ਸਵਿਤਾ ਜਿਨ੍ਹਾਂ ਦੀ ਵਜ੍ਹਾ ਨਾਲ ਬਦਲਿਆ ਆਇਰਲੈਂਡ 'ਚ ਗਰਭਪਾਤ ਦਾ ਸਖ਼ਤ ਕਾਨੂੰਨ

ਆਇਰਲੈਂਡ 'ਚ 66.4 ਫੀਸਦ ਲੋਕਾਂ ਨੇ ਗਰਭਪਾਤ ਦੇ ਕਾਨੂੰਨ ਨੂੰ ਬਦਲਣ ਦੇ ਪੱਖ ਵਿੱਚ ਆਪਣਾ ਵੋਟ ਪਾਇਆ। ਆਇਰਲੈਂਡ 'ਚ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਰਾਇਸ਼ੁਮਾਰੀ ਹੋਈ ਸੀ।
ਆਇਰਲੈਂਡ ਦੇ ਪ੍ਰਧਾਨ ਮੰਤਰੀ ਲੀਓ ਵਾਰਾਦਕਰ ਨੇ ਦੇਸ ਦੀ 'ਸ਼ਾਂਤਮਈ ਕ੍ਰਾਂਤੀ' ਦਾ ਸੁਆਗਤ ਕੀਤਾ। ਆਇਰਲੈਂਡ ਵਿੱਚ ਗਰਭਪਾਤ ਨੂੰ ਲੇ ਕੇ ਹੋਈ ਰਾਇਸ਼ੁਮਾਰੀ ਦੇ ਸ਼ੁਰੂਆਤੀ ਨਤੀਜੇ ਗਰਭਪਾਤ ਦੇ ਸਖ਼ਤ ਕਾਨੂੰਨ ਨੂੰ ਬਦਲਣ ਦੇ ਸੰਕੇਤ ਕਰਦੇ ਹਨ।
ਲੀਓ ਵਾਰਾਦਕਰ ਨੇ ਕਿਹਾ ਕਿ ਨਾਗਰਿਕ ਕਾਨੂੰਨ 'ਚ ਸੋਧ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ "ਆਧੁਨਿਕ ਦੇਸ ਲਈ ਆਧੁਨਿਕ ਕਾਨੂੰਨ ਦੇ ਹਮਾਇਤੀ ਹਨ।"
ਆਇਰਲੈਂਡ ਗਰਭਪਾਤ ਰਾਇਸ਼ੁਮਾਰੀ: ਨਤੀਜੇ
ਕਾਨੂੰਨ ਵਿੱਚ 8ਵੀਂ ਸੋਧ ਨੂੰ ਖ਼ਤਮ ਕੀਤਾ ਜਾਵੇ- 66.4% ਹਾਂ
ਕਾਨੂੰਨ ਵਿੱਚ 8ਵੀਂ ਸੋਧ ਨੂੰ ਬਰਕਰਾਰ ਰੱਖਿਆ ਜਾਵੇ- 33.6% ਨਾ

ਆਇਰਲੈਂਡ 'ਚ ਗਰਭਪਾਤ ਲਈ ਸਖ਼ਤ ਕਾਨੂੰਨ
ਆਇਰਲੈਂਡ ਦੇ ਕਾਨੂੰਨ ਅਨੁਸਾਰ ਮਾਂ ਅਤੇ ਗਰਭ ਦੋਵਾਂ ਨੂੰ ਜੀਉਣ ਦਾ ਬਰਾਬਰ ਅਧਿਕਾਰ ਹੈ।
ਕਾਨੂੰਨ ਦੀ ਇਹ ਤਜਵੀਜ਼ ਆਇਰਲੈਂਡ ਦੇ ਸੰਵਿਧਾਨ ਦੀ ਅੱਠਵੀਂ ਸੋਧ ਤੋਂ ਬਾਅਦ 1983 ਵਿੱਚ ਸ਼ਾਮਿਲ ਕੀਤੀ ਗਈ ਸੀ।
ਇਹ ਕਾਨੂੰਨ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਤੋਂ ਬਾਅਦ ਵੀ ਗਰਭਪਾਤ 'ਤੇ ਪਾਬੰਦੀ ਲਗਾਉਂਦਾ ਹੈ ਅਤੇ ਉਨ੍ਹਾਂ ਹਾਲਾਤਾਂ ਵਿੱਚ ਵੀ ਗਰਭਪਾਤ 'ਤੇ ਪਾਬੰਦੀ ਹੈ ਜਦੋਂ ਬੱਚੇ ਦੀ ਜਿਉਣ ਦੀ ਉਮੀਦ ਕਾਫੀ ਘੱਟ ਹੋਵੇ।

ਤਸਵੀਰ ਸਰੋਤ, Reuters
2013 ਤੋਂ ਆਇਰਲੈਂਡ ਵਿੱਚ ਗਰਭਪਾਤ ਦੀ ਇਜਾਜ਼ਤ ਹੈ ਪਰ ਸਿਰਫ਼ ਜਾਨਲੇਵਾ ਹਾਲਾਤ ਵਿੱਚ। ਇਸ ਵਿੱਚ ਆਤਮਹੱਤਿਆ ਵੀ ਸ਼ਾਮਲ ਹੈ। ਇੱਥੇ ਗ਼ੈਰ-ਕਨੂੰਨੀ ਗਰਭਪਾਤ ਦੀ ਸਜ਼ਾ 14 ਸਾਲ ਹੈ।
2016 ਵਿੱਚ ਆਈਰਿਸ਼ ਡਿਪਾਰਟਮੈਂਟ ਆਫ ਹੈਲਥ ਮੁਤਾਬਕ ਆਇਰਲੈਂਡ ਅੰਦਰ 25 ਗੈਰ ਕਾਨੂੰਨੀ ਗਰਭਪਾਤ ਹੋਏ ਸਨ।
ਆਜ਼ਾਦੀ ਤੋਂ ਬਾਅਦ ਆਇਰਲੈਂਡ ਨੇ ਯੂਕੇ ਦੇ ਕਈ ਕਾਨੂੰਨ ਅਪਣਾਏ। 'ਆਫੈਂਸਿਸ ਅਗੇਂਸਟ ਦਿ ਪਰਸਨ ਐਕਟ 1861' ਵੀ ਉਨ੍ਹਾਂ 'ਚੋਂ ਇੱਕ ਸੀ ਜੋ ਗਰਭਪਾਤ ਨੂੰ ਜੁਰਮ ਮੰਨਦੀ ਹੈ।
ਪਰ ਹੋਰਨਾਂ ਥਾਵਾਂ ਜਿੱਥੇ ਗਰਭਪਾਤ ਦਾ ਕਾਨੂੰਨ ਥੋੜ੍ਹੇ ਨਰਮ ਸਨ ਤਾਂ ਆਇਰਲੈਂਡ ਵਿੱਚ ਉਨ੍ਹਾਂ ਦੇ ਦੇਖਾਦੇਖੀ ਵੱਖ-ਵੱਖ ਸਮੇਂ ਮੁਤਾਬਕ ਕੀ ਤਰਮੀਮਾਂ ਹੋਈਆਂ।

ਤਸਵੀਰ ਸਰੋਤ, Getty Images
ਰਾਇਸ਼ੁਮਾਰੀ ਦਾ ਭਾਰਤ ਕੁਨੈਕਸ਼ਨ
- ਆਇਰਲੈਂਡ ਵਿੱਚ 6 ਸਾਲ ਪਹਿਲਾਂ ਭਾਰਤੀ ਮੂਲ ਦੀ ਸਵਿਤਾ ਹਲੱਪਨਵਾਰ ਦਾ ਮਿਸਕੈਰੇਜ ਹੋ ਗਿਆ ਸੀ।
- ਮੁਲਕ ਵਿੱਚ ਕੈਥੋਲਿਕ ਕਾਨੂੰਨ ਕਾਰਨ ਗਰਭਪਾਤ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਕਈ ਵਾਰ ਗਰਭਪਾਤ ਕਰਵਾਉਣ ਦੀ ਮੰਗ ਕਰ ਚੁੱਕੀ ਸਵਿਤਾ ਦੀ ਮੌਤ ਹੋ ਗਈ।
- ਸਵਿਤਾ ਦੀ ਮੌਤ ਅਕਤੂਬਰ 2012 ਵਿੱਚ ਆਇਰਲੈਂਡ ਦੇ ਗਾਲਵੇ ਹਸਪਤਾਲ ਵਿੱਚ ਹੋਈ ਸੀ।
- ਸਵਿਤਾ ਦੀ ਮੌਤ ਤੋਂ ਬਾਅਦ ਡਬਲਿਨ, ਲਿਮਰਿਕ, ਕੌਰਕ, ਗਾਲਵੇ ਅਤੇ ਬੈਲਫਾਸਟ ਸਣੇ ਲੰਡਨ ਤੇ ਦਿੱਲੀ ਵਿੱਚ ਰੋਸ ਮੁਜ਼ਾਹਰੇ ਹੋਏ।
- ਇਨ੍ਹਾਂ ਮੁਜ਼ਾਹਰਿਆਂ ਨੇ ਆਇਰਲੈਂਡ ਨੂੰ ਗਰਭਪਾਤ ਦੇ ਕਾਨੂੰਨਾਂ ਬਾਰੇ ਮੁੜ ਤੋਂ ਵਿਚਾਰਨ ਲਈ ਮਜਬੂਰ ਕਰ ਦਿੱਤਾ।
ਸਵਿਤਾ ਦੇ ਆਖ਼ਰੀ ਪਲ
ਆਇਰਲੈਂਡ ਵਿੱਚ ਸਵਿਤਾ ਦੀ ਦੋਸਤ ਮ੍ਰਿਦੁਲਾ ਵਾਸਪੱਲੀ ਨੇ ਹਸਪਤਾਲ ਵਿੱਚ ਸਵਿਤਾ ਦੀ ਹਾਲਤ ਵਿਗੜਦਿਆਂ ਦੇਖੀ ਸੀ।
ਮ੍ਰਿਦੁਲਾ ਨੇ ਦੱਸਿਆ, "ਉਸ ਦਿਨ ਗੱਲ ਕਿਸੇ ਦੀ ਜ਼ਿੰਦਗੀ ਦੇ ਹੱਕ ਵਾਲੀ ਨਹੀਂ ਸੀ, ਇਹ ਇੱਕ ਮੈਡੀਕਲ ਪ੍ਰਕਿਰਿਆ ਹੈ ਅਤੇ ਉਸ ਦਿਨ ਸਵਿਤਾ ਨੂੰ ਗਰਭਪਾਤ ਕਰਵਾਉਣ ਦਾ ਹੱਕ ਮਿਲਣਾ ਚਾਹੀਦਾ ਸੀ।''
ਜਦੋਂ ਸਵਿਤਾ ਦੀ ਹਾਲਤ ਹੋਰ ਖਰਾਬ ਹੋਈ ਤਾਂ ਡਾਕਟਰਾਂ ਨੇ ਕਿਹਾ ਕਿ ਗਰਭਪਾਤ ਕੀਤਾ ਜਾ ਸਕਦਾ ਹੈ। ਉਸ ਵੇਲੇ ਗਰਭ ਵਿੱਚ ਬੱਚੇ ਦੀ ਧੜਕਣ ਚੱਲ ਰਹੀ ਸੀ।

ਤਸਵੀਰ ਸਰੋਤ, Getty Images
ਪਰ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਿਤਾ ਨੇ ਮ੍ਰਿਤ ਬੱਚੀ ਨੂੰ ਜਨਮ ਦਿੱਤਾ। ਫਿਰ ਉਸਨੂੰ ਸੈਪਟਿਕ ਸਦਮਾ ਲੱਗਿਆ ਅਤੇ ਉਸਦੇ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰਨ ਲੱਗੇ।
ਰਿਕਾਰਡ ਅਨੁਸਾਰ ਸਵਿਤਾ ਦੀ ਮੌਤ ਇੱਕ 1.09 ਮਿੰਟ 'ਤੇ 28 ਅਕਤੂਬਰ, 2012 ਨੂੰ ਹੋਈ।
ਸਵਿਤਾ ਦੀ ਮੌਤ ਨੂੰ ਮੈਡੀਕਲ ਹਾਦਸਾ ਦੱਸਿਆ
ਸਵਿਤਾ ਦੀ ਲਾਸ਼ ਨੂੰ ਮ੍ਰਿਦੁਲਾ ਨੇ ਕੱਪੜੇ ਪੁਆਏ ਅਤੇ ਉਸ ਵੇਲੇ ਉਹ ਸਵਿਤਾ ਲਈ ਬਸ ਇਹੀ ਕਰ ਸਕਦੀ ਸੀ।
ਜਿਸ ਦਿਨ ਸਵਿਤਾ ਅਤੇ ਉਸਦੇ ਪਤੀ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨ੍ਹਾ ਰਹੇ ਹੁੰਦੇ, ਉਸੇ ਦਿਨ ਜਿਊਰੀ ਦੇ ਫੈਸਲੇ ਵਿੱਚ ਇਸ ਘਟਨਾ ਨੂੰ ਮੈਡੀਕਲ ਹਾਦਸਾ ਕਰਾਰ ਦਿੱਤਾ ਗਿਆ ਸੀ।
ਤਿੰਨ ਵੱਖ-ਵੱਖ ਰਿਪੋਰਟਾਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਸਵਿਤਾ ਨੂੰ ਜ਼ਰੂਰੀ ਇਲਾਜ ਨਹੀਂ ਮਿਲਿਆ।
ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੈਡੀਕਲ ਪੇਸ਼ੇ ਦੇ ਲੋਕ ਅਤੇ ਪਾਰਲੀਮੈਂਟ ਕਿਸੇ ਵੀ ਜ਼ਰੂਰੀ ਕਾਨੂੰਨੀ ਬਦਲਾਅ ਸਣੇ ਪੂਰੇ ਕਾਨੂੰਨ 'ਤੇ ਮੁੜ ਵਿਚਾਰ ਕਰਨ।
ਸਵਿਤਾ ਦੀ ਮੌਤ ਨੇ ਆਇਰਲੈਂਡ ਵਿੱਚ ਗਰਭਪਾਤ ਦੇ ਮੁੱਦੇ 'ਤੇ ਜਾਰੀ ਬਹਿਸ 'ਤੇ ਨਾਟਕੀ ਅਸਰ ਛੱਡਿਆ।

ਤਸਵੀਰ ਸਰੋਤ, Getty Images
ਗਰਭਪਾਤ ਦੇ ਹੱਕ ਵਿੱਚ ਮੁੰਹਿਮ ਵਿੱਚ ਹਿੱਸਾ ਲੈਣ ਵਾਲੇ ਡੈੱਟ ਮੈਗਲੋਸ਼ਲਿਨ ਨੇ ਕਿਹਾ, "ਕੁਝ ਹੀ ਹਫ਼ਤਿਆਂ ਵਿੱਚ ਹੀ ਹਾਲਾਤ ਬਦਲ ਗਏ ਪਰ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।''
ਆਇਰਲੈਂਡ ਦੇ ਕੌਮੀ ਅਖ਼ਬਾਰ 'ਆਇਰੀਸ਼ ਟਾਈਮਜ਼' ਲਈ ਇਸ ਖ਼ਬਰ ਨੂੰ ਸਭ ਤੋਂ ਪਹਿਲਾਂ ਨਸ਼ਰ ਪੱਤਰਕਾਰ ਕਿਟੀ ਹੌਲਾਂਡ ਨੇ ਕੀਤਾ ਸੀ।
'ਸਾਡੇ ਵਰਗੇ ਹਾਲਾਤ ਕਿਸੇ ਦੇ ਨਾ ਹੋਣ'
ਸਵਿਤਾ ਦਾ ਪਰਿਵਾਰ ਅਤੇ ਉਸਦੇ ਦੋਸਤ ਮੰਨਦੇ ਹਨ ਕਿ ਸਵਿਤਾ ਦੀ ਮੌਤ ਆਇਰਲੈਂਡ ਦੇ ਗਰਭਪਾਤ ਦੇ ਕਾਨੂੰਨ ਕਾਰਨ ਹੋਈ ਅਤੇ ਇਸ ਲਈ ਉਹ ਇਸ ਕਾਨੂੰਨ ਦੇ ਖਿਲਾਫ ਵੋਟ ਕਰਨਗੇ।
ਸਵਿਤਾ ਦੇ ਪਿਤਾ ਅੰਦਾਨੱਪਾ ਹਲੱਪਾਨਾਵਰ ਨੇ ਵੀਡੀਓ ਮੈਸੇਜ ਵਿੱਚ ਕਿਹਾ, "ਕੋਈ ਵੀ ਪਰਿਵਾਰ ਉਨ੍ਹਾਂ ਹਾਲਾਤ ਤੋਂ ਨਾ ਗੁਜ਼ਰੇ ਜਿਨ੍ਹਾਂ ਪ੍ਰੇਸ਼ਾਨੀ ਅਤੇ ਦੁੱਖ ਵਾਲੇ ਹਾਲਾਤ ਤੋਂ ਅਸੀਂ ਗੁਜ਼ਰੇ ਹਾਂ।''
ਸਵਿਤਾ ਦੀ ਮੌਤ ਤੋਂ ਬਾਅਦ ਸਵਿਤਾ ਦੀ ਯਾਦ ਵਿੱਚ ਕਈ ਸ਼ਹਿਰਾਂ ਵਿੱਚ ਮਾਰਚ ਕੱਢੇ ਜਾਂਦੇ ਹਨ। ਸਵਿਤਾ ਦੀ ਸਹੇਲੀ ਮ੍ਰਿਦੁਲਾ ਦਾ ਕਹਿਣਾ ਹੈ ਕਿ ਉਸਦਾ ਨਾਂ ਕਦੇ ਵੀ ਭੁਲਾਇਆ ਨਹੀਂ ਜਾਵੇਗਾ।












