ਕਿਊਬਾ 'ਚ ਹਵਾਈ ਹਾਦਸਾ: 'ਜਹਾਜ਼ ਅਚਾਨਕ ਮੁੜਿਆ ਤੇ ਡਿੱਗ ਗਿਆ'

ਕਿਊਬਾ ਵਿੱਚ ਯਾਤਰੀ ਜਹਾਜ਼ ਬੋਈਂਗ 737 ਏਅਰਲਾਈਨਰ ਕਰੈਸ਼ ਹੋ ਗਿਆ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਵਾਈ ਜਹਾਜ਼ ਵਿੱਚ 110 ਲੋਕ ਸਵਾਰ ਸਨ।

ਗ੍ਰਾਨਮਾ ਅਖ਼ਬਾਰ ਮੁਤਾਬਕ ਹਾਦਸੇ ਵਿੱਚ 3 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।

ਇਹ ਹਾਦਸਾ ਹਵਾਨਾ ਵਿੱਚ ਜੋਸ ਮਾਰਟੀ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੋਇਆ ਹੈ।

ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼ ਕੈਨਲ ਇਸ ਵੇਲੇ ਹਾਦਸੇ ਵਾਲੀ ਥਾਂ ਤੇ ਪਹੁੰਚੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।

ਕਦੋਂ ਹੋਇਆ ਹਾਦਸਾ?

ਹਵਾਈ ਜਹਾਜ਼ ਉਡਣ ਤੋਂ ਕੁਝ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੈਦਾਨ ਵਿੱਚ ਕਰੈਸ਼ ਹੋ ਗਿਆ।

ਹਵਾਈ ਜਹਾਜ਼ ਇੱਕ ਮੈਕਸੀਕਨ ਤੋਂ ਲੀਜ਼ 'ਤੇ ਲਿੱਤਾ ਗਿਆ ਸੀ। ਸਰਕਾਰੀ ਵੈਬਸਾਈਟ ਕਿਊਬਾਡਿਬੇਟ ਮੁਤਾਬਕ ਜਹਾਜ਼ ਚਾਲਕ ਦਲ ਦੇ 6 ਮੈਂਬਰ ਮੈਕਸੀਕੋ ਤੋਂ ਸਨ।

ਜ਼ਿਆਦਾਤਰ ਯਾਤਰੀ ਕਿਊਬਾ ਦੇ ਸਨ ਅਤੇ ਪੰਜ ਦੂਜੇ ਦੇਸਾਂ ਦੇ ਸਨ।

ਕਿਊਬਾ ਦੇ ਸਰਕਾਰੀ ਟੀਵੀ ਨਾਈਨ ਦੇ ਕੁਝ ਲੋਕ ਵੀ ਯਾਤਰੀਆਂ ਦੇ ਨਾਲ ਸਨ।

ਕਿਊਬਾ ਦੇ ਰਾਸ਼ਟਰਪਤੀ ਨੇ ਕਿਹਾ, ਇਹ ਕਾਫੀ ਦੁਖਦ ਹਾਦਸਾ ਹੈ। ਖਬਰ ਚੰਗੀ ਨਹੀਂ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।

ਤਸਵੀਰਾਂ ਵਿੱਚ ਜਹਾਜ਼ ਵਿੱਚੋਂ ਧੂਆਂ ਨਿਕਲਦਾ ਦੇਖਿਆ ਗਿਆ ਹੈ। ਰਾਹਤ ਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ।

ਅਫ਼ਸਰਾਂ ਦੇ ਕਹਿਣਾ ਹੈ ਕਿ ਹਵਾਈ ਜਹਾਜ਼ 1979 ਵਿੱਚ ਬਣਾਇਆ ਗਿਆ ਸੀ ਅਤੇ ਬੀਤੇ ਸਾਲ ਨਵੰਬਰ ਵਿੱਚ ਇਸ ਦੀ ਜਾਂਚ ਕੀਤੀ ਗਈ ਸੀ।

ਸੂਪਰਮਾਰਕਿਟ ਦੇ ਕਰਮੀ ਹੋਜ਼ੇ ਲੂਈ ਦਾ ਕਹਿਣਾ ਹੈ ਕਿ ਉਸ ਨੇ ਏਔਫਪੀ ਨੂੰ ਦੱਸਿਆ, "ਮੈਂ ਜਹਾਜ਼ ਨੂੰ ਉਡਦੇ ਵੇਖਿਆ। ਅਚਾਨਕ ਜਹਾਜ਼ ਮੁੜ ਗਿਆ ਅਤੇ ਫਿਰ ਡਿੱਗ ਗਿਆ। ਅਸੀਂ ਸਾਰੇ ਹੈਰਾਨ ਰਹਿ ਗਏ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)