ਹਾਲੀਵੁੱਡ ਦੇ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਰੇਪ ਦੇ ਦੋਸ਼ ਤੈਅ

ਹਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ 'ਤੇ ਦੋ ਔਰਤਾਂ ਨਾਲ ਬਲਾਤਕਾਰ ਅਤੇ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਨਿਊ ਯਾਰਕ ਵਿੱਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ।

66 ਸਾਲਾ ਵਾਇਨਸਟੀਨ ਉੱਤੇ ਦਰਜਨਾਂ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ। ਵਾਇਨਸਟੀਨ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਹਨ।

ਨਿਊ ਯਾਰਕ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ, ''ਵਾਇਨਸਟੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਔਰਤਾਂ ਨਾਲ ਰੇਪ, ਕ੍ਰਿਮੀਨਲ ਸੈਕਸ ਐਕਟ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ ਤੈਅ ਹੋਏ।''

ਬਿਆਨ ਵਿੱਚ ਪੀੜਤਾਂ ਦਾ ਆਵਾਜ਼ ਚੁੱਕਣ ਅਤੇ ਨਿਆਂ ਲਈ ਸਾਹਮਣੇ ਆਉਣ ਲਈ ਧੰਨਵਾਦ ਕੀਤਾ ਗਿਆ।

ਵਾਇਨਸਟੀਨ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ। ਜਿਸ ਮਗਰੋਂ ਹਾਲੀਵੁੱਡ ਵਿੱਚ ਮਹਿਲਾਵਾਂ ਦੇ ਸ਼ੋਸ਼ਣ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਚਰਚਾ ਛਿੜ ਗਈ ਸੀ ਤੇ #MeToo ਮੁਹਿੰਮ ਚਲਾਈ ਗਈ।

ਕੌਣ ਹਨ ਹਾਰਵੀ ਵਾਇਨਸਟੀਨ?

  • ਹਾਰਵੀ ਵਾਇਨਸਟੀਨ ਹਾਲੀਵੁੱਡ ਦੇ ਇੱਕ ਮਸ਼ਹੂਰ ਨਿਰਮਾਤਾ ਹਨ। ਵਾਇਨਸਟੀਨ 'ਪਲਪ ਫ਼ਿਕਸ਼ਨ' ਅਤੇ 'ਕਲਕਰਜ਼' ਜਿਹੀਆਂ ਮਸ਼ਹੂਰ ਫਿਲਮਾਂ ਬਣਾਉਣ ਵਾਲੀ ਫ਼ਿਲਮ ਕੰਪਨੀ ਮੀਰਾਮੈਕਸ ਦੇ ਸਹਿ-ਬਾਨੀ ਹਨ।
  • ਉਨ੍ਹਾਂ ਨੂੰ 'ਸ਼ੇਕਸਪੀਅਰ ਇਨ ਲਵ' ਬਣਾਉਣ ਲਈ ਔਸਕਰ ਐਵਾਰਡ ਵੀ ਮਿਲ ਚੁੱਕਿਆ ਹੈ।
  • ਬਰਤਾਨਵੀ ਫਿਲਮ ਇੰਡਸਟਰੀ 'ਚ ਯੋਗਦਾਨ ਲਈ ਉਨ੍ਹਾਂ ਨੂੰ 2004 'ਚ ਬਰਤਾਨੀ ਰਾਜ ਪਰਿਵਾਰ ਵੱਲੋਂ ਸੀਬੀਈ ਦੀ ਮਾਨਕ ਉਪਾਧੀ ਵੀ ਦਿੱਤੀ ਗਈ ਸੀ।
  • ਹਾਰਵੀ ਵਾਇਨਸਟੀਨ ਨੇ ਦੋ ਵਿਆਹ ਕੀਤੇ ਹਨ। 41 ਸਾਲ ਦੀ ਬਰਤਾਨਵੀ ਅਦਾਕਾਰਾ ਅਤੇ ਫ਼ੈਸ਼ਨ ਡਿਜ਼ਾਈਨਰ ਜੌਰਜੀਨਾ ਚੈਪਮੈਨ 2007 ਤੋਂ ਉਨ੍ਹਾਂ ਦੀ ਪਤਨੀ ਹਨ। ਹਾਲਾਂਕਿ ਬਲਾਤਕਾਰ ਦੇ ਦੋਸ਼ਾਂ ਤੋਂ ਬਾਅਦ ਚੈਪਮੈਨ ਨੇ ਉਨ੍ਹਾਂ ਤੋਂ ਵੱਖਰੇ ਹੋਣ ਦਾ ਐਲਾਨ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)