ਮਿਸਰ: ਈਸਾਈ ਭਾਈਚਾਰੇ 'ਤੇ ਹੋਏ ਹਮਲੇ, 9 ਦੀ ਮੌਤ

ਮਿਸਰ ਦੀ ਰਾਜਧਾਨੀ ਕਿਐਰੋ ਵਿੱਚ ਇੱਕ ਚਰਚ 'ਤੇ ਬੰਦੂਕਧਾਰੀ ਵੱਲੋਂ ਹਮਲਾ ਕੀਤਾ ਗਿਆ ਹੈ। ਮਿਸਰ ਦੇ ਅਧਿਕਾਰੀਆਂ ਮੁਤਾਬਕ ਇਸ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ।

ਇੱਕ ਘੰਟੇ ਬਾਅਦ ਇੱਕ ਈਸਾਈ ਭਾਈਚਾਰੇ ਨਾਲ ਸਬੰਧ ਰੱਖਣ ਸ਼ਖਸ ਦੀ ਦੁਕਾਨ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ।

ਪੁਲਿਸ ਵੱਲੋਂ ਇੱਕ ਬੰਦੂਕਧਾਰੀ ਨੂੰ ਜ਼ਖਮੀ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸੀ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ ਪਰ ਹੁਣ ਮਿਸਰ ਦੀ ਸਰਕਾਰ ਵੱਲੋਂ ਹਮਲਾਵਰ ਦੀ ਗ੍ਰਿਫ਼ਤਾਰੀ ਦੀ ਤਸਦੀਕ ਕੀਤੀ ਗਈ ਹੈ।

ਹਮਲੇ ਦੇ ਮ੍ਰਿਤਕਾਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

ਨਵੇਂ ਸਾਲ ਤੋਂ ਠੀਕ ਪਹਿਲਾਂ ਹੋਇਆ ਹਮਲਾ

ਇਹ ਹਮਲਾ ਨਵੇਂ ਸਾਲ ਦੇ ਜਸ਼ਨ 'ਤੇ 7 ਜਨਵਰੀ ਨੂੰ ਹੋਣ ਵਾਲੇ ਕੋਪਟਿਕ ਕ੍ਰਿਸਮਸ ਤੋਂ ਠੀਕ ਪਹਿਲਾਂ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਿਐਰੋ ਸ਼ਹਿਰ ਵਿੱਚ ਥਾਂ-ਥਾਂ ਤੇ ਚੈੱਕ ਪੁਆਈਂਟ ਲਾਏ ਗਏ ਹਨ।

ਸੁਰੱਖਿਆ ਏਜੰਸੀਆਂ ਨੇ ਇੱਕ ਹਮਲਾਵਰ ਦੀ ਲਾਸ਼ ਤੋਂ ਬਾਰੁਦ ਨਾਲ ਲੈਸ ਆਤਮਘਾਤੀ ਬੈੱਲਟ ਵੀ ਬਰਾਮਦ ਕੀਤੀ ਹੈ ਜਿਸ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਹੋਰ ਮਾਰੂ ਹਮਲਾ ਕਰਨ ਦਾ ਇਰਾਦਾ ਸੀ।

ਇਸੇ ਹਫ਼ਤੇ ਸੁਰੱਖਿਆ ਏਜੰਸੀਆਂ ਵੱਲੋਂ ਤਿਓਹਾਰ ਮੌਕੇ ਹੋਣ ਵਾਲੇ ਸਮਾਗਮਾਂ ਦੀ ਸੁਰੱਖਿਆ ਲਈ ਪਲਾਨ ਵੀ ਜਾਰੀ ਕੀਤੇ ਗਏ ਸੀ।

ਮਿਸਰ ਇੱਕ ਮੁਸਲਿਮ ਬਹੁਗਿਣਤੀ ਮੁਲਕ ਹੈ ਜਿਸ ਵਿੱਚ ਈਸਾਈਆਂ ਦੀ ਆਬਾਦੀ 10 ਫੀਸਦ ਹੈ।

ਬੀਤੇ ਇੱਕ ਸਾਲ ਤੋਂ ਮਿਸਰ ਵਿੱਚ 100 ਤੋਂ ਵੱਧ ਈਸਾਈ ਭਾਈਚਾਰੇ ਦੇ ਲੋਕਾਂ ਦੀ ਮੌਤ ਗੋਲੀਬਾਰੀ ਤੇ ਧਮਾਕਿਆਂ ਵਿੱਚ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਹਮਲਿਆਂ ਦੀ ਜ਼ਿੰਮੇਵਾਰੀ ਆਈਐੱਸ ਵੱਲੋਂ ਲਈ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)