ਰਾਸ਼ਟਰਮੰਡਲ ਖੇਡਾਂ: ਪੰਜਾਬੀ ਮੂਲ ਦੇ ਖਿਡਾਰੀਆਂ ਨੇ ਪੰਜ ਵਿੱਚੋਂ ਚਾਰ ਮਹਾਂਦੀਪਾਂ ਦੀ ਨੁਮਾਇੰਦਗੀ ਕੀਤੀ

    • ਲੇਖਕ, ਅਮਰਿੰਦਰ ਸਿੰਘ ਗਿੱਦਾ ਅਤੇ ਦਲਜੀਤ ਅਮੀ
    • ਰੋਲ, ਬੀਬੀਸੀ ਪੰਜਾਬੀ

ਗੋਲਡ ਕੋਸਟ ਦੀਆਂ ਰਾਸ਼ਟਰਮੰਡਲ ਖੇਡਾਂ 2018 ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਪੰਜ ਵਿੱਚੋਂ ਚਾਰ ਮਹਾਂਦੀਪਾਂ ਦੀ ਨੁਮਾਇੰਦਗੀ ਕੀਤੀ। ਏਸ਼ੀਆ, ਉੱਤਰੀ ਅਮਰੀਕਾ, ਆਸਟਰੇਲੀਆ ਅਤੇ ਅਫ਼ਰੀਕਾ ਦੇ ਖਿਡਾਰੀਆਂ ਵਿੱਚ ਪੰਜਾਬੀ ਮੂਲ ਦੇ ਖਿਡਾਰੀ ਸ਼ਾਮਲ ਸਨ।

ਯੂਰਪ ਵਿੱਚੋਂ ਸਿਰਫ਼ ਬਰਤਾਨੀਆ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਬਰਤਾਨਵੀ ਖਿਡਾਰੀਆਂ ਵਿੱਚ ਪੰਜਾਬੀ ਮੂਲ ਦਾ ਕੋਈ ਖਿਡਾਰੀ ਨਹੀਂ ਸੀ। ਪੰਜਾਬੀ ਖਿਡਾਰੀ ਵੱਖ-ਵੱਖ ਮੁਲਕਾਂ ਦੇ ਝੰਡਿਆਂ ਹੇਠ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਪਹੁੰਚੇ ਸਨ।

ਏਸ਼ੀਆ

ਏਸ਼ੀਆ ਵਿੱਚ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਵਸਦੀ ਹੈ। ਪਾਕਿਸਤਾਨ ਅਤੇ ਭਾਰਤ ਦੇ ਖਿਡਾਰੀਆਂ ਵਿੱਚ ਪੰਜਾਬੀ ਸ਼ਾਮਲ ਸਨ। ਟੀਮ ਖੇਡਾਂ ਦੇ ਨਾਲ-ਨਾਲ ਵਿਅਕਤੀਗਤ ਖੇਡਾਂ ਵਿੱਚ ਵੀ ਪੰਜਾਬੀਆਂ ਦੀ ਹਾਜ਼ਰੀ ਜ਼ਿਕਰਗੋਚਰੀ ਰਹੀ।

ਲੁਧਿਆਣਾ ਅਤੇ ਪਟਿਆਲਾ ਦੀ ਜੰਮੀ-ਪਲੀ ਹਿਨਾ ਸਿੱਧੂ ਨੇ ਨਿਸ਼ਾਨੇਬਾਜ਼ੀ ਅਤੇ ਅੰਮ੍ਰਿਤਸਰ ਦੀ ਨਵਜੀਤ ਕੌਰ ਢਿੱਲੋਂ ਨੇ ਚੱਪਣੀ ਸੁੱਟਣ ਦੇ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਆਪਣੀ ਹਾਜ਼ਰੀ ਦਰਜ ਕਰਵਾਈ।

ਭਾਰਤੋਲਨ ਵਿੱਚ ਜੰਡਿਆਲਾ ਦਾ ਪ੍ਰਦੀਪ ਸਿੰਘ ਤਮਗ਼ਾ ਜਿੱਤ ਕੇ ਪਰਤਿਆ। ਭਾਰਤੋਲਨ ਵਿੱਚ ਹੀ ਲੁਧਿਆਣੇ ਦਾ ਵਿਕਾਸ ਠਾਕੁਰ ਤਮਗ਼ਾ ਜਿੱਤ ਲਿਆਇਆ ਹੈ।

ਪੂਰਬੀ ਪੰਜਾਬ ਦੇ ਤਮਗ਼ਾ ਜੇਤੂ ਪਹਿਲਵਾਨ ਮੁਹੰਮਦ ਬਿਲਾਲ ਅਤੇ ਮੁੰਹਮਦ ਇਨਾਮ ਭੱਟ ਗੁੱਜਰਾਂਵਾਲਾਂ ਦੇ ਵਾਸੀ ਹਨ।

ਇਸੇ ਤਰ੍ਹਾਂ ਤਮਗ਼ਾ ਜੇਤੂ ਭਾਰਤੋਲਕ ਨੂਹ ਦਸਤਗ਼ੀਰ ਭੱਟ ਅਤੇ ਤਲਹਾ ਤਾਲਿਬ ਵੀ ਗੁੱਜਰਾਂਵਾਲਾ ਦੇ ਹਨ।

ਤਮਗ਼ਾ ਜੇਤੂ ਪਹਿਲਵਾਨ ਤਾਇਬ ਰਾਜ਼ਾ ਲਾਹੌਰ ਤੋਂ ਹਨ। ਕੁੱਲ ਮਿਲਾ ਕੇ ਪਾਕਿਸਤਾਨ ਦੀ ਝੋਲੀ ਪੰਜੇ ਤਮਗ਼ੇ ਪੰਜਾਬੀਆਂ ਨੇ ਪਾਏ ਹਨ।

ਅਫ਼ਰੀਕਾ

ਪੰਜਾਬੀ ਮੂਲ ਦੇ ਨਿਸ਼ਾਨੇਬਾਜ਼ਾਂ ਗ਼ੁਲਰਾਜ ਸਹਿਮੀ ਅਤੇ ਗੁਰਪ੍ਰੀਤ ਧੰਜਲ ਨੇ ਅਫ਼ਰੀਕੀ ਮੁਲਕ ਕੀਨੀਆ ਦੀ ਰਾਸ਼ਟਰਮੰਡਲ ਖੇਡਾਂ ਵਿੱਚ ਨੁਮਾਇੰਦਗੀ ਕੀਤੀ। ਇਨ੍ਹਾਂ ਦੋਵਾਂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫਲ, 50 ਮੀਟਰ ਰਾਈਫਲ ਪ੍ਰੋਨ ਅਤੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਵਰਗਾਂ ਵਿੱਚ ਹਿੱਸਾ ਲਿਆ।

ਗ਼ੁਲਰਾਜ ਕੀਨੀਆ ਰੈਜੀਮੈਂਟ ਰਾਈਫਲ ਕਲੱਬ ਦਾ ਖਿਡਾਰੀ ਹੈ ਅਤੇ ਉਸ ਨੂੰ ਚਾਰ ਵਾਰ ਕੌਮੀ ਚੈਂਪੀਅਨ ਬਣਨ ਦਾ ਮਾਣ ਹਾਸਿਲ ਹੈ। ਗੁਰਪ੍ਰੀਤ ਧੰਜਲ ਕੀਨੀਆ ਵਿੱਚ ਸਮਾਲ ਬੋਰ ਰਾਈਫਲ ਮੁਕਾਬਲੇ ਦਾ ਚੈਂਪੀਅਨ ਹੈ। ਉਹ 2014 ਵਿੱਚ ਅਫ਼ਰੀਕਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ ਵਰਗ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਹੈ।

ਉੱਤਰੀ ਅਮਰੀਕਾ

ਜਿਸ ਤਰ੍ਹਾਂ ਭਾਰਤੀ ਹਾਕੀ ਟੀਮ ਵਿੱਚ ਸੈਣੀ ਭੈਣਾਂ ਸਨ ਉਸੇ ਤਰ੍ਹਾਂ ਕੈਨੇਡਾ ਦੀ ਹਾਕੀ ਟੀਮ ਵਿੱਚ ਪਨੇਸਰ ਭਰਾ ਸਨ—ਸੁੱਖੀ ਅਤੇ ਬਲਰਾਜ। ਸੁੱਖੀ ਅਤੇ ਬਲਰਾਜ ਦੇ ਪਿਤਾ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਚਰਾੜੀ ਤੋਂ ਹੈ।

ਅੱਠ ਸਾਲ ਦੀ ਉਮਰ ਤੋਂ ਇਨ੍ਹਾਂ ਦੋਵਾਂ ਭਰਾਵਾਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ। ਸੁੱਖੀ ਅਤੇ ਬਲਰਾਜ ਕੈਨੇਡਾ ਦੀ ਹਾਕੀ ਨੂੰ ਯੂਰਪੀ ਅਤੇ ਏਸ਼ੀਆਈ ਹਾਕੀ ਦੇ ਸਮੇਲ ਵਜੋਂ ਦੇਖਦੇ ਹਨ।

ਆਸਟਰੇਲੀਆ

ਕੁਸ਼ਤੀ ਦੇ 50 ਕਿਲੋਗ੍ਰਾਮ ਦੇ ਮਹਿਲਾ ਵਰਗ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਤਰਨਤਾਰਨ ਦੀ ਜੰਮਪਲ ਰੁਪਿੰਦਰ ਕੌਰ ਨੇ ਕੀਤੀ।

ਪੰਜਾਬੀ ਮੂਲ ਦੀ ਰੁਪਿੰਦਰ ਆਸਟਰੇਲੀਆ ਲਈ ਗਲਾਸਗੋ ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੀ ਹੈ ਅਤੇ ਗੋਲਡਕੋਸਟ ਦੀਆਂ ਦੂਜੀਆਂ ਰਾਸ਼ਟਰਮੰਡਲ ਖੇਡਾਂ ਸਨ।

ਰੁਪਿੰਦਰ ਨੇ ਆਸਟਰੇਲੀਅਨ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਬਹੁਤ ਮੁਸ਼ਕਲਾਂ ਝੱਲੀਆਂ ਅਤੇ ਔਖੇ ਫ਼ੈਸਲੇ ਕੀਤੇ। ਇਨ੍ਹਾਂ ਖੇਡਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਉਸ ਨੇ ਆਪਣੀ ਛੇ ਮਹੀਨੇ ਦੀ ਬੱਚੀ ਨੂੰ ਭਾਰਤ ਭੇਜਿਆ।

ਰੁਪਿੰਦਰ ਨੂੰ ਉਸ ਦੇ ਆਸਟਰੇਲੀਅਨ ਸਾਥੀ ਅਕਸਰ ਪੁੱਛਦੇ ਹਨ ਕਿ ਜਦੋਂ ਉਹ ਭਾਰਤੀ ਪਹਿਲਵਾਨਾਂ ਨਾਲ ਕੁਸ਼ਤੀ ਕਰਦੇ ਹਨ ਤਾਂ ਉਸ ਨੂੰ ਕਿੰਝ ਮਹਿਸੂਸ ਹੁੰਦਾ ਹੈ।

ਰੁਪਿੰਦਰ ਜੁਆਬ ਦਿੰਦੀ ਹੈ, "ਮੇਰੇ ਦਿਮਾਗ ਵਿੱਚ ਉਸ ਸਮੇਂ ਸਿਰਫ਼ ਇੱਕ ਵਿਰੋਧੀ ਪਹਿਲਵਾਨ ਹੁੰਦੀ ਹੈ।" ਉਨਾਂ ਦੱਸਿਆ ਕਿ ਭਾਰਤੀ ਪਹਿਲਵਾਨ ਅਤੇ ਕੋਚ ਵੀ ਉਨ੍ਹਾਂ ਨੂੰ ਜਿੱਤਣ ਲਈ ਹੌਸਲਾਅਫ਼ਜਾਈ ਕਰਦੇ ਹਨ। ਪੰਜਾਬੀ ਮੂਲ ਦੇ ਆਕਾਸ਼ ਖੁਲਾਰ ਨੇ ਨਿਊਜ਼ੀਲੈਂਡ ਦੀ ਕੁਸ਼ਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ।

ਯੂਰਪ

ਯੂਰਪ ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਇੱਕੋ-ਇੱਕ ਮਹਾਂਦੀਪ ਸੀ ਜਿਸ ਦੇ ਖਿਡਾਰੀਆਂ ਵਿੱਚ ਪੰਜਾਬੀ ਮੂਲ ਦਾ ਕੋਈ ਖਿਡਾਰੀ ਨਹੀਂ ਸੀ।

ਰਾਜੀਵ ਊਸਫ਼ ਭਾਰਤੀ ਮੂਲ ਦਾ ਹੈ ਪਰ ਬਰਤਾਨੀਆ ਦਾ ਜੰਮਪਲ ਬੈਂਡਮਿੰਟਨ ਖਿਡਾਰੀ ਹੈ। ਵੱਡੀ ਆਬਾਦੀ ਵਿੱਚ ਹੋਣ ਦੇ ਬਾਵਜੂਦ ਏਸ਼ੀਆ ਮੂਲ ਦੇ ਖਿਡਾਰੀ ਇਸ ਵਾਰ ਬਰਤਾਨੀਆ ਦੀ ਟੀਮ ਵਿੱਚ ਨਹੀਂ ਸਨ।

ਉਨ੍ਹਾਂ ਦੀ ਹਾਕੀ ਟੀਮ ਵਿੱਚ ਆਮ ਤੌਰ ਉੱਤੇ ਪੰਜਾਬੀਆਂ ਦੀ ਹਾਜ਼ਰੀ ਕਾਇਮ ਰਹਿੰਦੀ ਹੈ ਪਰ ਇਸ ਵਾਰ ਇਸ ਖੇਡ ਵਿੱਚੋਂ ਵੀ ਪੰਜਾਬੀ ਖਿਡਾਰੀ ਗ਼ੈਰ-ਹਾਜ਼ਰ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)