ਆਖ਼ਿਰ ਉੱਤਰੀ ਕੋਰੀਆ ਨੇ ਕਿਉਂ ਰੋਕੇ ਪਰਮਾਣੂ ਪ੍ਰੀਖ਼ਣ?

ਕਿਮ ਜੋਂਗ ਉਨ ਦਾ ਐਲਾਨ ਕਿ ਉੱਤਰੀ ਕੋਰੀਆ ਹੁਣ ਪਰਮਾਣੂ ਅਤੇ ਮਿਜ਼ਾਈਲ ਟੈਸਟ ਨਹੀਂ ਕਰੇਗਾ ਦੋ ਅਹਿਮ ਕੂਟਨੀਤਿਕ ਪ੍ਰੋਗਰਾਮਾਂ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਹੈ।

ਮਾਹਿਰ ਅੰਕਿਤ ਪਾਂਡਾ ਸਵਾਲ ਖੜ੍ਹਾ ਕਰਦੇ ਹਨ ਕਿ ਉੱਤਰੀ ਕੋਰੀਆ ਦੇ ਆਗੂ ਦੇ ਇਸ ਕਦਮ ਨਾਲ ਕੀ ਫਾਇਦਾ ਹੋਵੇਗਾ।

ਪਰਮਾਣੂ ਹਥਿਆਰਾਂ ਸਬੰਧੀ ਸ਼ਨੀਵਾਰ ਨੂੰ ਜਾਰੀ ਕੀਤੇ ਬਿਆਨ ਤੋਂ ਇਹ ਸਪਸ਼ਟ ਹੈ ਕਿ ਕਿਮ ਜੋਂਗ ਉਨ ਪਰਮਾਣੂ ਟੈਸਟ 'ਤੇ ਰੋਕ ਅਤੇ ਪਿਊਂਗੇਰੀ ਪਰਮਾਣੂ ਟੈਸਟ ਸਾਈਟ ਬੰਦ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ ਪਰਮਾਣੂ ਹਥਿਆਰਾਂ ਦੀ ਰੂਪਰੇਖਾ ਤਿਆਰ ਕਰਨ ਵਿੱਚ ਮਾਹਿਰ ਹੋ ਗਿਆ ਹੈ।

ਹਾਲਾਂਕਿ ਇਸ ਦੀ ਪੜਤਾਲ ਕਰਨਾ ਮੁਸ਼ਕਿਲ ਹੈ ਕਿ ਇਹ ਵਧਾ-ਚੜ੍ਹਾ ਕੇ ਕਿਹਾ ਗਿਆ ਹੈ।

ਭਾਰਤ ਅਤੇ ਪਾਕਿਸਤਾਨ ਨੇ ਵੀ 1998 ਤੱਕ ਛੇ ਪਰਮਾਣੂ ਟੈਸਟ ਕੀਤੇ ਸਨ ਅਤੇ ਹੁਣ ਬਿਨਾਂ ਕਿਸੇ ਟੈਸਟ ਦੇ ਪਰਮਾਣੂ ਹਥਿਆਰਾਂ ਦੀ ਦੌੜ ਵਿੱਚ ਮੋਹਰੀ ਹਨ।

'ਸ਼ਹਿਰ ਤਬਾਹ ਕਰਨ ਜਿੰਨੀ ਧਮਾਕਾਖੇਜ਼ ਸਮੱਗਰੀ'

ਉੱਤਰੀ ਕੋਰੀਆ ਨੇ ਸਤੰਬਰ 2016 ਅਤੇ 2017 ਵਿੱਚ 5ਵੇਂ ਅਤੇ 6ਵੇਂ ਪਰਮਾਣੂ ਟੈਸਟ ਦੌਰਾਨ ਅਹਿਮ ਮਾਅਰਕਾ ਮਾਰਿਆ ਸੀ।

ਉੱਤਰੀ ਕੋਰੀਆ ਦੇ ਮੀਡੀਆ ਮੁਤਾਬਕ ਸਤੰਬਰ 2016 ਵਿੱਚ ਕੀਤੇ ਗਏ ਪ੍ਰੀਖਣ ਦੌਰਾਨ ਅਜਿਹੀ ਪਰਮਾਣੂ ਯੰਤਰ ਦਾ ਇਸਤੇਮਾਲ ਕੀਤਾ ਗਿਆ ਸੀ ਜੋ ਕਿ ਕਿਸੇ ਵੀ ਆਕਾਰ ਦੀ ਛੋਟੀ, ਮੱਧਮ, ਦਰਮਿਆਨੀ ਅਤੇ ਅੰਤਰ-ਮਹਾਂਦੀਪੀ ਮਿਜ਼ਾਈਲ ਉੱਪਰ ਲਗਾਇਆ ਜਾ ਸਕਦਾ ਹੈ

ਇਹ ਹਥਿਆਰ ਅਮਰੀਕਾ ਵੱਲੋਂ ਦੂਜੀ ਵਿਸ਼ਵ ਜੰਗ ਦੌਰਾਨ ਨਾਗਾਸਾਕੀ ਖਿਲਾਫ਼ ਇਸਤੇਮਾਲ ਕੀਤੇ ਹਥਿਆਰ ਨਾਲੋਂ 2-3 ਗੁਣਾ ਵੱਧ ਧਮਾਕਾ ਕਰ ਸਕਦਾ ਹੈ।

ਹਾਲਾਂਕਿ ਕਈ ਮਾਹਿਰ ਅਤੇ ਕੌਮੀ ਇੰਟੈਲੀਜੈਂਸ ਏਜੰਸੀਆਂ ਇੱਕਮਤ ਨਹੀਂ ਹਨ ਕਿ ਉੱਤਰੀ ਕੋਰੀਆ ਵਾਕਈ ਥਰਮੋਨਿਊਕਲੀਅਰ ਬੰਬ ਡਿਜ਼ਾਈਨ ਕਰਨ ਵਿੱਚ ਮਾਹਿਰ ਹੋ ਗਿਆ ਹੈ। 3 ਸਤੰਬਰ, 2017 ਨੂੰ ਭੁਚਾਲ ਸਬੰਧੀ ਰਿਕਾਰਡ ਕੀਤੇ ਅੰਕੜਿਆਂ ਮੁਤਾਬਕ ਉੱਤਰੀ ਕੋਰੀਆ ਕੋਲ ਅਜਿਹਾ ਪਰਮਾਣੂ ਯੰਤਰ ਹੈ ਕਿ ਇੱਕ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ।

ਭਾਵ ਇਹ ਹੈ ਕਿ ਜਿਸ ਤਰ੍ਹਾਂ ਕਿਮ ਜੋਂਗ ਉਨ ਨੇ ਬੀਜਿੰਗ ਦਾ ਦੌਰਾ ਕਰਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਤਰੀ ਕੋਰੀਆ ਨੂੰ ਛੱਡ ਕੇ ਕੋਈ ਦੌਰਾ ਕਰਨ ਵਿੱਚ ਕਾਫੀ ਸੁਖਾਵਾਂ ਮਹਿਸੂਸ ਕਰ ਰਹੇ ਸਨ। ਇਸੇ ਤਰ੍ਹਾਂ ਪਰਮਾਣੂ ਪ੍ਰੀਖਣ 'ਤੇ ਪਾਬੰਦੀ ਇਹ ਸੁਨੇਹਾ ਹੈ ਕਿ ਉਹ ਆਤਮ-ਵਿਸ਼ਵਾਸ਼ ਭਰਪੂਰ ਹਨ।

ਸੀਮਤ ਮਿਜ਼ਾਈਲ ਲਾਂਚਰ

ਕਿਮ ਦਾ ਇਹ ਕਹਿਣਾ ਕਿ ਉਹ ਹੁਣ ਅੰਤਰ-ਮਹਾਂਦੀਪੀ ਬੈਲੇਸਟਿਕ ਮਿਜ਼ਾਈਲ ਪ੍ਰੀਖਣ (ਆਈਸੀਬੀਐੱਮ) ਨਹੀਂ ਕਰੇਗਾ, ਇਹ ਹੈਰਾਨ ਕਰਨ ਵਾਲੀ ਗੱਲ ਹੈ।

ਉੱਤਰੀ ਕੋਰੀਆ ਨੇ ਸਿਰਫ਼ ਤਿੰਨ ਹੀ ਪ੍ਰੀਖਣ ਕੀਤੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਪ੍ਰੀਖਣ ਅਜਿਹਾ ਨਹੀਂ ਸੀ, ਜਿਸ ਵਿੱਚ ਮਿਜ਼ਾਈਲ ਉੱਡ ਕੇ ਇੱਕ ਥਾਂ 'ਤੇ ਹਮਲਾ ਕਰੇ।

ਉੱਤਰੀ ਕੋਰੀਆ ਦੀ ਕੋਈ ਹੋਰ ਯੋਜਨਾ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਧਮਕਾਉਣ ਲਈ ਤਕਨੀਕੀ ਪੱਧਰ 'ਤੇ ਮੁਹਾਰਤ ਹਾਸਿਲ ਕਰ ਲਈ ਹੈ ਪਰ ਹੋ ਸਕਦਾ ਹੈ ਇਸ ਕੋਲ ਸੀਮਿਤ ਮਿਜ਼ਾਈਲ ਲਾਂਚਰ ਹੀ ਹੋਣ। ਇਸ ਵੇਲੇ ਸ਼ਾਇਦ ਉੱਤਰੀ ਕੋਰੀਆ ਕੋਲ ਅੰਤਰ-ਮਹਾਂਦੀਪੀ ਬੈਲੇਸਟਿਕ ਮਿਜ਼ਾਈਲ ਲਈ ਮਹਿਜ਼ 6 ਹੀ ਲਾਂਚਰ ਹਨ।

ਹਾਲਾਂਕਿ ਕਿਮ-ਜੋਂਗ ਉਨ ਨੇ 2017 ਵਿੱਚ ਨਵੇਂ ਸਾਲ ਮੌਕੇ ਕਿਹਾ ਸੀ ਕਿ ਉਨ੍ਹਾਂ ਕੋਲ ਪਰਮਾਣੂ ਹਥਿਆਰ ਪੂਰੇ ਹੋ ਗਏ ਹਨ, ਪਰ ਉਹ ਆਪਣੇ ਬੈਲੇਸਿਟਿਕ ਮਿਜ਼ਾਈਲ ਲਾਂਚਰ ਦੀ ਗਿਣਤੀ ਵਧਾਉਣਾ ਚਾਹੇਗਾ।

ਅੰਤਰ-ਮਹਾਂਦੀਪੀ ਬੈਲੇਸਟਿਕ ਮਿਜ਼ਾਈਲ ਪ੍ਰੀਖਣ 'ਤੇ ਰੋਕ ਲਾਉਣ ਨਾਲ ਕੀਮਤ ਸੀਮਤ ਕੀਤੀ ਹੋਵੇਗੀ।

ਪਾਬੰਦੀ ਹਟਾਉਣਾ ਸੌਖਾ

ਉੱਤਰੀ ਕੋਰੀਆ ਆਪਣੀ ਪ੍ਰੀਖਣ ਸੁਰੰਗ ਨੂੰ ਨਸ਼ਟ ਕਰ ਸਕਦਾ ਸੀ ਪਰ ਸ਼ਨੀਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਸਾਈਟ ਨੂੰ ਸਿਰਫ਼ ਬੰਦ ਕਰਨ ਦੀ ਗੱਲ ਕਹੀ ਗਈ।

ਜਿੰਨੀ ਦੇਰ ਉੱਤਰੀ ਕੋਰੀਆ ਕੋਲ ਪਰਮਾਣੂ ਹਥਿਆਰ ਹਨ, ਇਹ ਕਿਸੇ ਵੀ ਵੇਲੇ ਛੋਟੀ ਜਿਹੀ ਚੇਤਾਵਨੀ ਨਾਲ ਖੁਦ ਵੱਲੋਂ ਲਾਈ ਪਾਬੰਦੀ ਹਟਾ ਸਕਦਾ ਹੈ।

1999 ਵਿੱਚ ਉੱਤਰੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ 'ਤੇ ਪਾਬੰਦੀ ਲਾਈ ਸੀ ਪਰ 2006 ਵਿੱਚ ਇਸ ਨੂੰ ਹਟਾ ਦਿੱਤਾ।

ਕਿਮ ਕਿਉਂ ਦੇ ਰਹੇ ਹਨ ਕੁਰਬਾਨੀ?

ਸਵਾਲ ਉੱਠਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਕਿਮ ਇੰਨਾ ਕੁਝ ਕਿਉਂ ਕੁਰਬਾਨ ਕਰ ਰਹੇ ਹਨ।

ਜਵਾਬ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਾ ਹੀ ਇੱਕ ਵੱਡਾ ਤੋਹਫ਼ਾ ਹੈ। ਇਹ ਕਾਮਯਾਬੀ ਨਾ ਤਾਂ ਉਸ ਦੇ ਦਾਦਾ ਅਤੇ ਅਤੇ ਨਾ ਹੀ ਪਿਤਾ ਹਾਸਿਲ ਕਰ ਸਕੇ।

ਪਰਮਾਣੂ ਪ੍ਰੀਖਣ ਅਤੇ ਅੰਤਰ-ਮਹਾਂਦੀਪੀ ਬੈਲੇਸਿਟਕ ਮਿਜ਼ਾਈਲ 'ਤੇ ਪਾਬੰਦੀ ਲਾ ਕੇ ਕਿਮ, ਜੋ ਗਵਾ ਰਹੇ ਹਨ ਉਸ ਦੀ ਤੁਲਨਾ ਜੇ ਟਰੰਪ ਨਾਲ ਹੋਣ ਵਾਲੀ ਬੈਠਕ ਨਾਲ ਕੀਤੀ ਜਾਵੇ ਤਾਂ ਜਾਇਜ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)