You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ ਵਲੋਂ ਮਿਜ਼ਾਇਲ ਪ੍ਰੀਖਣ ਬੰਦ ਕਰਨ ਦਾ ਐਲਾਨ
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ਨੂੰ ਹੁਣ ਹੋਰ ਪਰਮਾਣੂ ਮਿਜ਼ਾਈਲ ਪ੍ਰੀਖਣ ਕਰਨ ਦੀ ਲੋੜ ਨਹੀਂ ਹੈ।
ਦੱਖਣੀ ਕੋਰੀਆ ਦੀ ਖ਼ਬਰ ਏਜੰਸੀ ਯੋਨਹਪ ਮੁਤਾਬਕ, "21 ਅਪ੍ਰੈਲ ਤੋਂ ਉੱਤਰੀ ਕੋਰੀਆ ਪਰਮਾਣੂ ਮਿਜ਼ਾਈਲਾਂ ਅਤੇ ਅੰਤਰਮਹਾਦੀਪ ਬੈਲੇਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਨੂੰ ਰੋਕ ਦੇਵੇਗਾ।"
ਖਬਰਾਂ ਮੁਤਾਬਕ ਉੱਤਰੀ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਦੀ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ ਹੈ।
ਟਰੰਪ ਨੇ ਜਤਾਈ ਉਮੀਦ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਇਸ ਕਦਮ 'ਤੇ ਪ੍ਰਤੀਕਰਮ ਦਿੰਦੇ ਹੋਏ ਟਵੀਟ ਕੀਤਾ ਹੈ, "ਉੱਤਰੀ ਕੋਰੀਆ ਸਾਰੇ ਪਰਮਾਣੂ ਪ੍ਰੀਖਣਾਂ ਅਤੇ ਮਾਰੂ ਹਥਿਆਕਾਂ ਦੇ ਠਿਕਾਣਿਆਂ ਨੂੰ ਬੰਦ ਕਰਨ ਲਈ ਤਿਆਰ ਹੋ ਗਿਆ ਹੈ। ਇਹ ਉੱਤਰੀ ਕੋਰੀਆ ਅਤੇ ਪੂਰੀ ਦੁਨੀਆਂ ਲਈ ਇੱਕ ਬਹੁਤ ਚੰਗੀ ਖ਼ਬਰ ਹੈ। ਇਹ ਵੱਡੀ ਸਫ਼ਲਤਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬੈਠਕ ਲਈ ਮੈਂ ਆਸਵੰਦ ਹਾਂ।"
ਦੱਖਣੀ ਕੋਰੀਆ ਦੇ ਬੁਲਾਰੇ ਨੇ ਉੱਤਰੀ ਕੋਰੀਆ ਦੇ ਕਦਮ ਨੂੰ 'ਚੰਗਾ ਉੱਦਮ' ਕਿਹਾ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਇਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਉੱਤਰੀ-ਦੱਖਣੀ ਕੋਰੀਆ ਬੈਠਕ ਅਤੇ ਉੱਤਰੀ ਕੋਰੀਆ-ਅਮਰੀਕਾ ਵਿਚਾਲੇ ਹੋਣ ਵਾਲੀਆਂ ਬੈਠਕਾਂ ਲਈ ਸਕਾਰਾਤਮਕ ਵਾਤਾਰਵਰਨ ਬਣੇਗਾ।"
ਨਵੰਬਰ 'ਚ ਕੀਤਾ ਸੀ ਮਿਜ਼ਾਈਲ ਪ੍ਰੀਖਣ
ਪਰਮਾਣੂ ਹਥਿਆਰ ਚਲਾਉਣ ਕਾਰਨ ਉੱਤਰੀ ਕੋਰੀਆ 'ਤੇ ਯੂਐੱਨ ਨੇ ਕੌਮਾਂਤਰੀ ਪਾਬੰਦੀ ਲਾਈ ਹੋਈ ਹੈ।
ਪਿਛਲੇ ਸਾਲ ਨਵੰਬਰ ਵਿੱਚ ਉੱਤਰੀ ਕੋਰੀਆ ਨੇ ਅੰਤਰ-ਮਹਾਂਦੀਪ ਬੈਲੇਸਟਿਕ ਮਿਜ਼ਾਈਲ ਦਾ ਸਫ਼ਲ ਪਰੀਖਣ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਮਿਜ਼ਾਈਲ ਅਮਰੀਕਾ ਤੱਕ ਮਾਰ ਕਰਨ ਦੇ ਕਾਬਿਲ ਹੈ।
ਇਸ ਪ੍ਰੀਖਣ ਦੀ ਯੂਐੱਨ ਜਨਰਲ ਸਕੱਤਰ ਐਂਟੋਨੀਓ ਗੁਟਰੇਸ਼ ਨੇ ਸਖ਼ਤ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਕੌਮਾਂਤਰੀ ਭਾਈਚਾਰੇ ਦੀ ਇੱਕਜੁੱਟ ਰਾਏ ਦੀ ਬੇਇੱਜ਼ਤੀ ਕੀਤੀ ਹੈ।
ਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਨੇ ਉੱਚ-ਪੱਧਰੀ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਸੀ ਕਿ ਅਮਰੀਕੀ ਖੁਫ਼ੀਆ ਏਜੰਸੀ ਦੇ ਡਾਇਰੈਕਟਰ ਪੋਂਪੀਓ ਈਸਟਰ ਦੇ ਮੌਕੇ 'ਤੇ (31 ਮਾਰਚ ਅਤੇ 1 ਅਪ੍ਰੈਲ) ਉੱਤਰੀ ਕੋਰੀਆ ਦੇ ਗੁਪਤ ਦੌਰੇ 'ਤੇ ਗਏ ਸੀ।
ਪੋਂਪੀਓ ਦੇ ਦੌਰੇ ਦਾ ਮਕਸਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਵਿਚਾਲੇ ਗੱਲਬਾਤ ਦਾ ਰਾਹ ਸਾਫ਼ ਕਰਨਾ ਸੀ।
ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਸਬੰਧਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਸੁਧਾਰ ਹੋਇਆ ਹੈ।
ਕਿਮ ਜੋਂਗ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਵਿਚਾਲੇ ਟੈਲੀਫੋਨ ਹੌਟਲਾਈਨ ਸਥਾਪਿਤ ਕੀਤੀ ਗਈ ਹੈ ਅਤੇ ਦੋਹਾਂ ਆਗੂਆਂ ਦੇ ਅਗਲੇ ਹਫ਼ਤੇ ਮਿਲਣ ਦਾ ਪ੍ਰੋਗਰਾਮ ਵੀ ਹੈ।
ਇਹ ਬੈਠਕ ਇੱਕ ਦਹਾਕੇ ਵਿੱਚ ਪਹਿਲੀ ਵਾਰੀ ਹੋਣ ਜਾ ਰਹੀ ਅੰਤਰ ਕੋਰੀਆਈ ਸੰਮੇਲਨ ਦੇ ਸਿਲਸਿਲੇ ਵਿੱਚ ਹੋਵੇਗੀ।