ਤੁਹਾਡੀ ਸੋਚ ਤੁਹਾਡੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

ਪਾਣੀ ਪੀ ਰਿਹਾ ਵਿਅਕਤੀ

ਤਸਵੀਰ ਸਰੋਤ, Getty Images

    • ਲੇਖਕ, ਕਲੌਡੀਆ ਹੈਮੌਂਡ
    • ਰੋਲ, ਬੀਬੀਸੀ ਫਿਊਚਰ

ਤੁਸੀਂ ਆਪਣੀ ਤੁਲਨਾ ਹੋਰਾਂ ਨਾਲ ਕਿਵੇਂ ਕਰਦੇ ਹੋ? ਇਸ ਸਵਾਲ ਦਾ ਜਵਾਬ ਤੁਹਾਡੀ ਸਹਿਤ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ।

ਜੇ ਤੁਹਾਡੀ ਨਵੇਂ ਸਾਲ ਵਿੱਚ ਕਸਰਤ ਕਰਨ ਦੀ ਕਸਮ ਹੁਣ ਤੱਕ ਟੁੱਟ ਚੁੱਕੀ ਹੈ। ਫੇਰ ਹੁਣ ਬੀਤੇ 'ਤੇ ਪਛਤਾਵਾ ਨਾ ਕਰੋ।

ਇੱਕ ਨਵੀਂ ਖੋਜ ਨੇ ਸਾਡੀ ਸੋਚ ਅਤੇ ਸਿਹਤ ਵਿਚਲਾ ਦਿਲਚਸਪ ਰਿਸ਼ਤਾ ਉਜਾਗਰ ਕੀਤਾ ਹੈ। ਜੇ ਤੁਸੀਂ ਆਪਣੀਆਂ ਸਰੀਰਕ ਗਤੀਵਿਧੀਆਂ ਬਾਰੇ ਵਧਰੇ ਹੀ ਨਾਂਹਮੁਖੀ ਸੋਚੋਂਗੇ ਤਾਂ ਖ਼ੁਦ ਨੂੰ ਬਿਮਾਰ ਮਹਿਸੂਸ ਕਰਨ ਲੱਗ ਪਵੋਗੇ।

ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਇਸ ਅਧਿਐਨ ਲਈ ਕਈ ਢੰਗ ਅਪਣਾਏ ਗਏ ਹਨ। ਇਸ ਵਿੱਚ ਇਹ ਵੀ ਸ਼ਾਮਲ ਸੀ ਕਿ ਉਹ ਕਿੰਨੀ ਕਸਰਤ ਕਰਦੇ ਸਨ ਅਤੇ ਦੂਸਰਾ ਕਿ ਉਨ੍ਹਾਂ ਨੇ ਆਪਣੀ ਕਸਰਤ ਦੀ ਦੂਸਰੇ ਹਮ ਉਮਰਾਂ ਨਾਲ ਕਿਵੇਂ ਤੁਲਨਾ ਕੀਤੀ, ਉਨ੍ਹਾਂ ਦੀ ਕਿਹੋ-ਜਿਹੀਆਂ ਬਿਮਾਰੀਆਂ ਨਾਲ ਮੌਤ ਹੋਈ।

ਸਿਹਤ ਉੱਪਰ ਸੋਚ ਦਾ ਅਸਰ

ਰਿਸਰਚਰਾਂ ਨੂੰ ਇਨ੍ਹਾਂ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਬਾਰੇ ਇੱਕ ਦਿਲਚਸਪ ਗੱਲ ਪਤਾ ਲੱਗੀ। ਸਾਰੇ ਵਿਅਕਤੀ ਇੱਕੋ-ਜਿਹੀ ਕਸਰਤ ਕਰ ਰਹੇ ਸਨ।

ਫੇਰ ਵੀ ਜਿਨ੍ਹਾਂ ਨੇ ਸੋਚਿਆ ਕਿ ਉਹ ਆਪਣੇ ਹਮ ਉਮਰਾਂ ਜਿੰਨੀ ਹੀ ਕਸਰਤ ਕਰ ਰਹੇ ਸਨ। ਉਨ੍ਹਾਂ ਦੀ ਜਲਦੀ ਮੌਤ ਹੋ ਗਈ ਜਦਕਿ ਜਿੰਨ੍ਹਾਂ ਨੇ ਇਹ ਸੋਚਿਆ ਕਿ ਉਹ ਵੱਧ ਕਸਰਤ ਕਰਦੇ ਹਨ, ਉਹ ਜ਼ਿਆਦਾ ਦੇਰ ਜਿਉਂਦੇ ਰਹੇ।

ਜਦੋਂ ਸਿਹਤ ਨਾਲ ਜੁੜੇ ਹੋਰ ਕਾਰਕਾਂ ਨੂੰ ਵਿਚਾਰਿਆ ਗਿਆ ਜਿਵੇਂ ਔਸਤ ਸਿਹਤ ਅਤੇ ਸਮੋਕਿੰਗ ਆਦਿ ਤਾਂ ਵੀ ਸਿਹਤ ਉੱਪਰ ਸੋਚ ਦਾ ਅਸਰ ਕਾਇਮ ਰਿਹਾ।

ਬੇਸ਼ੱਕ ਕਸਰਤ ਸਾਡੀ ਸਿਹਤ 'ਤੇ ਅਸਰ ਪਾਉਂਦੀ ਹੈ ਪਰ ਕਸਰਤ ਬਾਰੇ ਸਾਡੀ ਸੋਚ ਵੀ ਅਸਰ ਪਾਉਂਦੀ ਹੈ।

ਕਸਰਤ ਕਰਦੀ ਔਰਤ

ਤਸਵੀਰ ਸਰੋਤ, Getty Images

ਖੋਜ ਦੀ ਲੇਖਕ ਓਕਟਿਵਿਆ ਜ਼ਰਟ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਕੈਲੀਫੋਰਨੀਆ ਪੜ੍ਹਾਈ ਕਰਨ ਆਏ ਤਾਂ ਉਨ੍ਹਾਂ ਨੂੰ ਅਕਸਰ ਟਰੈਕ ਸੂਟ ਪਹਿਨੇ ਹੋਏ ਲੋਕ ਮਿਲਦੇ ਜਿੰਨ੍ਹਾਂ ਨੂੰ ਦੇਖ ਕੇ ਇੰਝ ਲਗਦਾ ਸੀ ਜਿਵੇਂ ਉਹ ਜਾਂ ਤਾਂ ਜਿੰਮ ਆ ਰਹੇ ਹਨ ਜਾਂ ਆ ਰਹੇ ਹਨ।

ਉਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦੇ ਅਤੇ ਲੰਡਨ ਵਿੱਚ ਸਾਈਕਲਿੰਗ ਵੀ ਕਰਦੇ ਅਤੇ ਕਸਰਤ ਵੀ ਪਰ ਜਦੋਂ ਉਨ੍ਹਾਂ ਨੇ ਆਪਣੀ ਤੁਲਨਾ ਹੋਰਾਂ ਨਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਖੁਦ ਨੂੰ ਬਿਮਾਰ ਮਹਿਸੂਸ ਕਰਨ ਲੱਗੇ।

ਉਨ੍ਹਾਂ ਨੂੰ ਲੱਗਿਆ ਕਿ ਹੋਰਾਂ ਦੇ ਮੁਕਾਬਲੇ ਆਪਣੇ-ਆਪ ਨੂੰ ਘੱਟ ਐਕਟਿਵ ਮਹਿਸੂਸ ਕਰਨ ਦਾ ਸਿਹਤ 'ਤੇ ਅਸਰ ਪੈਂਦਾ ਹੈ—ਉਨ੍ਹਾਂ ਦੀ ਧਾਰਨਾ ਸਹੀ ਸਾਬਤ ਹੋਈ।

ਜਿਹਾ ਮਨ ਤੇਹਾ ਤਨ

ਉਨ੍ਹਾਂ ਦੇਖਿਆ ਕਿ ਆਪਣੇ ਆਪ ਨੂੰ ਬਾਕੀਆਂ ਮੁਕਾਬਲੇ ਸੁਸਤ ਮਹਿਸੂਸ ਕਰਨ ਵਾਲਿਆਂ ਦੀ ਮੌਤ ਦਾ ਖ਼ਤਰਾ, ਆਪਣੇ ਆਪ ਨੂੰ ਦੂਜਿਆਂ ਨਾਲੋਂ ਚੁਸਤ ਮੰਨਣ ਵਾਲਿਆਂ ਦੇ ਮੁਕਾਬਲੇ 71 ਫੀਸਦੀ ਵੱਧ ਸੀ।

ਜ਼ਰਟ ਦੇ ਦਾਅਵੇ ਅਸਾਧਾਰਣ ਲਗਦੇ ਹਨ ਪਰ ਇਸ ਤਰਕ ਬਾਰੇ ਤਿੰਨ ਵੱਡੇ ਕਾਰਨ ਹਨ।

ਕਸਰਤ ਕਰਦੀ ਔਰਤ

ਤਸਵੀਰ ਸਰੋਤ, Getty Images

ਪਹਿਲਾ ਤਾਂ ਇਹੀ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਚੁਸਤ ਮਹਿਸੂਸ ਨਾ ਕਰੀਏ ਤਾਂ ਅਸੀਂ ਫਿਕਰਮੰਦ ਹੋ ਜਾਂਦੇ ਹਾਂ।

ਹਮੇਸ਼ਾ ਕਸਰਤ ਕਰਨ ਦੇ ਮਿਲਦੇ ਸੁਨੇਹੇ ਅਤੇ ਹੋਰਾਂ ਨੂੰ ਕਸਰਤ ਕਰਦਿਆਂ ਦੇਖ ਕੇ ਸਾਡੀ ਫਿਕਰ ਵੱਧ ਜਾਂਦੀ ਹੈ। ਇਹੀ ਫਿਕਰਮੰਦੀ ਤੁਹਾਡੀ ਸਿਹਤ 'ਤੇ ਅਸਰ ਪਾਉਂਦੀ ਹੈ।

ਇਸ ਦੇ ਉਲਟ ਜੇ ਤੁਸੀਂ ਆਪਣੇ ਆਪ ਨਾਲ ਚੁਸਤ ਸਮਝਦੇ ਹੋ ਤਾਂ ਤੁਸੀਂ ਆਪਣੀ ਸੋਚ 'ਤੇ ਖਰੇ ਉੱਤਰਨ ਲਈ ਵਧੇਰੇ ਕਸਰਤ ਕਰੋਗੇ।

ਸਾਲ 2015 ਦੇ ਇੱਕ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਜੇ ਤੁਸੀਂ ਖ਼ੁਦ ਨੂੰ ਆਪਣੇ ਦੋਸਤਾਂ ਨਾਲੋਂ ਘੱਟ ਤੰਦਰੁਸਤ ਸਮਝਦੇ ਹੋ ਤਾਂ ਤੁਸੀਂ ਬਹੁਤੀ ਕਸਰਤ ਨਹੀਂ ਕਰੋਗੇ।

ਕਿਹਾ ਜਾਂਦਾ ਹੈ ਨਾ ਕਿ ਜੇ ਦੋਸਤ ਫੇਲ੍ਹ ਹੋ ਜਾਵੇ ਤਾਂ ਦੁੱਖ ਹੁੰਦਾ ਹੈ ਪਰ ਜੇ ਉਹ ਅੱਗੇ ਲੰਘ ਜਾਵੇ ਤਾਂ ਵਧੇਰੇ ਦੁੱਖ ਹੁੰਦਾ ਹੈ।

ਇਸ ਲਈ ਜੇ ਸਾਨੂੰ ਲੱਗੇ ਕਿ ਸਾਡੇ ਦੋਸਤ ਸਾਡੇ ਨਾਲ ਵੱਧ ਕਸਰਤ ਕਰਦੇ ਹਨ ਫੇਰ ਤਾਂ ਅਸੀਂ ਬਿਲਕੁਲ ਵੀ ਕਸਰਤ ਨਹੀਂ ਕਰਾਂਗੇ।

ਤੀਜਾ ਆਧਾਰ ਹੈ ਕਿ ਜੇ ਤੁਸੀਂ ਦਵਾਈ ਨੂੰ ਵਧੀਆ ਸਮਝ ਕੇ ਖਾਓ ਤਾਂ ਤੁਸੀਂ ਮਿੱਠੀ ਗੋਲੀ ਨਾਲ ਵੀ ਠੀਕ ਹੋ ਜਾਂਦੇ ਹੋ ਪਰ ਜੇ ਤੁਹਾਨੂੰ ਦਵਾਈ ਤੋਂ ਕੋਈ ਬਹੁਤੀ ਉਮੀਦ ਨਹੀਂ ਹੈ ਤਾਂ ਦਵਾਈ ਵੀ ਅਸਰ ਨਹੀਂ ਕਰਦੀ। ਇਹੀ ਗੱਲ ਕਸਰਤ ਬਾਰੇ ਵੀ ਸਹੀ ਹੈ।

ਇਸੇ ਕਰਕੇ ਭਾਵੇਂ ਕਿ ਲੋਕ ਆਪਣੇ ਦੋਸਤਾਂ ਜਿੰਨੇ ਹੀ ਐਕਟਿਵ ਸਨ ਪਰ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਸੁਸਤ ਸਮਝਿਆ ਇਸ ਲਈ, ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਹੋਇਆ।

ਵੀਡੀਓ ਕੈਪਸ਼ਨ, ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਸਰਤ

ਹੋਟਲਾਂ ਦੇ ਕਰਮਚਾਰੀ ਦੇਖੋ। ਆਪਣਾ ਕੰਮ ਕਰਦੇ ਹੋਏ ਕਿੰਨੀ ਕਸਰਤ ਕਰ ਲੈਂਦੇ ਹਨ-ਕਦੇ ਪੋਚੇ ਲਾਉਣੇ ਕਦੇ ਚਾਦਰਾਂ ਬਦਲਨੀਆਂ, ਮਹਿਮਾਨਾਂ ਦੇ ਕੱਪੜੇ ਲਾਉਂਡਰੀ ਵਿੱਚ ਲਿਜਾਣੇ ਵਾਪਸ ਲਿਆ ਕੇ ਦੇਣੇ, ਆਦਿ।

ਸਾਲ 2007 ਦੇ ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਇਹ ਕਰਮਚਾਰੀ ਆਪਣੇ ਕੰਮ ਨੂੰ ਕਸਰਤ ਨਹੀਂ ਸਮਝਦੇ।

ਸਟੈਨਫੋਰਡ ਯੂਨੀਵਰਸਿਟੀ ਦੇ ਹੀ ਆਲੀਆ ਕ੍ਰਮ ਨੇ ਇੱਕ ਹੋਟਲ ਦੇ ਅੱਧੇ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦਾ ਕੰਮ ਕਿਵੇਂ ਉਨ੍ਹਾਂ ਨੂੰ ਕਸਰਤ ਦੇ ਲਾਭ ਦਿੰਦਾ ਹੈ।

ਚਾਰ ਹਫਤਿਆਂ ਬਾਅਦ ਦੇਖਿਆ ਗਿਆ ਕਿ ਉਨ੍ਹਾਂ ਕਰਮਚਾਰੀਆਂ ਦਾ ਭਾਰ ਵੀ ਘਟ ਗਿਆ ਸੀ ਅਤੇ ਲਹੂ ਦਾਬ ਵੀ ਸਹੀ ਰਹਿਣ ਲੱਗਿਆ ਸੀ

ਹੁਣ ਉਹ ਆਪਣੇ ਕੰਮ ਨੂੰ ਕਸਰਤ ਕਰਨ ਲਈ ਇੱਕ ਮੌਕਾ ਸਮਝਣ ਲੱਗ ਪਏ ਸਨ, ਇਸ ਕਰਕੇ ਉਨ੍ਹਾਂ ਨੂੰ ਲਾਭ ਵੀ ਮਿਲ ਰਿਹਾ ਸੀ। ਇਸ ਪਿੱਛੇ ਦੋ ਸੰਭਾਵਨਾਵਾਂ ਹੋਨ ਸਕਦੀਆਂ ਹਨ।

ਪਹਿਲੀ ਹੁਣ ਉਹ ਆਪਣਾ ਕੰਮ ਵਧੇਰੇ ਜ਼ੋਰ ਲਾ ਕੇ ਉਤਸ਼ਾਹ ਨਾਲ ਕਰਨ ਲੱਗ ਪਏ ਸਨ ਜਾਂ ਮਿੱਠੀ ਗੋਲੀ ਵਾਲੀ ਗੱਲ ਹੋ ਗਈ ਸੀ। ਭਾਵ ਉਹ ਆਪਣੇ ਕੰਮ ਤੋਂ ਚੰਗੀ ਉਮੀਦ ਕਰਨ ਲੱਗ ਪਏ ਸਨ।

ਸਾਲ 2003 ਦੇ ਇੱਕ ਅਧਿਐਨ ਵਿੱਚ 7,000 ਸਿਵਲ ਸੇਵਾ ਦੇ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਮੁਤਾਬਕ ਜਵਾਨੀ ਕਦੋਂ ਖ਼ਤਮ ਹੁੰਦੀ ਹੈ ਤੇ ਬੁਢਾਪਾ ਕਦੋਂ ਸ਼ੁਰੂ ਹੁੰਦਾ ਹੈ।

ਜਦੋਂ ਡਾਟੇ ਦਾ ਹਨਾ ਕੂਪਰ ਅਤੇ ਪ੍ਰਫੈਸਰ ਮਿਸ਼ੇਲ ਮਗਰਮੋਟ ਨੇ ਵਿਸ਼ਲੇਸ਼ਣ ਕੀਤਾ ਤਾਂ ਜਿੰਨ੍ਹਾਂ ਨੇ ਕਿਹਾ ਕਿ ਬੁਢਾਪਾ 60 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ ਹੈ ਪਰ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਜਲਦੀ ਲੱਗ ਗਈਆਂ ਜਦਕਿ ਜਿੰਨ੍ਹਾਂ ਨੇ 70 ਸਾਲ ਦੱਸਿਆ ਸੀ ਉਹ ਵਧੇਰੇ ਸਮਾਂ ਤੰਦਰੁਸਤ ਰਹੇ।

ਕਸਰਤ ਕਰਦਾ ਵਿਅਕਤੀ ਚਿਹਰਾ ਨਹੀਂ ਦਿਖ ਰਿਹਾ

ਤਸਵੀਰ ਸਰੋਤ, Getty Images

ਇਸ ਸੌਖੇ ਜਿਹੇ ਸਵਾਲ ਜਵਾਬ ਤੋਂ ਕਈ ਗੱਲਾਂ ਪਤਾ ਚਲਦੀਆਂ ਹਨ। ਸ਼ਾਇਦ ਮਾੜੀ ਸਿਹਤ ਕਰਕੇ ਉਹ ਬੁੱਢੇ ਮਹਿਸੂਸ ਕਰਦੇ ਹਨ।

ਉਨ੍ਹਾਂ ਨੂੰ ਲਗਦਾ ਹੋ ਸਕਦਾ ਹੈ ਕਿ ਹੁਣ ਬਹੁਤਾ ਸਮਾਂ ਨਹੀਂ ਬਚਿਆ ਇਸੇ ਕਰਕੇ ਉਹ ਕਸਰਤ ਨਾ ਕਰਦੇ ਹੋਣ ਜਾਂ ਸ਼ਾਇਦ ਉਹ ਬੁਢਾਪੇ ਬਾਰੇ ਜ਼ਿਆਦਾ ਹੀ ਗੰਭੀਰ ਹੋਣ ਇਸ ਕਰਕੇ ਉਨ੍ਹਾਂ ਦੀ ਸਿਹਤ 'ਤੇ ਅਸਰ ਪੈ ਰਿਹਾ ਹੋਵੇ।

ਇਹ ਹਾਲਤ ਸਿਹਤ ਪ੍ਰੋਫੈਸ਼ਨਲਾਂ ਲਈ ਵਧੇਰੇ ਗੁੰਝਲਦਾਰ ਹੈ। ਉਹ ਕੀ ਦੱਸਣ ਕਿ ਤੰਦਰੁਸਤ ਰਹਿਣ ਲਈ ਕਿੰਨੀ ਕਸਰਤ ਕਰਨੀ ਚਾਹੀਦੀ ਹੈ। ਦੂਜੇ ਪਾਸੇ ਅਜਿਹੀਆਂ ਖੋਜਾਂ ਦੱਸਦੀਆਂ ਹਨ ਕਿ ਜੇ ਉਦੇਸ਼ ਜ਼ਿਆਦਾ ਉੱਚੇ ਹੋਣਗੇ ਤਾਂ ਨਿਰਾਸ਼ਾ ਵਧੇਰੇ ਹੋਵੇਗੀ।

ਜਦੋਂ ਤੱਕ ਕਿ ਇਹ ਪਤਾ ਨਹੀਂ ਲੱਗ ਜਾਂਦਾ ਤਦ ਤੱਕ ਕੁਝ ਵੀ ਕਹਿ ਸਕਣਾ ਮੁਸ਼ਕਿਲ ਹੈ ਤਦ ਤੱਕ ਤਾਂ ਇਹੀ ਕੀਤਾ ਜਾ ਸਕਦਾ ਹੈ ਕਿ ਮੈਂ ਜਿੰਨੀ ਕਸਰਤ ਕਰਦੀ ਹਾਂ ਉਸਨੂੰ ਵਧੀਆ ਮੰਨਾਂ ਅਤੇ ਆਪਣੇ ਹਮੇਸ਼ਾ ਦੌੜਦੇ ਰਹਿਣ ਵਾਲੇ ਦੋਸਤਾਂ ਨਾਲ ਕਸਰਤ ਬਾਰੇ ਬਹੁਤੀਆਂ ਗੱਲਾਂ ਕਰਨ ਤੋਂ ਬਚਾਂ।

line

ਦਸਤਬਰਦਾਰੀ

ਇਸ ਲੇਖ ਸਧਾਰਣ ਜਾਣਕਾਰੀ ਲਈ ਹੈ ਅਤੇ ਇਸ ਨੂੰ ਡਾਕਟਰੀ ਸਲਾਹ ਨਹੀਂ ਲਿਆ ਜਾਣਾ ਚਾਹੀਦਾ। ਇਸ ਜਾਣਕਾਰੀ ਦੇ ਆਧਾਰ 'ਤੇ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਬੀਬੀਸੀ ਇਸ ਲਈ ਜਿੰਮੇਵਾਰ ਨਹੀਂ ਹੋਵੇਗੀ।

ਇਸ ਲੇਖ ਵਿੱਚ ਵਰਤੇ ਗਏ ਬਾਹਰੀ ਹਵਾਲਿਆਂ ਬਾਰੇ ਬੀਬੀਸੀ ਦੀ ਕੋਈ ਜਿੰਮੇਵਾਰੀ ਨਹੀਂ ਹੈ ਅਤੇ ਨਾਹੀ ਅਸੀਂ ਕਿਸੇ ਦੀ ਮਸ਼ਹੂਰੀ ਕਰ ਰਹੇ ਹਾਂ। ਜੇ ਤੁਹਾਨੂੰ ਆਪਣੀ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਦਾ ਫਿਕਰ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲਵੋ। ਬੀਬੀਸੀ ਫਿਊਚਰ ਦੀ ਵੈੱਬਸਾਈਟ 'ਤੇ ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)