ਆਰਥਿਕ ਪਾਬੰਦੀਆਂ ਦੇ ਜਵਾਬ 'ਚ ਉੱਤਰੀ ਕੋਰੀਆ ਨੇ ਦਾਗੀ ਮਿਜ਼ਾਇਲ

kim jong un

ਤਸਵੀਰ ਸਰੋਤ, AFP PHOTO/KCNA VIA KNS

ਤਸਵੀਰ ਕੈਪਸ਼ਨ, ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ

ਉੱਤਰੀ ਕੋਰੀਆ ਨੇ ਜਪਾਨ ਮੁੜ ਵੱਲ ਬੈਲਿਸਟਿਕ ਮਿਜ਼ਾਇਲ ਛੱਡੀ ਹੈ। ਦੱਖ਼ਣੀ ਕੋਰੀਆ ਤੇ ਜਪਾਨ ਦੀ ਸਰਕਾਰ ਨੇ ਇਸ ਦੇ ਮਿਜ਼ਾਇਲ ਦਾਗੇ ਜਾਣ ਦੀ ਤਸਦੀਕ ਕੀਤੀ ਹੈ।

ਦੱਖ਼ਣੀ ਕੋਰੀਆ ਦੀ ਫੌਜ਼ ਮੁਤਾਬਕ ਇਹ ਮਿਜ਼ਾਇਲ 770 ਕਿਲੋਮੀਟਰ ਦੀ ਉਚਾਈ ਤੱਕ ਗਈ ਅਤੇ ਮਿਜ਼ਾਈਲ ਨੇ ਤਕਰੀਬਨ 3700 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ।

ਜਪਾਨ ਨੇ ਆਪਣੇ ਨਾਗਰਿਕਾਂ ਨੂੰ ਸੁਰਿੱਖਅਤ ਥਾਂਵਾਂ ਉੱਤੇ ਸ਼ਰਨ ਲੈਣ ਲਈ ਕਿਹਾ ਹੈ।

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਮਿਜ਼ਾਇਲ ਦਾਗੇ ਜਾਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਪਾਨ ਇਹ ਸਭ ਬਰਦਾਸ਼ਤ ਨਹੀਂ ਕਰੇਗਾ।

MISSILE LAUNCH

ਤਸਵੀਰ ਸਰੋਤ, KCNA

ਉੱਧਰ ਅਮਰੀਕਾ ਨੇ ਚੀਨ ਤੇ ਰੂਸ ਤੋਂ ਉੱਤਰੀ ਕੋਰੀਆ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਕਦਮ ਉਸਨੂੰ ਕੌਮਾਂਤਰੀ ਤੇ ਆਰਥਿਕ ਪੱਧਰ ਤੇ ਅਲੱਗ-ਥਲੱਗ ਕਰ ਰਹੇ ਹਨ।

ਯੂ.ਐੱਨ ਵਿੱਚ ਜਪਾਨ ਵੱਲੋਂ ਉੱਤਰੀ ਕੋਰੀਆ 'ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੀ ਹਮਾਇਤ ਕੀਤੀ ਸੀ। ਇਸੇ ਤੋਂ ਖਫ਼ਾ ਹੋ ਕੇ ਉੱਤਰੀ ਕੋਰੀਆ ਨੇ ਇੱਕ ਦਿਨ ਪਹਿਲਾਂ ਹੀ ਜਪਾਨ ਨੂੰ ਡੋਬਣ ਤੇ ਅਮਰੀਕਾ ਨੂੰ ਰਾਖ ਕਰਨ ਦੀ ਧਮਕੀ ਦਿੱਤੀ ਸੀ।

ਪਿਛਲੇ ਮਹੀਨੇ ਵੀ ਉੱਤਰੀ ਕੋਰੀਆ ਨੇ ਜਪਾਨ ਦੇ ਉੱਪਰੋਂ ਮਿਜ਼ਾਈਲ ਛੱਡੀ ਸੀ। ਜਿਸਨੂੰ ਜਪਾਨ ਨੇ ਆਪਣੇ ਲਈ ਬਹੁਤ ਵੱਡਾ ਖ਼ਤਰਾ ਦੱਸਿਆ ਸੀ।