ਡੌਨਲਡ ਟਰੰਪ ਨੇ ਕਿਹਾ, ਕਿੰਮ ਜੋਂਗ ਉਨ ਨਾਲ ਮੁਲਾਕਾਤ 'ਚ ਹੋ ਸਕਦੀ ਹੈ ਦੇਰੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਮੁਲਾਕਾਤ ਚ ਦੇਰੀ ਹੋ ਸਕਦੀ ਹੈ।

ਕਿਮ ਜੋਂਗ ਉਨ ਨੇ ਟਰੰਪ ਨਾਲ 12 ਜੂਨ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਕਰ ਰਹਨੀ ਸੀ।

ਇਸ ਮੁਲਾਕਾਤ ਬਾਰੇ ਗੱਲਬਾਤ ਕਰਨ ਲਈ ਦਖਣੀ ਕੋਰੀਆ ਦੇ ਰਾਸ਼ਟਕਪਤੀ ਮੂਨ ਜੇ-ਇਨ ਅਮਰੀਕਾ ਗਏ ਹੋਏ ਹਨ। ਉਨ੍ਹਾਂ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਇਹ ਗੱਲ ਕਹੀ।

ਪਿਛਲੇ ਹਫਤੇ ਉੱਤਰੀ ਕੋਰੀਆ ਨੇ ਕਿਹਾ ਸੀ ਕਿ ਜੇ ਅਮਰੀਕਾ ਉਨ੍ਹਾਂ ਤੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਦਬਾਅ ਬਣਾਏਗਾ ਤਾਂ ਉਹ ਗੱਲਬਾਤ ਨਹੀਂ ਕਰਨਗੇ।

ਦੋਹਾਂ ਮੁਲਕਾਂ ਵਿਚਾਲੇ ਰੰਜਿਸ਼ ਦੀ 7 ਦਹਾਕੇ

'ਅਸੀਂ ਹਰ ਹਿੱਲਦੀ ਹੋਈ ਚੀਜ਼ 'ਤੇ ਬੰਬ ਸੁੱਟੇ।' ਇਹ ਅਮਰੀਕੀ ਵਿਦੇਸ਼ ਮੰਤਰੀ ਡਿਆਨ ਏਚਿਸਨ ਨੇ ਕਿਹਾ ਸੀ। ਉਹ ਕੋਰੀਆਈ ਜੰਗ (1950-1953) ਦੌਰਾਨ, ਉੱਤਰੀ ਕੋਰੀਆ ਬਾਰੇ ਅਮਰੀਕਾ ਦਾ ਮਕਸਦ ਦੱਸ ਰਹੇ ਸਨ।

ਪੈਂਟਾਗਨ ਦੇ ਮਾਹਰਾਂ ਨੇ ਇਸ ਨੂੰ 'ਆਪਰੇਸ਼ਨ ਸਟ੍ਰੈਂਗਲ' ਦਾ ਨਾਮ ਦਿੱਤਾ ਸੀ।

ਕਈ ਇਤਿਹਾਸਕਾਰਾਂ ਅਨੁਸਾਰ ਉੱਤਰੀ ਕੋਰੀਆ 'ਤੇ ਤਿੰਨ ਸਾਲਾਂ ਤੱਕ ਲਗਾਤਾਰ ਹਵਾਈ ਹਮਲੇ ਕੀਤੇ ਗਏ।

ਖੱਬੇਪੱਖੀ ਰੁਖ਼ ਰੱਖਣ ਵਾਲੇ ਇਸ ਦੇਸ਼ ਦੇ ਅਨੇਕਾਂ ਪਿੰਡ ਤੇ ਸ਼ਹਿਰ ਬਰਬਾਦ ਹੋ ਗਏ। ਲੱਖਾਂ ਆਮ ਲੋਕ ਮਾਰੇ ਗਏ।

ਇਤਿਹਾਸ ਜੋ ਅਮਰੀਕਾ ਨੇ ਛੁਪਾ ਲਿਆ

ਕੋਰੀਆਈ ਰਾਜਨੀਤੀ ਅਤੇ ਇਤਿਹਾਸ ਦੇ ਜਾਣਕਾਰ ਵਾਸ਼ਿੰਗਟਨ ਦੇ ਵਿਲਸਨ ਸੈਂਟਰ ਨਾਲ ਜੁੜੇ ਹੋਏ ਜੇਮਜ਼ ਪਰਸਨ ਦਾ ਕਹਿਣਾ ਹੈ ਕਿ ਇਹ ਅਮਰੀਕੀ ਇਤਿਹਾਸ ਦਾ ਇਕ ਪੰਨਾ ਹੈ, ਜਿਸ ਬਾਰੇ ਅਮਰੀਕੀਆਂ ਨੂੰ ਬਹੁਤ ਕੁਝ ਨਹੀਂ ਦੱਸਿਆ ਗਿਆ।

ਉੱਤਰੀ ਕੋਰੀਆ ਇਸ ਨੂੰ ਕਦੇ ਵੀ ਨਹੀਂ ਭੁੱਲ ਸਕਿਆ, ਉਸ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ।

ਅਮਰੀਕਾ ਅਤੇ ਬਾਕੀ ਪੂੰਜੀਵਾਦੀ ਦੁਨੀਆਂ ਲਈ ਉੱਤਰੀ ਕੋਰੀਆ ਦੀ ਰੰਜਿਸ਼ ਦਾ ਇਹ ਵੀ ਕਾਰਨ ਹੋ ਸਕਦਾ ਹੈ।

ਦੱਖਣੀ ਕੋਰੀਆ ਦੀ ਖਿਲਾਫ਼ਤ

ਉੱਤਰੀ ਕੋਰੀਆ ਅਮਰੀਕਾ ਨੂੰ ਇਕ ਖ਼ਤਰੇ ਵਜੋਂ ਵੇਖਦਾ ਹੈ ਅਤੇ ਦੋਵਾਂ ਮੁਲਕਾਂ ਦੀ ਇਹ ਦੁਸ਼ਮਣੀ ਹੁਣ ਕੋਰੀਆਈ ਉੱਪ ਮਹਾਦੀਪ ਵਿਚ ਤਣਾਅ ਦਾ ਮੁੱਦਾ ਬਣ ਰਹੀ ਹੈ।

ਕੋਰੀਆਈ ਯੁੱਧ ਕਿਉਂ ਹੋਇਆ ਸੀ, ਉਸ ਦਾ ਕੀ ਕਾਰਨ ਸੀ ਅਤੇ ਇਹ ਮੁੱਦਾ ਅਜੇ ਵੀ ਅਣਸੁਲਝਿਆ ਕਿਉਂ ਹੈ?

ਇਹ 1950 ਦੀ ਗੱਲ ਹੈ, ਕੌਮਾਂਤਰੀ ਗੱਠਜੋੜ ਦੇ ਸਮਰਥਨ ਵਾਲੀ ਅਮਰੀਕੀ ਫ਼ੌਜ, ਦੱਖਣੀ ਕੋਰੀਆ ਵਿਚ ਉੱਤਰੀ ਕੋਰੀਆਈ ਫ਼ੌਜ ਦੀ ਘੁਸਪੈਠ ਖਿਲਾਫ਼ ਲੜ ਰਹੀ ਸੀ।

ਸਿਓਲ ਵਿਚ ਕਮਿਊਨਿਸਟ ਸਮਰਥਕਾਂ ਦੇ ਦਮਨ ਤੋਂ ਬਾਅਦ, ਉੱਤਰੀ ਕੋਰੀਆ ਦੇ ਨੇਤਾ ਕਿਮ ਉਲ-ਸੰਗ ਨੇ ਦੱਖਣੀ ਕੋਰੀਆ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।

ਕਿਮ ਉਲ-ਸੰਗ ਉੱਤਰੀ ਕੋਰੀਆ ਦੇ ਵਰਤਮਾਨ ਸ਼ਾਸਕ ਕਿਮ ਜੋਂਗ ਉਨ ਦੇ ਦਾਦਾ ਸੀ।

ਯੁੱਧ ਦੀ ਤਸਵੀਰ

ਦੱਖਣੀ ਗੁਆਂਢੀ ਅਤੇ ਅਮਰੀਕਾ ਖਿਲਾਫ਼ ਉੱਤਰੀ ਕੋਰੀਆ ਦੀ ਇਸ ਕਾਰਵਾਈ ਵਿਚ ਕਿਮ ਉਲ-ਸੰਗ ਨੂੰ ਸਟਾਲਿਨ ਦਾ ਸਮਰਥਨ ਹਾਸਿਲ ਸੀ।

ਕੋਰੀਆ ਯੁੱਧ ਸ਼ੀਤ ਜੰਗ ਦਾ ਸਭ ਤੋਂ ਪਹਿਲਾ ਅਤੇ ਵੱਡਾ ਸੰਘਰਸ਼ ਸੀ।

ਯੁੱਧ ਦੇ ਪਹਿਲੇ ਪੜਾਅ 'ਚ ਅਮਰੀਕੀ ਹਵਾਈ ਹਮਲੇ ਜ਼ਿਆਦਾਤਰ ਦੱਖਣੀ ਕੋਰੀਆ ਦੇ ਫੌਜੀ ਠਿਕਾਣਿਆਂ ਅਤੇ ਸਨਅਤੀ ਕੇਂਦਰਾਂ ਤੱਕ ਸੀਮਤ ਸਨ।

ਅਚਾਨਕ ਕੁਝ ਅਜਿਹਾ ਹੋਇਆ ਕਿ ਯੁੱਧ ਦੀ ਪੂਰੀ ਤਸਵੀਰ ਹੀ ਬਦਲ ਗਈ।

ਯੁੱਧ ਸ਼ੁਰੂ ਹੋਣ ਤੋਂ ਕੁਝ ਮਹੀਨਿਆਂ ਬਾਅਦ, ਚੀਨ ਨੂੰ ਇਹ ਡਰ ਸਤਾਉਣ ਲੱਗਾ ਕਿ ਅਮਰੀਕੀ ਫ਼ੌਜ ਉਸ ਦੀ ਸਰਹੱਦ ਵੱਲ ਰੁਖ ਕਰ ਸਕਦੀ ਹੈ।

ਤਿੰਨ ਸਾਲ : 20 ਫ਼ੀਸਦੀ ਅਬਾਦੀ ਤਬਾਹ

ਸੰਘਰਸ਼ ਦੇ ਦੌਰਾਨ, ਰਣਨੀਤਕ ਏਅਰ ਕਮਾਂਡਰ ਜਨਰਲ ਕਰਟਿਸ ਲੀਮੇ ਨੇ ਦੱਸਿਆ, 'ਅਸੀਂ 20 ਫ਼ੀਸਦੀ ਅਬਾਦੀ ਨੂੰ ਤਬਾਹ ਕਰ ਦਿੱਤਾ ਸੀ।'

ਉੱਤਰੀ ਕੋਰੀਆ 'ਤੇ ਕਈ ਕਿਤਾਬਾਂ ਲਿਖ ਚੁੱਕੇ ਪੱਤਰਕਾਰ ਬਲੇਨ ਹਾਰਡੇਨ ਨੇ ਅਮਰੀਕੀ ਫੌਜੀਆਂ ਦੀ ਕਾਰਵਾਈ ਨੂੰ 'ਯੁੱਧ ਅਪਰਾਧ' ਕਰਾਰ ਦਿੱਤਾ।

ਹਾਲਾਂਕਿ ਜੇਮਜ਼ ਪਰਸਨ, ਬਲੇਨ ਹਾਰਡੇਨ ਦੀ ਦਲੀਲ ਨਾਲ ਇਤਫ਼ਾਕ ਨਹੀਂ ਰੱਖਦੇ, 'ਇਹ ਇੱਕ ਯੁੱਧ ਸੀ ਜਿਸ ਵਿੱਚ ਦੁਸ਼ਮਣਾਂ ਨੇ ਆਪਣੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।'

ਕਿਮ ਵਰਗੇ ਖੋਜਕਾਰ ਦੱਸਦੇ ਹਨ ਕਿ ਤਿੰਨ ਸਾਲਾਂ ਵਿਚ 635,000 ਟਨ ਬੰਬ ਸੁੱਟੇ ਗਏ ਸਨ।

ਉੱਤਰੀ ਕੋਰੀਆ ਦੇ ਆਪਣੇ ਸਰਕਾਰੀ ਅੰਕੜਿਆਂ ਮੁਤਾਬਕ ਇਸ ਯੁੱਧ ਵਿਚ 5000 ਸਕੂਲ, 1000 ਹਸਪਤਾਲ ਅਤੇ ਛੇ ਲੱਖ ਘਰ ਤਬਾਹ ਹੋ ਗਏ ਸਨ।

ਬੰਕਰ `ਚ ਲੁਕਿਆ ਹੋਇਆ ਦੇਸ਼

ਤਾਈਵੂ ਕਿਮ ਦੱਸਦੇ ਹਨ ਕਿ ਉੱਤਰ ਕੋਰੀਆ ਵਿਚ ਆਮ ਜ਼ਿੰਦਗੀ ਜੀਣਾ ਲਗਭਗ ਅਸੰਭਵ ਹੋ ਗਿਆ ਸੀ।

ਇਸ ਲਈ, ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਆਪਣੇ ਬਾਜ਼ਾਰ, ਸੈਨਿਕ ਗਤੀਵਿਧੀਆਂ ਨੂੰ ਆਪਣੇ ਢੰਗ ਨਾਲ ਚਲਾਉਣ ਦਾ ਫੈਸਲਾ ਲਿਆ। ਉੱਤਰੀ ਕੋਰੀਆ ਜਲਦ ਹੀ ਇਕ ਭੂਮੀਗਤ ਦੇਸ਼ ਵਿਚ ਬਦਲ ਗਿਆ ਅਤੇ ਉੱਥੇ ਸਥਾਈ ਤੌਰ 'ਤੇ ਏਅਰਕ੍ਰਾਫਟ ਅਲਰਟ ਲਾਗੂ ਕਰ ਦਿੱਤਾ ਗਿਆ।

ਆਖ਼ਰਕਾਰ, ਲੰਮੀ ਗੱਲਬਾਤ ਤੋਂ ਬਾਅਦ 1953 ਵਿਚ ਇਕ ਸਮਝੌਤੇ 'ਤੇ ਦਸਤਖਤ ਹੋਏ।

ਅਮਰੀਕੀ ਰਾਸ਼ਟਰਪਤੀ ਟਰੂਮਨ ਨਹੀਂ ਚਾਹੁੰਦੇ ਸਨ ਕਿ ਸੰਕਟ ਉਸ ਹੱਦ ਤੱਕ ਚਲਾ ਜਾਵੇ ਕਿ ਸੋਵੀਅਤ ਸੰਘ ਨਾਲ ਕੋਈ ਸਿੱਧਾ ਟਕਰਾਅ ਹੋਵੇ।

ਯੁੱਧ ਨੇ ਉੱਤਰੀ ਕੋਰੀਆ ਨੂੰ ਬੰਕਰ ਵਿਚ ਲੁਕਿਆ ਹੋਇਆ ਦੇਸ਼ ਬਣਾ ਦਿੱਤਾ ਸੀ, 70 ਸਾਲਾਂ ਬਾਅਦ ਵੀ ਹਾਲਾਤ ਕੁਝ ਜ਼ਿਆਦਾ ਨਹੀਂ ਬਦਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)