ਕੀ ਤੁਸੀਂ ਜਾਣਦੇ ਹੋ ਫ਼ਿਕਰ ਤੁਹਾਨੂੰ ਮੋਟਾ ਕਰ ਸਕਦੀ ਹੈ?

ਤਸਵੀਰ ਸਰੋਤ, Getty Images
- ਲੇਖਕ, ਡਾ. ਮਾਈਕਰ ਮੋਸਲੇ
- ਰੋਲ, ਬੀਬੀਸੀ
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋੜ ਤੋਂ ਵੱਧ ਕੈਲਰੀਜ਼ ਖਾਣ ਨਾਲ ਅਸੀਂ ਮੋਟੇ ਹੁੰਦੇ ਹਾਂ। ਇਹ ਅੱਧਾ ਸੱਚ ਹੈ ਕਿਉਂਕਿ ਇਸ ਤੋਂ ਸਾਨੂੰ ਇਹ ਨਹੀਂ ਪਤਾ ਚਲਦਾ ਕਿ ਆਖ਼ਰ ਅਸੀਂ ਜ਼ਿਆਦਾ ਖਾਂਦੇ ਹੀ ਕਿਉਂ ਹਾਂ?
ਸਾਨੂੰ ਕੇਕ ਜਾਂ ਚਾਕਲੇਟ ਖਾਣ ਦਾ ਮਨ ਹੀ ਕਿਉਂ ਹੁੰਦਾ ਹੈ? ਭਾਵੇਂ ਹੀ ਸਾਨੂੰ ਪਤਾ ਹੁੰਦਾ ਹੈ ਕਿ ਕੁਝ ਦੇਰ ਮਗਰੋਂ ਪਛਤਾਉਣਾ ਵੀ ਪਵੇਗਾ।
ਕੀ ਇਹ ਸਿਰਫ਼ ਲਾਲਚ ਹੈ ਜਾਂ ਕੁਝ ਹੋਰ ਵੀ ਹੈ ਜੋ ਸਾਨੂੰ ਖਾਣ ਲਈ ਉਕਸਾਉਂਦਾ ਹੈ।
ਚਿੰਤਾ ਹੈ ਭਾਰ ਦਾ ਕਾਰਨ
ਆਤਮ ਸੰਜਮ ਦੀ ਆਪਣੀ ਅਹਿਮੀਅਤ ਹੈ ਪਰ ਇਸ ਗੱਲ ਦੇ ਵੀ ਸਬੂਤ ਸਾਹਮਣੇ ਆ ਰਹੇ ਹਨ ਕਿ ਚਿੰਤਾ ਵੀ ਭਾਰ ਵਧਾਉਣ ਵਿੱਚ ਕੋਈ ਘੱਟ ਯੋਗਦਾਨ ਨਹੀਂ ਪਾਉਂਦੀ।
ਬਹੁਤੀ ਚਿੰਤਾ ਨਾਲ ਸਾਡੇ ਲਹੂ ਵਿੱਚ ਸ਼ੱਕਰ ਦੀ ਮਾਤਰਾ ਤੇ ਨੀਂਦ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਜ਼ਿਆਦਾ ਖਾਣ ਨੂੰ ਮਨ ਕਰਦਾ ਹੈ ਤੇ ਇਨਸਾਨ ਵਧੀਆ ਮਹਿਸੂਸ ਕਰਨ ਲਈ ਖਾਣ ਲਗਦਾ ਹੈ।
ਇਸ ਨਾਲ ਨੀਂਦ ਹੋਰ ਖ਼ਰਾਬ ਹੁੰਦੀ ਹੈ, ਚਿੰਤਾ ਹੋਰ ਵਧਦੀ ਹੈ ਤੇ ਲਹੂ ਵਿੱਚ ਸ਼ੱਕਰ ਦੀ ਮਾਤਰਾ ਹੋਰ ਪ੍ਰਭਾਵਿਤ ਹੁੰਦੀ ਹੈ।
ਨਾ ਸਿੁਰਫ਼ ਭਾਰ ਵਧਦਾ ਹੈ ਬਲਕਿ ਅੱਗੇ ਜਾ ਕੇ ਟਾਈਪ-2 ਡਾਈਬਿਟੀਜ਼ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
'ਟਰਸਟ ਮੀ' ਦੇ ਮੈਂਬਰ ਡਾ. ਗਿਲੀਜ਼ ਯੋਅ ਨੇ ਲੀਡਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਇੱਕ ਪ੍ਰਯੋਗ ਕਰਨ ਦਾ ਸੋਚਿਆ।
ਇਸ ਲਈ ਉਨ੍ਹਾਂ ਇੱਕ ਦਿਨ ਬੇਹੱਦ ਚਿੰਤਾ ਭਰਪੂਰ ਦਿਨ ਬਿਤਾਉਣਾ ਸੀ।
ਲੀਡਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਗਿਲੀਜ਼ ਨੂੰ ਚਿੰਤਾ ਬਾਰੇ ਇੱਕ ਮਨੋਵਿਗਿਆਨਕ ਟੈਸਟ ਲੈਣ ਲਈ ਕਿਹਾ।
ਉਨ੍ਹਾਂ ਨੇ ਗਿਲੀਜ਼ ਨੂੰ ਇੱਕ ਕੰਪਿਊਟਰ ਸਾਹਮਣੇ ਬਿਠਾਇਆ ਤੇ ਘਟਾਓ ਦਾ ਇੱਕ ਸਵਾਲ ਹੱਲ ਕਰਨ ਲਈ ਕਿਹਾ।
ਹੈਰਾਨੀ ਦੀ ਗੱਲ ਸੀ ਕਿ ਗਿਲੀਜ਼ ਇਸ ਵਿੱਚ ਵਾਰ-ਵਾਰ ਗ਼ਲਤੀਆਂ ਕਰਦੇ ਰਹੇ। ਇਹ ਗਿਲੀਜ਼ ਵਰਗੇ ਇਨਸਾਨ ਲਈ ਖ਼ਾਸ ਤੌਰ 'ਤੇ ਚਿੰਤਾ ਦੇਣ ਵਾਲਾ ਸੀ।
ਫੇਰ ਵਿਗਿਆਨੀਆਂ ਨੇ ਗਿਲੀਜ਼ ਨੂੰ ਆਪਣਾ ਹੱਥ ਬਰਫ਼ ਵਰਗੇ ਠੰਡੇ ਪਾਣੀ ਵਿੱਚ ਰੱਖਣ ਲਈ ਕਿਹਾ।
ਇਹ ਟੈਸਟ ਲੈਣ ਤੋਂ ਪਹਿਲਾਂ ਤੇ ਬਾਅਦ ਵਿੱਚ ਗਿਲੀਜ਼ ਦੀ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ।

ਤਸਵੀਰ ਸਰੋਤ, Getty Images
ਖਾਣਾ ਖਾਣ ਦੇ ਤੁਰੰਤ ਬਾਅਦ ਸਾਡੇ ਖ਼ੂਨ ਵਿੱਚ ਸ਼ੱਕਰ ਵੱਧ ਜਾਂਦੀ ਹੈ। ਗਿਲੀਜ਼ ਵਰਗੇ ਤੰਦਰੁਸਤ ਇਨਸਾਨ ਵਿੱਚ ਇਹ ਜਲਦ ਹੀ ਸਧਾਰਨ ਪੱਧਰ 'ਤੇ ਆ ਜਾਂਦੀ ਹੈ।
ਵਿਗਿਆਨੀਆਂ ਨੇ ਦੇਖਿਆ ਕਿ ਜਦੋਂ ਗਿਲੀਜ਼ ਨੂੰ ਖਾਸ ਕਰਕੇ ਫ਼ਿਕਰਾਂ ਵਿੱਚ ਪਾਇਆ ਗਿਆ ਸੀ ਤਾਂ ਉਨ੍ਹਾਂ ਦੇ ਖੂਨ ਦੇ ਪੱਧਰ ਨੇ ਸਧਾਰਣ ਪੱਧਰ 'ਤੇ ਆਉਣ ਵਿੱਚ ਆਮ ਦੇ ਮੁਕਾਬਲੇ ਤਿੰਨ ਤੋਂ ਛੇ ਘੰਟਿਆਂ ਦਾ ਸਮਾਂ ਲੱਗਿਆ।
ਇਸ ਦੇ ਪਿੱਛੇ ਕਾਰਨ ਇਹ ਹੈ ਕਿ ਚਿੰਤਾ ਦੀ ਦਿਸ਼ਾ ਵਿੱਚ ਤੁਹਾਡਾ ਸਰੀਰ ਇੱਕ ਖ਼ਾਸ ਮੋਡ ਵਿੱਚ ਚਲਿਆ ਜਾਂਦਾ ਹੈ। ਸਰੀਰ ਜਾਂ ਤਾਂ ਉਸ ਸਥਿਤੀ ਨਾਲ ਲੜਨਾ ਚਾਹੁੰਦਾ ਹੈ ਜਾਂ ਉਸ ਤੋਂ ਭੱਜਣਾ ਚਾਹੁੰਦਾ ਹੈ।
ਪੂਰੀ ਨੀਂਦ ਲੈਣੀ ਚੀਹੀਦੀ ਹੈ
ਤੁਹਾਡੇ ਸਰੀਰ ਨੂੰ ਲਗਦਾ ਹੈ ਕਿ ਉਹ ਖ਼ਤਰੇ ਵਿੱਚ ਹੈ ਤੇ ਤੁਹਾਡੀਆਂ ਮਾਸਪੇਸ਼ੀਆਂ ਨੂੰ ਤਾਕਤ ਦੇਣ ਲਈ ਖੂਨ ਵਿੱਚ ਗੁਲੂਕੋਜ਼ ਦੀ ਮਾਤਰਾ ਵਧਾ ਦਿੰਦਾ ਹੈ।

ਤਸਵੀਰ ਸਰੋਤ, Science Photo Library
ਜੇ ਤੁਹਾਨੂੰ ਖ਼ਤਰੇ ਤੋਂ ਬਚਣ ਲਈ ਇਸ ਊਰਜਾ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਪਾਚਕ ਗ੍ਰੰਥੀ (ਪੈਂਕਰੀਆਜ਼) ਇਸ ਨੂੰ ਬਾਹਰ ਕੱਢ ਦਿੰਦੀ ਹੈ।
ਇਸ ਨਾਲ ਖ਼ੂਨ ਵਿੱਚ ਸ਼ੱਕਰ ਦਾ ਪੱਧਰ ਸਾਧਾਰਨ ਪੱਧਰ 'ਤੇ ਆ ਜਾਂਦਾ ਹੈ।
ਅਜਿਹਾ ਕੁਝ ਤਦ ਵੀ ਹੁੰਦਾ ਹੈ ਜਦੋਂ ਸਾਡੀ ਨੀਂਦ ਪੂਰੀ ਨਹੀਂ ਹੁੰਦੀ।
ਹਾਲ ਹੀ ਵਿੱਚ ਇੱਕ ਅਧਿਐਨ ਕਿੰਗਜ਼ ਕਾਲਜ, ਲੰਡਨ ਦੇ ਖੋਜਕਾਰਾਂ ਨੇ ਕੀਤਾ।
ਉਨ੍ਹਾਂ ਨੇ ਦੇਖਿਆ ਕਿ ਜੇ ਲੋਕਾਂ ਨੂੰ ਨੀਂਦ ਪੂਰੀ ਨਾ ਕਰਨ ਦਿੱਤੀ ਜਾਵੇ ਤਾਂ ਉਹ ਸਾਧਾਰਨ ਨਾਲੋਂ 385 ਕੈਲੋਰੀਆਂ ਜ਼ਿਆਦਾ ਲੈਂਦੇ ਹਨ। ਇਹ ਇੱਕ ਵੱਡੇ ਮਫਿਨ ਜਿੰਨੀਆਂ ਹਨ।
ਇੱਕ ਹੋਰ ਅਧਿਐਨ ਤਿੰਨ ਤੋਂ ਚਾਰ ਸਾਲਾਂ ਦੇ ਬੱਚਿਆਂ ਦੇ ਛੋਟੇ-ਛੋਟੇ ਸਮੂਹਾਂ 'ਤੇ ਕੀਤਾ ਗਿਆ।
ਉਹ ਸਾਰੇ ਆਦਤ ਮੁਤਾਬਕ ਦੁਪਹਿਰੇ ਸੌਂਦੇ ਸਨ। ਇਨ੍ਹਾਂ ਬੱਚਿਆਂ ਨੂੰ ਨਾ ਸਿਰਫ਼ ਦੁਪਹਿਰੇ ਸੌਣ ਨਾ ਦਿੱਤਾ ਗਿਆ ਬਲਕਿ ਰਾਤ ਨੂੰ ਵੀ ਦੋ ਘੰਟੇ ਵੱਧ ਜਗਾ ਕੇ ਰੱਖਿਆ ਗਿਆ।
ਅਗਲੇ ਦਿਨ ਬੱਚਿਆਂ ਨੇ 20 ਫ਼ੀਸਦੀ ਵੱਧ ਕੈਲੋਰੀਆਂ ਖਾਧੀਆਂ। ਉਨ੍ਹਾਂ ਨੇ ਜ਼ਿਆਦਾਤਰ ਸ਼ੂਗਰ ਤੇ ਕਾਰਬੋਹਾਈਡਰੇਟ ਖਾਧੇ। ਉਸ ਮਗਰੋਂ ਉਨ੍ਹਾਂ ਨੂੰ ਜੀਅ ਭਰ ਕੇ ਸੌਣ ਦਿੱਤਾ ਗਿਆ।

ਤਸਵੀਰ ਸਰੋਤ, Getty Images
ਉਸ ਤੋਂ ਅਗਲੇ ਦਿਨ ਵੀ ਬੱਚਿਆਂ ਨੇ 14 ਫ਼ੀਸਦੀ ਵੱਧ ਕੈਲੋਰੀਆਂ ਖਾਧੀਆਂ।
ਤਾਂ ਫ਼ੇਰ ਤੁਸੀਂ ਚਿੰਤਾ ਕਰਨੀ ਕਿਵੇਂ ਘਟਾ ਸਕਦੇ ਹੋ?
ਤਣਾਅ ਦੂਰ ਕਰਨ ਲਈ ਸਾਹ ਲਓ
NHS Choices ਵੱਲੋਂ ਸਾਹ ਲੈਣ ਦੀ ਤਕਨੀਕ ਦੀ ਸਿਫ਼ਾਰਸ਼ ਕੀਤੀ ਗਈ ਹੈ, ਜੋ ਮੇਰੇ ਲਈ ਬਹੁਤ ਕਾਰਗਾਰ ਸਾਬਤ ਹੋਈ। ਜੇ ਤੁਸੀਂ ਇਸਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਵੋ ਤਾਂ ਤੁਹਾਨੂੰ ਇਸਦਾ ਬਹੁਤ ਫਾਇਦਾ ਮਿਲੇਗਾ।
- ਤੁਸੀਂ ਇਸਨੂੰ ਖੜ੍ਹੇ ਹੋਏ, ਬੈਠੇ ਹੋਏ ਜਾਂ ਫਿਰ ਲੇਟੇ ਹੋਏ ਵੀ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਸਕੂਨ ਮਿਲੇਗਾ।
- ਸਭ ਤੋਂ ਪਹਿਲਾਂ ਡੂੰਘਾ ਸਾਹ ਲਵੋ, ਬਿਨਾਂ ਜ਼ੋਰ ਲਗਾਏ ਆਪਣੇ ਨੱਕ ਰਾਹੀਂ ਪੰਜ ਵਾਰ ਸਾਹ ਲਵੋ
- ਉਸ ਤੋਂ ਬਾਅਦ ਆਪਣੇ ਮੂੰਹ ਰਾਹੀਂ 5 ਵਾਰ ਸਾਹ ਛੱਡੋ
- ਆਪਣੇ ਨੱਕ ਰਾਹੀਂ ਸਾਹ ਲਵੋ ਅਤੇ ਮੂੰਹ ਰਾਹੀਂ ਛੱਡੋ
- ਇਸਨੂੰ ਤਿੰਨ ਜਾਂ ਪੰਜ ਵਾਰ ਕਰੋ
ਮੈਂ ਸਿਫਾਰਿਸ਼ ਕਰਾਂਗਾ ਕਿ ਰਾਤ ਨੂੰ ਚੰਗੀ ਨੀਂਦ ਲਵੋ। ਇਹ ਕਰਨਾ ਸੌਖਾ ਹੈ, NHS Choices ਇਸਦੇ ਲਈ ਤੁਹਾਨੂੰ ਕੁਝ ਸੁਝਾਅ ਦੇ ਰਿਹਾ ਹੈ।
ਤੁਸੀਂ 'ਤਣਾਅ ਦੂਰ ਕਰਨ ਲਈ' ਕੁਝ ਹੋਰ ਤਕਨੀਕਾਂ ਵੀ ਵਰਤ ਕੇ ਦੇਖ ਸਕਦੇ ਹੋ ਜਿਵੇਂ ਕਸਰਤ, ਬਾਗਬਾਨੀ ਅਤੇ ਧਿਆਨ ਲਾਉਣਾ ਜਾਂ ਯੋਗਾ।
ਵੈਸਮਿਨਸਟਰ ਯੂਨੀਵਰਸਟੀ ਦੇ ਸਟ੍ਰੈੱਸ ਮਾਹਰ ਪ੍ਰੋਫ਼ੈਸਰ ਐਂਜੀਲਾ ਕਲੋਅ ਦੀ ਮਦਦ ਨਾਲ ਜਦੋਂ ਮੈਂ ਇਸਨੂੰ ਹਾਲ ਹੀ ਵਿੱਚ ਅਜ਼ਮਾ ਕੇ ਦੇਖਿਆ ਤਾਂ ਧਿਆਨ ਲਾਉਣਾ ਮੇਰੇ ਲਈ ਸਭ ਤੋਂ ਵੱਧ ਕਾਰਗਰ ਸਾਬਤ ਹੋਇਆ।
ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਕਿ ਤੁਹਾਨੂੰ ਇਸਦਾ ਪੂਰਾ ਫਾਇਦਾ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਇਸਦਾ ਆਨੰਦ ਮਾਣੋਗੇ।
ਇਸ ਕਰਕੇ ਵੱਖੋ-ਵੱਖ ਚੀਜ਼ਾਂ ਨੂੰ ਅਜ਼ਮਾ ਕੇ ਦੇਖੋ ਤਾਂ ਜੋ ਤੁਹਾਨੂੰ ਪਤਾ ਲੱਗੇ ਤੁਹਾਡੇ ਲਈ ਕਿਹੜੀ ਚੀਜ਼ ਸਭ ਤੋਂ ਵੱਧ ਕਾਰਗਰ ਸਾਬਤ ਹੋਈ।












