'ਧੀ ਦੀ 'ਖਾਮੋਸ਼ੀ' ਕਾਰਨ ਇੱਕ ਮਾਂ ਬਣੀ ਕਈ ਬੱਚਿਆਂ ਦੀ 'ਆਵਾਜ਼'

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਇੱਕ ਘਰ 'ਚ ਜਦੋਂ ਇੱਕ ਬੱਚੀ ਨੇ ਜਨਮ ਲਿਆ ਤਾਂ ਪਤਾ ਲੱਗਾ ਕਿ ਉਹ ਬੋਲ ਅਤੇ ਸੁਣ ਨਹੀਂ ਸਕਦੀ। ਕਹਾਣੀ ਅਜਿਹੀ ਮਾਂ ਦੀ ਜਿਸਨੇ ਆਪਣੀ ਧੀ ਨੂੰ ਤਾਂ ਪੜ੍ਹਾਇਆ ਹੀ ਸਗੋਂ ਉਸ ਵਰਗੇ ਕਈ ਬੱਚਿਆਂ ਲਈ ਉਮੀਦ ਦੀ ਕਿਰਨ ਵੀ ਬਣੀ।

ਪੰਜਾਬ ਦੇ ਬਟਾਲਾ ਵਿੱਚ ਦੀ ਰਮਨਦੀਪ ਕੌਰ ਨੇ ਆਪਣੀ ਬੱਚੀ ਦੀ ਪੜ੍ਹਾਈ ਲਈ ਪਹਿਲਾਂ ਸੰਕੇਤਕ ਭਾਸ਼ਾ ਸਿੱਖੀ ਅਤੇ ਫ਼ਿਰ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਲਈ ਸਪੈਸ਼ਲ ਸਕੂਲ ਵੀ ਖੋਲ੍ਹ ਦਿੱਤਾ।

ਹੁਣ ਇਸ ਖਾਸ ਸਕੂਲ ਵਿੱਚ ਪੂਰੇ ਜ਼ਿਲ੍ਹੇ ਦੇ ਗੂੰਗੇ-ਬੋਲੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

ਬਟਾਲਾ ਦੇ ਉਮਰਪੁਰਾ-ਜਲੰਧਰ ਰੋਡ 'ਤੇ ਸਥਿਤ ਇਸ ਖ਼ਾਸ ਸਕੂਲ ਦਾ ਨਾਂ ਹੈ ਜੈਸਮਨ ਸਕੂਲ ਫਾਰ ਡੈਫ।

11 ਸਾਲ ਦੀ ਧੀ ਜੈਸਮਨ ਨੂੰ ਰਮਨਦੀਪ ਕੌਰ ਇੱਕ ਸਫਲ ਅਧਿਆਪਕ ਬਣਾਉਣਾ ਚਾਹੁੰਦੇ ਹਨ।

ਖੁਦ ਬੱਚੀ ਨੇ ਵੀ ਇਸੇ ਟੀਚੇ ਨੂੰ ਮਨ ਵਿੱਚ ਧਾਰ ਲਿਆ ਕਿ ਉਹ ਵੱਡੀ ਹੋ ਆਪਣੇ ਵਰਗੇ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ ਕੰਮ ਕਰੇਗੀ।

ਡਾਕਟਰਾਂ ਨੇ ਹੱਥ ਖੜੇ ਕੀਤੇ ਰਮਨਦੀਪ ਨੇ ਕੋਸ਼ਿਸ਼ ਕੀਤੀ

ਪੰਜਾਬ ਦੇ ਬਟਾਲਾ ਦੀ ਰਹਿਣ ਵਾਲੀ ਰਮਨਦੀਪ ਕੌਰ ਦੇ ਘਰ ਅੱਜ ਤੋਂ 11 ਸਾਲ ਪਹਿਲਾਂ ਇੱਕ ਧੀ ਨੇ ਜਨਮ ਲਿਆ।

ਬੱਚੀ ਜੈਸਮਨ ਜਦੋਂ 3 ਮਹੀਨੇ ਦੀ ਸੀ ਤਾ ਦੋਵੇਂ ਪਤੀ-ਪਤਨੀ ਬੱਚੀ ਸਮੇਤ ਆਸਟ੍ਰੇਲੀਆ ਚਲੇ ਗਏ।

ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਬੱਚੀ ਬੋਲ ਅਤੇ ਸੁਣ ਨਹੀਂ ਸਕਦੀ।

ਡਾਕਟਰਾਂ ਨੇ ਵੀ ਆਖਿਆ ਕਿ ਇਸ ਦਾ ਇਲਾਜ਼ ਵੀ ਪੂਰੀ ਤਰ੍ਹਾਂ ਨਹੀਂ ਹੋ ਸਕਦਾ।

ਬੱਚੀ ਵੱਡੀ ਹੋਈ ਤਾਂ ਉਸ ਨੂੰ ਇੱਕ ਸਪੈਸ਼ਲ ਸਕੂਲ ਭੇਜਿਆ ਜਾਣ ਲੱਗਾ।

ਖੁਦ ਮਾਂ ਰਮਨਦੀਪ ਨੇ ਆਪਣੀ ਬੱਚੀ ਦੇ ਨਾਲ ਸਾਥ ਦੇਣ ਲਈ ਆਸਟਰੇਲੀਅਨ ਸੰਕੇਤਕ ਭਾਸ਼ਾ ਵੀ ਸਿੱਖੀ।

ਕਰੀਬ 6 ਸਾਲ ਆਸਟ੍ਰੇਲੀਆ ਵਿੱਚ ਰਹਿਣ ਤੋਂ ਬਾਅਦ ਰਮਨਦੀਪ ਜਦੋਂ ਪੰਜਾਬ ਪਰਤੀ ਤਾਂ ਬਟਾਲਾ ਵਿੱਚ ਉਸ ਨੂੰ ਬੱਚੀ ਨੂੰ ਪੜ੍ਹਾਉਣ ਲਈ ਕੋਈ ਚੰਗਾ ਸਕੂਲ ਨਹੀਂ ਮਿਲਿਆ।

ਰਮਨਦੀਪ ਨੇ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਟਰੱਸਟ ਵੱਲੋਂ ਚਲਾਏ ਜਾ ਰਹੇ ਸਕੂਲ 'ਚ ਆਪਣੀ ਬੱਚੀ ਨੂੰ ਦਾਖਲ ਕਰਵਾਇਆ ਅਤੇ ਆਪ ਵੀ ਉੱਥੇ ਭਾਰਤੀ ਸੰਕੇਤਕ ਭਾਸ਼ਾ ਸਿਖਣ ਲਈ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ।

ਰਮਨਦੀਪ ਨੇ ਉੱਥੇ ਅਧਿਆਪਕ ਵਜੋਂ ਪੜ੍ਹਾਇਆ ਵੀ।

ਗਰੀਬ ਬੱਚਿਆਂ ਦੀ ਫੀਸ ਮੁਆਫ਼

ਰਮਨਦੀਪ ਕੌਰ ਜੋ ਬੱਚੇ ਉਨ੍ਹਾਂ ਦੀ ਧੀ ਵਾਂਗ ਸਨ ਉਨ੍ਹਾਂ ਦੀ ਚੰਗੀ ਸਿੱਖਿਆ ਲਈ ਕੁਝ ਕਰਨਾ ਚਾਹੁੰਦੇ ਸਨ।

ਐਮਏ, ਬੀਐੱਡ ਪਾਸ ਰਮਨਦੀਪ ਨੇ ਘਰ ਵਿੱਚ ਹੀ ਅਜਿਹੇ ਬੱਚਿਆਂ ਲਈ ਸਕੂਲ ਸ਼ੁਰੂ ਕੀਤਾ।

ਸ਼ੁਰੂਆਤ ਵਿੱਚ ਸਕੂਲ ਵਿੱਚ ਸਿਰਫ਼ 4 ਬੱਚੇ ਸਨ ਜਿਨ੍ਹਾਂ ਵਿੱਚ ਰਮਨਦੀਪ ਦੀ ਧੀ ਵੀ ਸੀ।

ਹੁਣ ਇਸ ਸਕੂਲ ਵਿੱਚ ਕੁੱਲ 22 ਬੱਚੇ ਹਨ। ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ।

ਜੋ ਪਰਿਵਾਰ ਫੀਸ ਦੇਣ ਦੇ ਸਮਰਥ ਹਨ ਉਨ੍ਹਾਂ ਤੋਂ ਓਨੀ ਹੀ ਫੀਸ ਲਈ ਜਾਂਦੀ ਹੈ ਜਿਸ ਨਾਲ ਸਕੂਲ ਦਾ ਖਰਚ ਪੂਰਾ ਹੋ ਸਕੇ।

ਰਮਨਦੀਪ ਦੇ ਘਰ ਵਿੱਚ ਹੀ 4 ਕਮਰਿਆਂ ਵਿੱਚ ਸਕੂਲ ਨੂੰ ਚਲਾਇਆ ਜਾ ਰਿਹਾ ਹੈ ਅਤੇ ਪੜ੍ਹਾਉਣ ਲਈ ਦੋ ਮਹਿਲਾ ਅਧਿਆਪਕ ਵੀ ਰੱਖੀਆਂ ਗਈਆਂ ਹਨ।

'ਲੋਕ ਪੁੱਛਦੇ ਹਨ, ਮੁਫ਼ਤ ਪੜ੍ਹਾਉਂਦੇ ਹੋ'

ਇਹ ਬਟਾਲਾ ਵਿੱਚ ਇਕਲੌਤਾ ਅਜਿਹਾ ਸਕੂਲ ਹੈ ਜਿੱਥੇ ਅਜਿਹੇ ਬੱਚਿਆਂ ਨੂੰ ਸੰਕੇਤਕ ਭਾਸ਼ਾ ਦੇ ਜ਼ਰੀਏ ਪੜ੍ਹਾਇਆ ਜਾਂਦਾ ਹੈ।

ਰਮਨਦੀਪ ਕੌਰ ਨੇ ਦੱਸਿਆ, "ਮੇਰਾ ਇਹੀ ਸੁਫ਼ਨਾ ਹੈ ਕਿ ਇਹ ਬੱਚੇ ਜੋ ਸਿੱਖਿਆ ਲੈ ਰਹੇ ਹਨ ਉਸ ਨਾਲ ਉਹ ਅੱਗੇ ਚੱਲ ਕੇ ਕਾਮਯਾਬ ਹੋਣ ਅਤੇ ਕਿਸੇ ਉੱਤੇ ਨਿਰਭਰ ਨਾ ਰਹਿਣ ਸਗੋਂ ਆਪਣੇ ਪੈਰਾਂ ਉੱਤੇ ਖੜੇ ਹੋਣ।''

ਰਮਨਦੀਪ ਦਾ ਕਹਿਣਾ ਹੈ ਕਿ ਅਜਿਹੇ ਬੱਚਿਆਂ ਦੀ ਪੜ੍ਹਾਈ ਨੂੰ ਸਮਾਜ ਵੱਲੋਂ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੈ।

ਰਮਨਦੀਪ ਨੇ ਦੱਸਿਆ, "ਜਦੋਂ ਵੀ ਲੋਕ ਸਾਡੇ ਸਕੂਲ ਬਾਰੇ ਪੁੱਛਦੇ ਹਨ ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਸਵਾਲ ਹੁੰਦਾ ਹੈ, ਕੀ ਇੱਥੇ ਮੁਫ਼ਤ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ।''

"ਲੋਕਾਂ ਦੀ ਮਾਨਸਿਕਤਾ ਇਹ ਬਣ ਚੁਕੀ ਹੈ ਕਿ ਉਹ ਤੰਦਰੁਸਤ ਬੱਚਿਆਂ ਲਈ ਚੰਗੀ ਅਤੇ ਮਹਿੰਗੀ ਸਿੱਖਿਆ ਦੇਣ ਨੂੰ ਤਿਆਰ ਹਨ ਪਰ ਅਜਿਹੇ ਬੱਚਿਆਂ ਲਈ ਪੈਸੇ ਖਰਚ ਕਰਨ ਤੋਂ ਗੁਰੇਜ ਕਰਦੇ ਹਨ।''

ਰਮਨਦੀਪ ਅਨੁਸਾਰ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਜੋ ਗੂੰਗੇ-ਬੋਲੇ ਬੱਚੇ ਵੀ ਪੜ੍ਹ-ਲਿਖ ਕੇ ਬਿਹਤਰ ਜ਼ਿੰਦਗੀ ਗੁਜ਼ਾਰ ਸਕਣ।

ਜੈਸਮਨ ਮਾਂ ਵਲੋਂ ਖੋਲੇ ਗਏ ਸਕੂਲ ਤੋਂ ਬਹੁਤ ਖੁਸ਼ ਹੈ। ਉਸਨੇ ਸੰਕੇਤਕ ਭਾਸ਼ਾ 'ਚ ਦੱਸਿਆ ਕਿ ਉਸ ਨੂੰ ਸਕੂਲ 'ਚ ਆਪਣੇ ਦੋਸਤਾਂ ਦਾ ਸਾਥ ਮਿਲਦਾ ਹੈ ਅਤੇ ਉਹ ਪੜ੍ਹਨ ਦੇ ਨਾਲ-ਨਾਲ ਦੋਸਤਾਂ ਨਾਲ ਚੰਗਾ ਸਮਾਂ ਗੁਜ਼ਰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)