ਕਿੱਥੋਂ ਮਿਲਦਾ ਹੈ ਉੱਤਰੀ ਕੋਰੀਆ ਨੂੰ ਇੰਟਰਨੈੱਟ ?

ਤਸਵੀਰ ਸਰੋਤ, Reuters
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਰਫੋਂ ਆਰਥਿਕ ਪਾਬੰਦੀਆਂ ਝੱਲ ਰਿਹਾ ਉੱਤਰੀ ਕੋਰੀਆ ਆਪਣੇ-ਆਪ ਨੂੰ ਬਾਕੀ ਸੰਸਾਰ ਨਾਲ ਇੰਟਰਨੈੱਟ ਰਾਹੀ ਕਿਵੇਂ ਜੋੜਦਾ ਹੈ? ਕਿਹੜੇ ਦੇਸ਼ ਉਸ ਨੂੰ ਇੰਟਰਨੈੱਟ ਸੇਵਾ ਦੇ ਰਹੇ ਹਨ ?
ਇਹ ਉਹ ਸਵਾਲ ਹਨ ਜਿਹੜੇ ਉੱਤਰੀ ਕੋਰੀਆ ਦੀਆਂ ਖ਼ਬਰਾਂ 'ਤੇ ਨਜ਼ਰ ਰੱਖਣ ਵਾਲੇ ਅਤੇ ਇਸ ਵਿੱਚ ਦਿਲਚਸਪੀ ਰੱਖਣ ਵਾਲੇ ਦੇ ਮਨ ਵਿੱਚ ਅਕਸਰ ਉੱਠਦੇ ਹਨ।
ਰੂਸ ਨੇ ਦਿੱਤਾ ਇੰਟਰਨੈੱਟ ਦਾ ਨਵਾਂ ਕੁਨੈਕਸ਼ਨ
ਹਾਲ ਹੀ ਵਿਚ ਇੱਕ ਖ਼ਬਰ ਨੇ ਖੁਲਾਸਾ ਕੀਤਾ ਹੈ ਕਿ ਉੱਤਰੀ ਕੋਰੀਆ ਨੂੰ ਰੂਸ ਰਾਹੀਂ ਇੰਟਰਨੈੱਟ ਦਾ ਨਵਾਂ ਕੁਨੈਕਸ਼ਨ ਮਿਲਿਆ ਹੈ।
ਰੂਸੀ ਕੰਪਨੀ ਟਰਾਂਸ ਟੈਲੀਕਾਮ ਨੇ ਉਸ ਨੂੰ ਇਹ ਸਹੂਲਤ ਦਿੱਤੀ ਹੈ। ਇਕ ਸਾਈਬਰ ਸੁਰੱਖਿਆ ਦੇਣ ਵਾਲੀ ਕੰਪਨੀ ਫਾਇਰ ਆਈ ਨੇ ਇਰ ਜਾਣਕਾਰੀ ਨਸ਼ਰ ਕੀਤੀ ਹੈ।
ਫਾਇਰ ਆਈ ਦੇ ਅਨੁਸਾਰ, ਰੂਸੀ ਕੰਪਨੀ ਤੋਂ ਇਹ ਸੇਵਾ ਐਤਵਾਰ ਤੋਂ ਸ਼ੁਰੂ ਹੋਈ ਹੈ।

ਤਸਵੀਰ ਸਰੋਤ, Reuters
ਹੁਣ ਤੱਕ ਉੱਤਰੀ ਕੋਰੀਆ ਵਿੱਚ, ਚੀਨੀ ਕੰਪਨੀ 'ਚਾਈਨਾ ਯੂਨਾਈਟਿਡ ਨੈੱਟਵਰਕ ਕਮਿਊਨੀਕੇਸ਼ਨ ਲਿਮਟਿਡ' ਹੀ ਇਹ ਸੇਵਾ ਦਿੰਦੀ ਆਈ ਹੈ।
ਇਹ ਖ਼ਬਰ ਉਸ ਸਮੇਂ ਆਈ ਹੈ ਜਦੋਂ ਕੌਮਾਂਤਰੀ ਤਾਕਤਾਂ ਇਸ ਦੇਸ਼ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਤਸਵੀਰ ਸਰੋਤ, Getty Images
ਫਾਇਰ ਆਈ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਮੁਖੀ ਟੈਕਨਾਲੋਜੀ ਬ੍ਰੇਸ ਬੁਲੈੰਡ ਨੇ ਕਿਹਾ, "ਰੂਸ ਰਾਹੀਂ ਇੰਟਰਨੈੱਟ ਦੀ ਪਹੁੰਚ ਦੇ ਨਾਲ ਉੱਤਰੀ ਕੋਰੀਆ ਤਕਨੀਕੀ ਖੇਤਰ ਵਿੱਚ ਮਜ਼ਬੂਤ ਹੋਵੇਗਾ ਅਤੇ ਬਹੁਤ ਸਾਰੇ ਨਵੇਂ ਵਿਕਲਪ ਇਸ ਦੇ ਸਾਹਮਣੇ ਉਪਲੱਬਧ ਹੋਣਗੇ।"
ਇੰਟਰਨੈੱਟ ਟਰੈਫਿਕ 'ਤੇ ਨਜ਼ਰ
ਬੁਲੈੰਡ ਦੱਸਦੇ ਹਨ,"ਇਹ ਰੂਸ ਨੂੰ ਉੱਤਰੀ ਕੋਰੀਆ ਦੇ ਇੰਟਰਨੈੱਟ ਟਰੈਫਿਕ 'ਤੇ ਨਜ਼ਰ ਰੱਖਣ ਵਿੱਚ ਸਹਾਇਤਾ ਕਰੇਗਾ।"
ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ 'ਤੇ ਤੇਲ ਅਤੇ ਕੱਪੜੇ ਦੀ ਦਰਾਮਦ ਅਤੇ ਬਰਾਮਦ 'ਤੇ ਪਾਬੰਦੀ ਲਾਈ ਸੀ ਪਰ ਇਸ ਵਿੱਚ ਇੰਟਰਨੈੱਟ ਸ਼ਾਮਲ ਨਹੀਂ ਸੀ।

ਤਸਵੀਰ ਸਰੋਤ, Getty Images
ਵਾਸ਼ਿੰਗਟਨ ਪੋਸਟ 'ਚ ਸ਼ਨੀਵਾਰ ਨੂੰ ਛਪੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਸਾਈਬਰ ਕਮਾਂਡ ਦੁਆਰਾ ਉੱਤਰੀ ਕੋਰੀਆ ਦੀ ਫੌਜੀ ਖੁਫ਼ੀਆ ਏਜੰਸੀ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਨਵੇਂ ਮੌਕੇ ਮਿਲ ਗਏ
ਮਾਰਟਿਨ ਵਿਲੀਅਮ ਉੱਤਰੀ ਕੋਰੀਆ ਦਾ ਤਕਨਾਲੋਜੀ ਮਾਹਿਰ ਹੈ। ਉਸ ਨੇ 38 ਨਾਰਥ ਵੈੱਬਸਾਈਟ ਵਿੱਚ ਉੱਤਰੀ ਕੋਰੀਆ ਨੂੰ ਮਿਲਣ ਵਾਲੇ ਨਵੇਂ ਇੰਟਰਨੈੱਟ ਕੁਨੈਕਸ਼ਨ ਬਾਰੇ ਲਿਖਿਆ,
"ਹੁਣ ਤੱਕ ਉੱਤਰੀ ਕੋਰੀਆ ਇੱਕ ਹੀ ਇੰਟਰਨੈੱਟ ਕੁਨੈਕਸ਼ਨ ̓ਤੇ ਨਿਰਭਰ ਸੀ, ਇਹ ਉਸ ਲਈ ਇੱਕ ਅਨਿਸ਼ਚਿਤ ਸਥਿਤੀ ਸੀ। ਇੱਕ ਹੋਰ ਇੰਟਰਨੈੱਟ ਸੇਵਾ ਮਿਲਣ ਨਾਲ਼, ਉਸ ਨੂੰ ਨਵੇਂ ਮੌਕੇ ਮਿਲ ਗਏ ਹਨ।"
ਇਸ ਤੋਂ ਪਹਿਲਾਂ, 2014 ਵਿੱਚ, ਸੋਨੀ ਪਿਕਚਰਜ਼ ਉੱਤੇ ਹੋਏ ਵੱਡੇ ਸਾਈਬਰ ਹਮਲੇ ਦਾ ਉੱਤਰੀ ਕੋਰੀਆ 'ਤੇ ਵੱਡਾ ਅਸਰ ਪਿਆ ਸੀ।
ਸੋਨੀ ਪਿਕਚਰਜ਼ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਮਾਰਨ ਦੀ ਸਾਜ਼ਿਸ਼ ਦੇ ਆਧਾਰ ਉੱਤੇ ਇੱਕ ਕਾਮੇਡੀ ਫ਼ਿਲਮ 'ਦ ਇੰਟਰਵਿਊ' ਤਿਆਰ ਕੀਤੀ ਸੀ, ਜਿਸ ਕਰਕੇ ਬਹੁਤ ਵਿਵਾਦ ਖੜ੍ਹਾ ਹੋ ਗਿਆ ਸੀ।

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਪਿਛਲੇ ਮਹੀਨੇ ਉੱਤਰੀ ਕੋਰੀਆ 'ਤੇ ਨਵੀਂਆਂ ਪਾਬੰਦੀਆਂ ਲਾਈਆਂ ਸਨ।
ਚੀਨ ਅਤੇ ਰੂਸ ਵੀ ਨਵੀਂਆਂ ਪਾਬੰਦੀਆਂ 'ਤੇ ਸਹਿਮਤ ਹੋਏ ਸਨ।
ਆਮਦਨ ਬੰਦ ਕਰਨ ਦੀ ਕੋਸ਼ਿਸ਼
ਉੱਤਰੀ ਕੋਰੀਆ ਨੇ 3 ਸਤੰਬਰ ਨੂੰ ਛੇਵਾਂ ਅਤੇ ਆਪਣਾ ਸਭ ਤੋਂ ਵੱਡਾ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਸੇ ਕਾਰਨ ਸੁਰੱਖਿਆ ਕੌਂਸਲ ਨੇ ਉਸ 'ਤੇ ਨਵੀਂਆਂ ਪਾਬੰਦੀਆਂ ਲਾ ਦਿੱਤੀਆਂ ਸਨ।
ਉੱਤਰੀ ਕੋਰੀਆ ਦਾਅਵਾ ਕਰਦਾ ਹੈ ਕਿ ਇਸ ਨੇ ਹਾਈਡ੍ਰੋਜਨ ਬੰਬ ਵਿਕਸਿਤ ਕਰ ਲਏ ਹਨ ਅਤੇ ਇਹ ਮਿਜ਼ਾਈਲਾਂ ਰਾਹੀ ਦਾਗੇ ਜਾ ਸਕਦੇ ਹਨ।
ਨਵੀਂਆਂ ਪਾਬੰਦੀਆਂ ਨਾਲ਼ ਉੱਤਰੀ ਕੋਰੀਆ ਦੀ ਆਮਦਨ ਦੇ ਸਰੋਤ ਬੰਦ ਕਰਨ ਲਈ ਕੋਸ਼ਿਸ਼ ਕੀਤੀ ਗਈ ਸੀ।
ਉੱਤਰੀ ਕੋਰੀਆ ਨੇ ਕੱਪੜੇ ਦੇ ਬਰਾਮਦ 'ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ, ਉੱਤਰੀ ਕੋਰੀਆ ਕੱਚੇ ਤੇਲ ਨੂੰ ਮੌਜੂਦਾ ਹੱਦ ਤੱਕ ਹੀ ਦਰਾਮਦ ਕਰ ਸਕੇਗਾ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












