰਤਜ਼ਾਰ ਹੈ ਕਿ ਕਦੋਂ ਮੇਰਾ ਆਪਰੇਸ਼ਨ ਹੋਵੇ ਤੇ ਮੈਂ ਆਜ਼ਾਦ ਹੋਵਾਂ। ਸਰਜਰੀ ਤੋਂ ਬਾਅਦ ਮੈਂ ਆਪਣਾ ਨਾਮ ਲਲਿਤ ਰੱਖਾਂਗੀ। ਮੈਂ ਚਾਹੁੰਦੀ ਹਾਂ ਕਿ ਸਭ ਮੈਨੂੰ ਲਲਿਤ ਹੀ ਮੰਨਣ।"

ਲਲਿਤਾ ਦੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਨਾਲ ਕਿਵੇਂ ਦਾ ਵਿਵਹਾਰ ਕਰਦੇ ਹਨ?

ਮਰਾਠੀ ਲਹਿਜ਼ੇ ਵਾਲੀ ਹਿੰਦੀ ਬੋਲਦੇ ਹੋਏ ਲਲਿਤਾ ਕਹਿੰਦੀ ਹੈ, "ਕਿਸੇ ਦੇ ਦਿਲ ਵਿੱਚ ਕੀ ਹੈ ਇਹ ਤਾਂ ਮੈਂ ਨਹੀਂ ਦੱਸ ਸਕਦੀ , ਪਰ ਮੇਰੇ ਸਾਹਮਣੇ ਤਾਂ ਸਭ ਚੰਗੀ ਤਰ੍ਹਾਂ ਹੀ ਰਹਿੰਦੇ ਹਨ। ਸਭ ਪੁੱਛਦੇ ਹਨ ਕਿ ਮੇਰਾ ਕੇਸ ਕਿੰਨਾ ਅੱਗੇ ਵਧਿਆ, ਮੇਰਾ ਆਪਰੇਸ਼ਨ ਕਦੋਂ ਹੋਵੇਗਾ..."

ਲਲਿਤਾ ਹੁਣ ਜੂੜਾ ਨਹੀਂ ਕਰਦੀ, ਉਨ੍ਹਾਂ ਨੇ ਬਾਲ ਛੋਟੇ ਕਰਾ ਲਏ ਹਨ। ਹੁਣ ਉਹ ਸਲਵਾਰ-ਕੁੜਤਾ ਜਾਂ ਸਕਰਟ ਨਹੀਂ ਸਗੋਂ ਪੈਂਟ-ਸ਼ਰਟ ਪਾਉਂਦੀ ਹੈ। ਉਹ ਚਾਹੁੰਦੀ ਹੈ ਕਿ ਹੁਣ ਉਹ ਉਨ੍ਹਾਂ ਲੋਕਾਂ ਦੀ ਮਦਦ ਕਰੇ ਜੋ ਉਨ੍ਹਾਂ ਵਰਗੀ ਮੁਸ਼ਕਿਲ ਵਿੱਚ ਹਨ।

ਗੱਲ ਪੂਰੀ ਹੋਣ ਤੋਂ ਪਹਿਲਾਂ ਉਹ ਭਾਵੁਕ ਹੋ ਕੇ ਕਹਿੰਦੀ ਹੈ, "ਤੁਸੀਂ ਮੇਰੇ ਲਈ ਦੁਆ ਕਰਿਓ, ਮੇਰੇ ਵਰਗੇ ਸਾਰੇ ਲੋਕਾਂ ਲਈ ਦੁਆ ਕਰਿਓ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)