ਦੱਖਣੀ ਕੋਰੀਆ ਮੁਤਾਬਕ ਮਈ ਵਿੱਚ ਉੱਤਰੀ ਕੋਰੀਆ ਆਪਣਾ ਪਰਮਾਣੂ ਪ੍ਰੀਖਣ ਕੇਂਦਰ ਬੰਦ ਕਰੇਗਾ

ਤਸਵੀਰ ਸਰੋਤ, Getty Images
ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਵੱਲੋਂ ਮਈ ਮਹੀਨੇ ਵਿੱਚ ਪਰਮਾਣੂ ਹਥਿਆਰ ਟੈਸਟ ਸੈਂਟਰ ਬੰਦ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਬੁਲਾਰੇ ਯੂਨ ਯਾਂਗ ਚੈਨ ਨੇ ਦੱਸਿਆ ਕਿ ਪਰਮਾਣੂ ਕੇਂਦਰ ਬੰਦ ਕਰਨ ਦੀ ਪ੍ਰਕਿਰਿਆ ਜਨਤਕ ਤੌਰ 'ਤੇ ਹੋਵੇਗੀ।
ਚੈਨ ਮੁਤਾਬਕ, ''ਉੱਤਰੀ ਕੋਰੀਆ ਦੇ ਨੇਤਾ ਕਿਮ ਇਸ ਲਈ ਦੱਖਣੀ ਕੋਰੀਆ ਦੇ ਮਾਹਿਰਾਂ ਸਮੇਤ ਅਮਰੀਕਾ ਨੂੰ ਵੀ ਸੱਦਾ ਦੇਣਗੇ।''
ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਇਸ ਪ੍ਰਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ 'ਤੇ ਸਹਿਮਤ ਹੋਏ ਸਨ।

ਤਸਵੀਰ ਸਰੋਤ, Reuters
ਉਨ੍ਹਾਂ ਦੀ ਇਹ ਮੁਲਾਕਾਤ ਕਈ ਮਹੀਨਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਨੇਪਰੇ ਚੜ੍ਹੀ ਸੀ।
ਖ਼ਬਰ ਏਜੰਸੀ ਏਐੱਫਪੀ ਮੁਤਾਬਕ ਦੱਖਣੀ ਕੋਰੀਆਂ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ, ''ਸੰਮੇਲਨ ਦੌਰਾਨ ਕਿਮ ਨੇ ਕਿਹਾ ਕਿ ਪਰਮਾਣੂ ਟੈਸਟ ਸੈਂਟਰ ਮਈ ਵਿੱਚ ਬੰਦ ਕਰ ਦਿੱਤਾ ਜਾਵੇਗਾ।''
ਕਿਹੜਾ ਹੈ ਪਰਮਾਣੂ ਟੈਸਟ ਸੈਂਟਰ?
ਉੱਤਰੀ ਕੋਰੀਆ ਦੇ ਉੱਤਰੀ-ਪੂਰਬ ਵਿੱਚ ਇਹ ਕੇਂਦਰ ਸਥਾਪਿਤ ਹੈ। ਮੰਟਾਪ ਪਹਾੜਾਂ ਹੇਠ ਸੁਰੰਗਾਂ ਵਿੱਚ ਪੁਨਗਈ-ਰੀ ਨਿਊਰਕਲੀਅਰ ਟੈਸਟ ਸਾਈਟ ਬਣਾਈ ਗਈ ਹੈ।
2006 ਤੋਂ ਹੁਣ ਤੱਕ 6 ਪਰਮਾਣੂ ਟੈਸਟ ਇੱਥੋਂ ਕੀਤੇ ਜਾ ਚੁੱਕੇ ਹਨ।
ਦੱਖਣੀ ਕੋਰੀਆਈ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਉੱਤਰੀ ਕੋਰੀਆ ਆਪਣੇ ਟਾਈਮ ਜ਼ੋਨ ਵਿੱਚ ਵੀ ਬਦਲਾਅ ਕਰੇਗਾ। ਦੋਹਾਂ ਦੇਸਾਂ ਦੇ ਸਮੇਂ ਵਿੱਚ ਅੱਧੇ ਘੰਟੇ ਦਾ ਫ਼ਰਕ ਹੈ।












