"ਕਈ ਸਾਲਾਂ ਤੱਕ ਮੈਂ ਹਰ ਰੋਜ ਇਸ ਡਰ ਨਾਲ ਉੱਠਦੀ ਸੀ ਕਿ ਮੈਂ ਅੰਨ੍ਹੀ ਹੋ ਜਾਵਾਂਗੀ "

ਤਸਵੀਰ ਸਰੋਤ, Kirsty James
- ਲੇਖਕ, ਸਾਰਾਹ ਮੈੱਕਡਰਮਟ
- ਰੋਲ, ਬੀਬੀਸੀ ਸਟੋਰੀਜ਼
ਪੰਦਰਾਂ ਸਾਲ ਪਹਿਲਾਂ ਜਦੋਂ 13 ਸਾਲ ਦੀ ਉਮਰ ਵਿੱਚ ਕ੍ਰਿਸਟੀ ਜੇਮਜ਼ ਨੂੰ ਪਤਾ ਲੱਗਿਆ ਕਿ ਉਹ ਜਲਦੀ ਹੀ ਅੰਨ੍ਹੀ ਹੋ ਜਾਵੇਗੀ।
ਉਸ ਮਗਰੋਂ ਉਹ ਸ਼ੀਸ਼ੇ ਵਿੱਚ ਆਪਣਾ ਚਿਹਰਾ ਇਸ ਤਰ੍ਹਾਂ ਦੇਖਦੀ ਜਿਵੇਂ ਆਖ਼ਰੀ ਵਾਰ ਦੇਖ ਰਹੀ ਹੋਵੇ।
ਉਸਨੂੰ ਸੁਫਨੇ ਆਉਣ ਲੱਗੇ ਕਿ ਨਾ ਸਿਰਫ਼ ਅੰਨ੍ਹੀ ਹੋ ਰਹੀ ਸੀ ਸਗੋਂ ਉਸਦੀ ਸੁਰਤ ਵੀ ਖੋ ਰਹੀ ਸੀ।
12 ਸਾਲਾ ਕ੍ਰਿਸਟੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲ ਪਹੁੰਚੀ ਤਾਂ ਉਸ ਦੀ ਅਧਿਆਪਕਾ ਵਿਦਿਆਰਥੀਆਂ ਨੂੰ ਨਵੀਂ ਸਮਾਂ ਸਾਰਣੀ ਨੋਟ ਕਰਨ ਲਈ ਕਹਿ ਰਹੀ ਸੀ।
ਕ੍ਰਿਸਟੀ ਨੇ ਇਸ ਬਾਰੇ ਦੱਸਿਆ,"ਮੈਂ ਕੁਝ ਪਾਠ ਗਲਤ ਨੋਟ ਕਰ ਲਏ ਅਤੇ ਪੜ੍ਹ ਵੀ ਲਏ ਕਿਉਂਕਿ ਮੈਂ ਵੱਖਰੀ ਜਿਹੀ ਲੜਕੀ ਹਾਂ ਇਸ ਲਈ ਸਾਰਿਆਂ ਨੇ ਸੋਚਿਆ ਕਿ ਮੈਂ ਹੀ ਅਜਿਹਾ ਕੀਤਾ ਹੈ।"
ਇਸ ਸਮੇਂ ਤੱਕ ਕ੍ਰਿਸਟੀ ਨਹੀਂ ਜਾਣਦੀ ਸੀ ਕਿ ਉਸਦੀਆਂ ਅੱਖਾਂ ਨੂੰ ਕੋਈ ਗੰਭੀਰ ਰੋਗ ਹੋ ਰਿਹਾ ਸੀ। ਉਸ ਨੂੰ ਸਕੂਲ ਵਿੱਚ ਬਲੈਕ ਬੋਰਡ ਦੇਖਣ ਵਿੱਚ ਮੁਸ਼ਕਿਲ ਆਉਂਦੀ ਸੀ ਪਰ ਉਹ ਮੰਨਦੀ ਨਹੀਂ ਸੀ। ਉਸ ਨੂੰ ਕਈ ਵਾਰ ਮਾੜੇ ਵਤੀਰੇ ਕਰਕੇ ਕਲਾਸ ਵਿੱਚੋਂ ਕੱਢ ਦਿੱਤਾ ਜਾਂਦਾ।
ਐਨਕਾਂ ਲੈਣ ਲਈ ਬਹਾਨੇ ਕਰਦੀ ਹੈ
ਉਸ ਨੇ ਨਾ ਤਾਂ ਕਿਸੇ ਨਾਲ ਆਪਣੀ ਘਟਦੀ ਨਜ਼ਰ ਬਾਰੇ ਕਿਸੇ ਨੂੰ ਦੱਸਿਆ ਤੇ ਨਾ ਹੀ ਕਿਸੇ ਨੂੰ ਸ਼ੱਕ ਹੋਇਆ।
ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਉਹ ਗਲੀ ਵਿੱਚ ਆਪਣੀ ਮਾਂ ਕੋਲੋਂ ਉਸਨੂੰ ਦੇਖੇ ਬਿਨਾਂ ਹੀ ਲੰਘ ਗਈ।
ਕ੍ਰਿਸਟੀ ਦੀ ਮਾਂ ਨੂੰ ਲੱਗਿਆ ਇਹ ਇੱਕ ਅੱਲੜ੍ਹ ਦੀ ਨਾਰਾਜ਼ਗੀ ਹੈ ਪਰ ਉਸ ਨੇ ਦੱਸਿਆ ਕਿ ਉਸ ਨੇ ਸੱਚੀਂ ਆਪਣੀ ਮਾਂ ਨੂੰ ਨਹੀਂ ਸੀ ਦੇਖਿਆ।
ਉਸ ਸਮੇਂ ਖ਼ਤਰੇ ਦੀ ਘੰਟੀ ਵੱਜਣ ਲੱਗੀ।
ਕਈ ਵਾਰ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਏ ਪਰ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਉਨ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਐਨਕਾਂ ਲੈਣ ਲਈ ਬਹਾਨੇ ਬਣਾ ਰਹੀ ਹੈ।

ਤਸਵੀਰ ਸਰੋਤ, Kirsty James
ਅਖ਼ੀਰ ਉਸਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਨੂੰ ਪਤਾ ਲੱਗਿਆ ਕਿ ਉਸਨੂੰ ਸਟਾਰਗਰਟ (Stargardt) ਨਾਮਕ ਅੱਖਾਂ ਦਾ ਰੋਗ ਹੈ। ਜਿਸ ਵਿੱਚ ਉਸ ਦੀ ਹੌਲੀ-ਹੌਲੀ ਨਜ਼ਰ ਘੱਟ ਹੋ ਜਾਵੇਗੀ। ਉਸ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ।
ਉਨ੍ਹਾਂ ਦੱਸਿਆ, "ਮੈਨੂੰ ਖਾਲੀ-ਖਾਲੀ ਜਿਹਾ ਲੱਗਿਆ ਤੇ ਮੈਂ ਇਸ ਨੂੰ ਸਵੀਕਾਰ ਨਹੀਂ ਸੀ ਕਰਨਾ ਚਾਹੁੰਦੀ।"
ਆਪਣੇ ਸ਼ੁਰੂਆਤੀ ਸਮੇਂ ਵਿੱਚ ਇਸ ਰੋਗ ਦਾ ਪਤਾ ਲਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਸ਼ਾਇਦ ਇਸੇ ਕਰਕੇ ਡਾਕਟਰਾਂ ਨੂੰ ਜਾਂਚ ਵਿੱਚ ਕੁਝ ਪਤਾ ਨਹੀਂ ਲੱਗ ਸਕਿਆ।
ਸਕੂਲ ਭੇਜਣਾ ਜਾਰੀ ਰੱਖਿਆ ਗਿਆ
ਰੋਗ ਬਾਰੇ ਜਾਣਕਾਰੀ ਦੀ ਘਾਟ ਕਰਕੇ ਕ੍ਰਿਸਟੀ ਅਤੇ ਉਸਦੇ ਮਾਪਿਆਂ ਨੂੰ ਘਰ ਭੇਜ ਦਿੱਤਾ ਗਿਆ ਤਾਂ ਕਿ ਉਹ ਇਸ ਬਾਰੇ ਪਤਾ ਕਰ ਸਕਣ। ਕ੍ਰਿਸਟੀ ਦੇ ਮਾਪਿਆਂ ਨੇ ਉਸਨੂੰ ਆਮ ਵਾਂਗ ਸਕੂਲ ਭੇਜਣਾ ਜਾਰੀ ਰੱਖਿਆ ਜਿੱਥੇ ਕਿ ਉਹ ਕਲਾਸ ਵਿੱਚ ਮੂਹਰੇ ਬੈਠ ਕੇ ਕੰਮ ਸਾਰ ਲੈਂਦੀ। ਇਸ ਸਮੇਂ ਤੱਕ ਉਸਨੂੰ ਸੋਟੀ ਦੀ ਲੋੜ ਨਹੀਂ ਸੀ ਪੈਣ ਲੱਗੀ।
ਉਨ੍ਹਾਂ ਦੱਸਿਆ ਕਿ ਭਾਵੇਂ ਉਹ ਕ੍ਰਿਸਟੀ ਬਣੀ ਰਹਿਣ ਦੀ ਕੋਸ਼ਿਸ਼ ਕਰਦੀ ਪਰ ਅੰਦਰੋਂ ਉਹ ਘਬਰਾਈ ਹੋਈ ਸੀ।
ਜਿਵੇਂ ਕਿਵੇਂ ਕ੍ਰਿਸਟੀ ਯੂਨੀਵਰਸਿਟੀ ਪਹੁੰਚ ਗਈ ਜਿੱਥੇ ਹਾਲਾਂਕਿ ਕੁਝ ਅਧਿਆਪਕਾਂ ਨੂੰ ਉਸਦੀ ਹਾਲਤ ਬਾਰੇ ਪਤਾ ਸੀ ਪਰ ਕ੍ਰਿਸਟੀ ਨੇ ਕਿਸੇ ਵਾਧੂ ਮਦਦ ਲੈਣ ਤੋਂ ਮਨ੍ਹਾਂ ਕਰ ਦਿੱਤਾ।
ਕ੍ਰਿਸਟੀ ਦਾ ਮੰਨਣਾ ਹੈ ਕਿ ਇਸ ਕਰਕੇ ਉਸਦੀ ਪੜ੍ਹਾਈ ਪ੍ਰਭਾਵਿਤ ਹੋਈ। ਉਸ ਨੇ ਇਹ ਗੱਲ ਆਪਣੇ ਦੋਸਤਾਂ ਅਤੇ ਦੂਸਰੇ ਵਿਦਿਆਰਥੀਆਂ ਤੋਂ ਵੀ ਛੁਪਾ ਕੇ ਰੱਖੀ।
ਉਨ੍ਹਾਂ ਦੱਸਿਆ, ਮੈਂ ਸਿਰਫ਼ ਸਧਾਰਨ ਬਣੀ ਰਹਿਣਾ ਚਾਹੁੰਦੀ ਸੀ ਮੈਨੂੰ ਡਰ ਲਗਦਾ ਸੀ ਕਿ ਜੇ ਮੈਂ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਮੈਨੂੰ ਛੱਡ ਜਾਵੇਗਾ।

ਤਸਵੀਰ ਸਰੋਤ, Kirsty James
ਉਸ ਨੂੰ ਸਿਰਫ਼ ਨੱਚਣ ਵੇਲੇ ਸਹਿਜ ਮਹਿਸੂਸ ਹੁੰਦਾ ਸੀ।
ਇਸ ਬਾਰੇ ਉਨ੍ਹਾਂ ਦੱਸਿਆ, "ਰਾਤ ਨੂੰ ਚੱਲਣ ਵਾਲੇ ਕਲੱਬਾਂ ਵਿੱਚ ਜੇ ਤੁਸੀਂ ਕਿਸੇ ਨਾਲ ਟਕਰਾ ਜਾਓ ਤਾਂ ਕੋਈ ਫਰਕ ਨਹੀਂ ਪੈਂਦਾ। ਹਰ ਕੋਈ ਉੱਥੇ ਮਜ਼ਾ ਕਰਨ ਆਉਂਦਾ ਹੈ ਤੇ ਤੁਹਾਡੀ ਡਿਸੇਬਲਿਟੀ ਨਾਲ ਕੋਈ ਫਰਕ ਨਹੀਂ ਪੈਂਦਾ।" "ਉੱਥੇ ਮੈਨੂੰ ਬਾਕੀਆਂ ਵਾਂਗ ਹੀ ਮਹਿਸੂਸ ਹੁੰਦਾ।"
ਤੇਰੀ ਦੋਸਤੀ ਮੇਰਾ ਪਿਆਰ
2011 ਦੌਰਾਨ ਇੱਕ ਕਲੱਬ ਦੌਰਾਨ ਕ੍ਰਿਸਟੀ ਦੀ ਮੁਲਾਕਾਤ ਟੌਮ ਨਾਲ ਹੋਈ। ਦੋਸਤੀ ਸਮਾਂ ਪਾ ਕੇ ਪਿਆਰ ਵਿੱਚ ਬਦਲ ਗਈ। ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇੱਕ ਖਾਸ ਟੀ-ਸ਼ਰਟ 'ਤੇ ਛਾਪਾ ਲਗਵਾ ਕੇ ਪਹਿਨੀ।
"ਅਜਿਹਾ ਕਰਦਿਆਂ ਮੈਂ ਆਪਣੀ ਘਟਦੀ ਜਾ ਰਹੀ ਨਜ਼ਰ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਅਤੇ ਮੈਂ ਹਾਲੇ ਵੀ ਇਸ ਸੱਚਾਈ ਤੋਂ ਇਨਕਾਰੀ ਸੀ"
ਕਮਜ਼ੋਰ ਨਜ਼ਰ ਕਰਕੇ ਉਹ ਟੌਮ ਦੀ ਪ੍ਰਤੀਕਿਰਿਆ ਨਹੀਂ ਦੇਖ ਸਕੀ ਜਿਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ, ਉਸ ਨੇ ਇੱਕ ਕੀਮਤੀ ਪਲ ਖੁੰਝਾ ਲਿਆ।
ਹਾਲਤ ਇਸ ਤੋਂ ਵੀ ਗੰਭੀਰ ਹੋ ਰਹੇ ਸਨ।
ਕ੍ਰਿਸਟੀ ਬਾਜ਼ਾਰ ਜਾਂਦੀ ਅਤੇ ਆਪਣੀ ਸੂਚੀ ਵਿਚਲਾ ਸਾਰਾ ਸਾਮਾਨ ਲੈ ਆਉਂਦੀ ਪਰ ਘਰ ਆ ਕੇ ਦੇਖਦੀ ਤਾਂ ਕੁਝ ਹੋਰ ਹੀ ਨਿਕਲਦਾ। ਉਸ ਨੂੰ ਲੱਗਦਾ ਜਿਵੇਂ ਉਹ ਪਾਗਲ ਹੋ ਰਹੀ ਸੀ।
ਘਰ ਬਦਲਣ ਨਾਲ ਹਾਲਾਤ ਹੋਰ ਬਦਤਰ ਹੋ ਗਏ।
ਇਹ ਇੱਕ ਅੰਧੇਰਾ ਘਰ ਸੀ। ਉਸਨੂੰ ਲੱਗਦਾ ਜਿਵੇਂ ਉਸ ਦੇ ਆਸ ਪਾਸ ਲੋਕੀਂ ਹੋਣ।
ਕ੍ਰਿਸਟੀ ਦੇ ਘਰ ਦੇ ਬਾਹਰ ਕਾਰਾਂ ਖੜ੍ਹਦੀਆਂ ਸਨ। ਸੜਕ ਟਰੈਫਿਕ ਦੇ ਲਿਹਾਜ਼ ਨਾਲ ਤੰਗ ਸੀ।
ਉਨ੍ਹਾਂ ਦੱਸਿਆ, "ਮੈਂ ਘਰ ਵਿੱਚ ਭੱਜੀ ਫਿਰਦੀ ਅਤੇ ਸੋਚਦੀ ਕੀ ਉਹ ਵਾਕਈ ਉੱਥੇ ਮੌਜੂਦ ਸਨ ਜਾਂ ਮੈਂ ਪਾਗਲ ਹੋ ਰਹੀ ਸੀ। ਮੈਨੂੰ ਡਰ ਦੇ ਦੌਰੇ ਪੈਣ ਲੱਗ ਪਏ।"

ਤਸਵੀਰ ਸਰੋਤ, BEN CORBETT
ਕ੍ਰਿਸਟੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਇਕੱਲੀ ਰਹਿ ਰਹੀ ਸੀ। ਹਾਲਾਂਕਿ ਟੌਮ ਨੂੰ ਅਤੇ ਕ੍ਰਿਸਟੀ ਦੇ ਨਜ਼ਦੀਕੀ ਦੋਸਤਾਂ ਨੂੰ ਉਸਦੀ ਘਟਦੀ ਨਜ਼ਰ ਬਾਰੇ ਪਤਾ ਸੀ ਪਰ ਉਹ ਉਨ੍ਹਾਂ ਨਾਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਨਹੀਂ ਸੀ ਕਰਦੀ ਜੋ ਉਸ ਨੂੰ ਦਿਖ ਰਹੀਆਂ ਸਨ।
ਉਨ੍ਹਾਂ ਦੱਸਿਆ, "ਮੈਨੂੰ ਲਗਦਾ ਕਿ ਮੈਨੂੰ ਕੋਈ ਗੰਭੀਰ ਮਾਨਸਿਕ ਬੀਮਾਰੀ ਹੋ ਰਹੀ ਹੈ ਅਤੇ ਮੈਂ ਇਸ ਬਾਰੇ ਗੱਲ ਵੀ ਨਹੀਂ ਸੀ ਕਰਨਾ ਚਾਹੁੰਦੀ। ਮੈਂ ਬਸ ਇਸ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।"
ਘਟਦੀ ਨਜ਼ਰ ਅਤੇ ਦਿਸਦੀਆਂ ਗੈਰ-ਮੌਜੂਦ ਚੀਜ਼ਾਂ ਕਰਕੇ ਕ੍ਰਿਸਟੀ ਨੂੰ ਬਾਹਰ ਜਾਣ ਤੋਂ ਡਰ ਲੱਗਣ ਲੱਗ ਪਿਆ। ਉਹ ਟਰੱਕਾਂ ਨੂੰ ਬੱਸਾਂ ਸਮਝਦੀ, ਉਸਨੂੰ ਉਹ ਪੌੜੀਆਂ ਉਤਰਨ ਤੋਂ ਡਰ ਲਗਦਾ ਜਿਹੜੀਆਂ ਕਿ ਅਸਲ ਵਿੱਚ ਉੱਥੇ ਹੁੰਦੀਆਂ ਹੀ ਨਹੀਂ ਸਨ। ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੀ ਜਦੋਂ ਅਚਾਨਕ ਉਸ ਦੇ ਰਾਹ ਵਿੱਚਲੇ ਕੰਕਰ ਤੇਜ਼ ਵਗਦੀ ਨਦੀ ਬਣ ਜਾਂਦੇ।
ਕੁਝ ਹੀ ਮਹੀਨਿਆਂ ਬਾਅਦ ਉਸ 'ਤੇ ਇੱਕ ਬਿਜਲੀ ਡਿੱਗੀ। ਉਹੀ ਹੋਇਆ ਜਿਸ ਤੋਂ ਉਹ ਡਰ ਰਹੀ ਸੀ।
ਰਾਤੋ ਰਾਤ ਨਜ਼ਰ ਕਮਜ਼ੋਰ ਹੋ ਗਈ
ਉਹ ਇੱਕ ਗਿਰਜਾ ਘਰ ਦੇ ਸਾਹਮਣੇ ਰਹਿੰਦੀ ਪਰ ਉਸ ਸਵੇਰ ਜਦੋਂ ਉਸਨੇ ਉੱਠ ਕੇ ਪਰਦੇ ਹਟਾਏ ਤਾਂ ਉਸਨੂੰ ਉਹ ਗਿਰਜਾ ਦਿਖਾਈ ਹੀ ਨਹੀਂ ਦਿੱਤਾ।
"ਮੈਨੂੰ ਲੱਗਿਆ ਜਿਵੇਂ ਮੇਰੇ ਸਿਰ 'ਤੇ ਕਈ ਕੁਇੰਟਲ ਇੱਟਾਂ ਦਾ ਭਾਰ ਆ ਪਿਆ ਹੋਵੇ।"
ਇੱਕੋ ਰਾਤ ਵਿੱਚ ਉਸਦੀ ਨਜ਼ਰ ਕਾਫ਼ੀ ਘੱਟ ਹੋ ਗਈ ਸੀ। ਹੁਣ ਉਸ ਲਈ ਜ਼ਿੰਦਗੀ ਹੋਰ ਮੁਹਾਲ ਹੋ ਗਈ। ਜਿਹੜੇ ਕੰਮ ਉਹ ਪਹਿਲਾਂ ਜਿਵੇਂ-ਕਿਵੇਂ ਕਰ ਲੈਂਦੀ ਸੀ, ਹੁਣ ਉਹ ਵੀ ਕਰਨੋਂ ਰਹਿ ਗਈ।
"ਅਚਾਨਕ ਮੈਂ ਘਰੋਂ ਬਾਹਰ ਨਹੀਂ ਸੀ ਜਾ ਸਕਦੀ। ਮੈਂ ਬਹੁਤ ਇਕੱਲੇ ਮਹਿਸੂਸ ਕੀਤਾ।"
"ਮੇਰੇ ਆਸ ਪਾਸ ਦੇ ਲੋਕਾਂ ਨੂੰ ਅਜੀਬ ਲੱਗਿਆ ਅਤੇ ਕਈਆਂ ਨੂੰ ਮੈਂ ਖ਼ੁਦ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ ਕਿਉਂਕਿ ਮੈਂ ਸ਼ਰਮਿੰਦਾ ਸੀ। ਮੈਂ ਡਿਸੇਬਲਡ ਨਹੀਂ ਸੀ ਹੋਣਾ ਚਾਹੁੰਦੀ।"

ਤਸਵੀਰ ਸਰੋਤ, Kirsty James
ਨਿਗ੍ਹਾ ਘਟਣ ਨਾਲ ਉਸ ਦੇ ਤਣਾਅ ਦੇ ਪੱਧਰ ਵਿੱਚ ਵੀ ਵਾਧਾ ਹੋਇਆ।
"ਮੈਨੂੰ ਤਰੇਲੀਆਂ ਆਉਂਦੀਆਂ ਰਹਿੰਦੀਆਂ। ਮੈਂ ਕਿਸੇ ਨੂੰ ਮਿਲਣਾ ਨਹੀਂ ਸੀ ਚਾਹੁੰਦੀ, ਆਪਣੇ ਪਰਿਵਾਰ ਨੂੰ ਵੀ ਨਹੀਂ। ਅੱਠ ਮਹੀਨਿਆਂ ਤੱਕ ਮੈਂ ਆਪਣੇ ਆਪ ਨੂੰ ਘਰ ਵਿੱਚ ਬੰਦ ਕਰੀ ਰੱਖਿਆ।"
ਉਸਨੇ ਟੌਮ ਨੂੰ ਵੀ ਪੁੱਛਿਆ ਕਿ ਕੀ ਉਹ ਰਿਸ਼ਤਾ ਤੋੜ੍ਹਨਾ ਚਾਹੁੰਦਾ ਸੀ।
ਟੌਮ ਨੇ ਸਾਥ ਨਹੀਂ ਛੱਡਿਆ
'ਮੈਂ ਘਬਰਾਈ ਹੋਈ ਸੀ। ਮੇਰੇ ਯਾਦ ਹੈ ਮੈਂ ਉਸ ਨੂੰ ਕਿਹਾ ਜੇ ਤੁਸੀਂ ਜਾਣਾ ਚਾਹੋਂ ਤਾਂ ਮੈਂ ਤੁਹਾਨੂੰ ਦੋਸ਼ ਨਹੀਂ ਦੇਵਾਂਗੀ ਕਿਉਂਕਿ ਸਾਫ਼ ਹੈ ਕਿ ਮੈਨੂੰ ਬਹੁਤ ਸਹਾਰੇ ਦੀ ਲੋੜ ਪਵੇਗੀ।'
"ਉਸ ਨੇ ਕਿਹਾ ਪਾਗਲ ਨਾ ਬਣ ਮੈਂ ਇੱਥੇ ਹੀ ਹਾਂ ਤੇਰੇ ਲਈ।"
"ਮੈਂ ਉਸ ਨੂੰ ਕਿਹਾ, ਹਾਂ ਠੀਕ ਹੈ ਪਰ ਤੁਹਨੂੰ ਮੇਰੇ ਪੈਰਾਂ ਦੇ ਨਹੁੰ ਕੱਟਣੇ ਪੈਣਗੇ।"
ਟੌਮ ਨੇ ਕ੍ਰਿਸਟੀ ਨੂੰ ਯਕੀਨ ਦੁਆਇਆ ਕਿ ਉਹ ਜਾਣਾ ਨਹੀਂ ਚਾਹੁੰਦਾ ਸਗੋਂ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਉਸਨੇ ਕ੍ਰਿਸਟੀ ਨੂੰ ਨਵੀਂ ਜ਼ਿੰਦਗੀ ਵਿੱਚ ਢਲਣਾ ਸਿਖਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ। ਉਸਨੇ ਕ੍ਰਸਿਟੀ ਨੂੰ ਚਾਹ ਬਣਾਉਣ ਤੋਂ ਸਿਰ ਵਾਹੁਣ ਅਤੇ ਮੇਕ ਅਪ ਕਰਨ ਤੱਕ ਸਾਰਾ ਕੁਝ ਸਿਖਾਇਆ।
"ਉਹ ਮੇਰੇ ਨਹੁੰਆਂ ਨੂੰ ਨੇਲ ਪਾਲਿਸ਼ ਲਾਉਂਦੇ ਹਨ ਅਤੇ ਵਾਲਾਂ ਦੇ ਉਤਪਾਦ ਖ਼ਰੀਦਣ ਵਿੱਚ ਉਨ੍ਹਾਂ ਦੀ ਮੁਹਾਰਤ ਹੈ।

ਤਸਵੀਰ ਸਰੋਤ, Kirsty James
ਜਦੋਂ ਮੈਂ ਕੱਪੜੇ ਖਰੀਦਣ ਜਾਂਦੀ ਹਾਂ ਤਾਂ ਉਹ ਮੈਨੂੰ ਦੱਸਦੇ ਹਨ ਕਿ ਕੋਈ ਚੀਜ਼ ਮੇਰੇ ਕਿਵੇਂ ਲੱਗ ਰਹੀ ਹੈ। ਜੇ ਕੁਝ ਪੜ੍ਹਨਾ ਪਵੇ ਤਾਂ ਕਦੇ ਦਿੱਕਤ ਨਹੀਂ ਹੁੰਦੀ- ਉਹ ਬਹੁਤ ਵਧੀਆ ਇਨਸਾਨ ਹੈ ਤੇ ਮੈਂ ਧੰਨਵਾਦੀ ਹਾਂ।"
ਸਮੇਂ ਦੇ ਨਾਲ ਕ੍ਰਿਸਟੀ ਨੇ ਆਪਣੀ ਘਟਦੀ ਨਿਗ੍ਹਾ ਨੂੰ ਸਵੀਕਾਰ ਕੀਤਾ ਅਤੇ ਤਣਾਅ ਵਿਰੋਧੀ ਦਵਾਈਆਂ ਅਤੇ ਸਹਾਇਤਾ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਹਾਲੇ ਵੀ ਕਿਸੇ ਨਾਲ ਉਨ੍ਹਾਂ ਅਜੀਬ ਚੀਜ਼ਾਂ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੀ ਸੀ, ਜੋ ਅਚਾਨਕ ਉਸਦੇ ਸਾਹਮਣੇ ਆ ਜਾਂਦੀਆਂ ਸਨ।
ਜੋ ਪੜ੍ਹਿਆ ਸੀ ਉਹ ਲਿਖੇ ਨਾਲੋਂ ਬਿਲਕੁਲ ਉਲਟ
ਕ੍ਰਿਸਟੀ ਅਤੇ ਟੌਮ ਨੇ ਜੁਲਾਈ, 2015 ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵਿਆਹ ਦੀ ਮੁੰਦਰੀ ਕ੍ਰਿਸਟੀ ਦੇ ਗਾਈਡ ਕੁੱਤੇ ਬਾਸ ਦੇ ਪੱਟੇ ਨਾਲ ਇੱਕ ਜੇਬ੍ਹ ਵਿੱਚ ਪਾਈ ਹੋਈ ਸੀ। ਬਾਸ ਵਿਆਹ ਦੌਰਾਨ ਕ੍ਰਿਸਟੀ ਅਤੇ ਟੌਮ ਦੇ ਨਾਲ ਹੀ ਤੁਰ ਕੇ ਸਮਾਗਮ ਵਾਲੀ ਥਾਂ ਪਹੁੰਚਿਆ।
ਮੈਂ ਇੱਕ ਵੀ ਪਲ ਖੁੰਝਾਉਣਾ ਨਹੀਂ ਸੀ ਚਾਹੁੰਦੀ ਇਸ ਲਈ ਮੈਂ ਟੌਮ ਨੂੰ ਆਪਣੇ ਨੇੜੇ ਰਹਿਣ ਲਈ ਕਿਹਾ। ਮੈਂ ਉਸਦੀ ਊਰਜਾ ਮਹਿਸੂਸ ਕਰ ਰਹੀ ਸੀ ਜਿਸ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਉਹ ਖ਼ੁਸ਼ ਸੀ।
ਕ੍ਰਿਸਟੀ ਨੂੰ ਅਜੀਬ ਚੀਜ਼ਾਂ ਨਜ਼ਰ ਆਉਣੀਆਂ ਜਾਰੀ ਰਹੀਆਂ ਜਦੋਂ ਤੱਕ ਕਿ ਉਹ ਅੱਖਾਂ ਦੇ ਮਾਹਿਰ ਨੂੰ ਨਹੀਂ ਮਿਲ ਸਕੀ। ਉਸ ਨੇ ਕ੍ਰਿਸਟੀ ਨੂੰ 12 ਫੌਂਟ ਸਾਈਜ਼ ਵਿੱਚ ਇੱਕ ਪੈਰਾ ਪੜ੍ਹਨ ਲਈ ਕਿਹਾ ਜਦਕਿ ਕ੍ਰਿਸਟੀ ਨੇ ਦੱਸਿਆ ਕਿ ਉਹ ਤਾਂ 20 ਫੌਂਟ ਸਾਈਜ਼ ਹੀ ਪੜ੍ਹ ਸਕਦੀ ਸੀ।
ਕ੍ਰਿਸਟੀ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੇ ਛੋਟੇ ਆਕਾਰ ਦੀ ਲਿਖਤ ਵੀ ਪੜ੍ਹ ਲਈ। ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਨਜ਼ਰ ਉਸ ਦੇ ਅੰਦਾਜ਼ੇ ਨਾਲੋਂ ਕਿਤੇ ਬਿਹਤਰ ਸੀ।
ਉਸਨੇ ਜੋ ਪੜ੍ਹਿਆ ਸੀ ਉਹ ਲਿਖੇ ਨਾਲੋਂ ਬਿਲਕੁਲ ਉਲਟ ਸੀ।

ਤਸਵੀਰ ਸਰੋਤ, Kirsty James
ਡਾਕਟਰ ਨੇ ਉਸਨੂੰ ਚਾਰਲਸ ਬੋਨਿਟ ਸਿੰਡਰੋਮ ਬਾਰੇ ਦੱਸਿਆ । ਇਸ ਹਾਲਤ ਵਿੱਚ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਹੁੰਦੀ ਹੈ ਉਨ੍ਹਾਂ ਦਾ ਦਿਮਾਗ ਭਰਮਾ ਸਿਰਜਣੇ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਉਸ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਦੇਖ ਸਕਦਾ ਹੈ ਅਤੇ ਨਜ਼ਰ ਠੀਕ ਹੈ।
ਇਹ ਹਾਲਤ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਸ ਦਾ ਮਾਨਸਿਕ ਸਿਹਤ ਨਾਲ ਕੋਈ ਸੰਬੰਧ ਨਹੀਂ ਹੈ।
ਮੈਂ ਪਾਗਲ ਨਹੀਂ ਹੋ ਰਹੀ
"ਮੈਂ ਰੋ ਪਈ ਅਤੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਮੈਂ ਪਾਗਲ ਨਹੀਂ ਹੋ ਰਹੀ। ਮੈਨੂੰ ਸੁੱਖ ਦਾ ਸਾਹ ਆਇਆ।"
ਹਾਲਾਂਕਿ ਕ੍ਰਿਸਟੀ ਨੂੰ ਹੁਣ ਸਚਾਈ ਦਾ ਪਤਾ ਸੀ ਪਰ ਭਰਮ ਹਾਲੇ ਵੀ ਉਸਨੂੰ ਪ੍ਰੇਸ਼ਾਨ ਕਰਦੇ ਸਨ।
ਇਹ ਭਰਮ ਉਸ ਨੂੰ ਕਈ ਹਾਲਤਾਂ ਵਿੱਚ ਪ੍ਰੇਸ਼ਾਨ ਕਰਦੇ। ਕਦੇ ਉਸ ਦੇ ਸਾਹਮਣੇ ਲੋਕਾਂ ਦੇ ਚਿਹਰੇ ਉਭਰ ਆਉਂਦੇ। ਇੱਕ ਵਾਰ ਉਸ ਨੇ ਹੇਠਾਂ ਦੇਖਿਆ ਤਾਂ ਫਰਸ਼ 'ਤੇ ਖੂਨ ਹੀ ਖੂਨ ਸੀ। ਕ੍ਰਿਸਟੀ ਚੀਖਣ ਲੱਗ ਪਈ। ਉਸਨੂੰ ਲੱਗਿਆ ਕਿਤੇ ਬਾਂਸ ਦੇ ਪੰਜੇ ਵਿੱਚੋਂ ਲਹੂ ਵਗ ਰਿਹਾ ਹੈ।
ਉਸਦੀ ਗੁਆਂਢਣ ਨੇ ਆ ਕੇ ਉਸ ਨੂੰ ਧਰਵਾਸ ਦਿੱਤਾ ਅਤੇ ਦੱਸਿਆ ਕਿ ਫਰਸ਼ 'ਤੇ ਕੁਝ ਨਹੀਂ ਸੀ।
ਸਿੰਡਰੋਮ ਬਾਰੇ ਜਾਨਣ ਮਗਰੋਂ ਕ੍ਰਿਸਟੀ ਨੂੰ ਪੈਦਾ ਹੁੰਦੇ ਭਰਮਾਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲੀ।
ਗੱਲਬਾਤ ਕਰਨ ਨਾਲ ਬਹੁਤ ਮਦਦ ਮਿਲੀ। ਨਜ਼ਰ ਦੀਆਂ ਐਨਕਾਂ ਨਾਲ ਵੀ ਸਹਾਇਤਾ ਹੋਈ।
ਆਪਣੀ ਘਟਦੀ ਨਜ਼ਰ ਨੂੰ ਸਵੀਕਾਰ ਕਰਨ ਅਤੇ ਭਰਮਾਂ ਦੀ ਵਿਆਖਿਆ ਮਿਲਣ ਨਾਲ ਵੀ ਕ੍ਰਿਸਟੀ ਨੂੰ ਕਾਫ਼ੀ ਸਹਾਇਤਾ ਮਿਲੀ। ਇਸ ਨਾਲ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ਆਪਣੇ ਵਰਗੀ ਸਥਿਤੀ ਵਿੱਚੋਂ ਗੁਜ਼ਰਨ ਵਾਲੇ ਹੋਰ ਲੋਕਾਂ ਦੀ ਵੀ ਮਦਦ ਕਰਨੀ ਚਾਹੁੰਦੀ ਹੈ।
ਇਹ ਮੌਕਾ ਉਸਨੂੰ ਨੇਤਰਹੀਣਾਂ ਲਈ ਰੌਇਲ ਨੈਸ਼ਨਲ ਇੰਸਟੀਚੀਊਟ ਦੀ ਸਿਖਲਾਈ ਸਕੀਮ ਵਿੱਚ ਮਿਲਿਆ। ਉਹ ਡਿਜੀਟਲ ਸਕਿਲ ਅਫਸਰ ਵਜੋਂ ਉਨ੍ਹਾਂ ਲੋਕਾਂ ਨੂੰ ਮਿਲਦੀ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਰਹੀ ਸੀ। ਉਹ ਉਨ੍ਹਾਂ ਨਾਲ ਸਮੱਸਿਆ ਬਾਰੇ ਗੱਲ ਕਰਦੀ ਅਤੇ ਆਨਲਾਈਨ ਕੰਮਕਾਜ ਵਿੱਚ ਸਹਾਇਤਾ ਕਰਦੀ।

ਤਸਵੀਰ ਸਰੋਤ, Kirsty James
ਮੈਂ ਨਹੀਂ ਚਾਹੁਦੀ ਕਿ ਲੋਕ ਵੀ ਉਸੇ ਤਰ੍ਹਾਂ ਮਹਿਸੂਸ ਕਰਨ ਜਿਵੇਂ ਮੈਂ ਕੀਤਾ।
ਕਮਜ਼ੋਰ ਹੋ ਰਹੀ ਨਜ਼ਰ ਕਰਕੇ ਜੋ ਭਰਮ ਅੱਖਾਂ ਸਾਹਮਣੇ ਬਣਦੇ ਹਨ। ਲੋਕ ਉਸਨੂੰ ਮਾਨਸਿਕ ਰੋਗ ਸਮਝ ਲੈਂਦੇ ਹਨ ਅਤੇ ਪੀੜਾ ਝੱਲਦੇ ਹਨ। ਉਹ ਖਾਣਾ ਪੀਣਾ ਛੱਡ ਜਾਂਦੇ ਹਨ। ਲੋਕ ਕਈ ਕਈ ਸਾਲ ਘਰੋਂ ਬਾਹਰ ਨਹੀਂ ਨਿਕਲਦੇ।
ਪਿਛਲੀਆਂ ਗਰਮੀਆਂ ਵਿੱਚ ਕ੍ਰਿਸਟੀ ਦੇ ਡਾਕਟਰ ਨੇ ਉਸਨੂੰ ਦੱਸਿਆ ਕਿ ਉਸਦੀ ਨਜ਼ਰ ਤਿੰਨ ਸਾਲਾਂ ਤੋਂ ਸਥਿਰ ਹੈ। ਇਹ ਸ਼ਾਇਦ ਇਸ ਤੋਂ ਵੱਧ ਨਹੀਂ ਘਟੇਗੀ।
"ਮੇਰੀ ਨਜ਼ਰ ਧੁੰਦਲੀ ਹੈ ਜਿਵੇਂ ਕੋਈ ਪੁਰਾਣਾ ਟੈਲੀਵੀਜ਼ਨ ਚਲਦਾ ਹੈ ਜਿਸ ਨੂੰ ਸਹੀ ਤਰ੍ਹਾਂ ਟਿਊਨ ਨਾ ਕੀਤਾ ਹੋਵੇ।
ਮੈਂ ਵਿਚਕਾਰੋਂ ਨਹੀਂ ਦੇਖ ਸਕਦੀ। ਮੈਂ ਪਾਸਿਆਂ ਤੋਂ ਦੇਖ ਸਕਦੀ ਹਾਂ। ਮੈਨੂੰ ਆਕਾਰ ਤਾਂ ਦਿਸਦੇ ਹਨ ਪਰ ਤਫਸੀਲ ਵਿੱਚ ਨਹੀਂ ਦੇਖ ਪਾਉਂਦੀ। ਕਈ ਰੰਗ ਦੇਖਣ ਵਿੱਚ ਵੀ ਦਿੱਕਤ ਆਉਂਦੀ ਹੈ।"
"ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੈਂ ਸਮਝਦੀ ਸੀ ਕਿ ਮੈਂ ਬਿਲਕੁਲ ਹੀ ਅੰਨ੍ਹੀ ਹੋ ਜਾਵਾਂਗੀ-ਮੈਨੂੰ ਕਿਸੇ ਨੇ ਨਹੀਂ ਸਮਝਾਇਆ ਕਿ (ਇੰਗਲੈਂਡ ਵਿੱਚ) ਰਜਿਸਟਰਡ ਨੇਤਰਹੀਣਾਂ ਵਿੱਚੋਂ ਸਿਰਫ 7 ਫੀਸਦੀ ਹੀ ਪੂਰਨ ਤੌਰ ਤੇ ਅੰਨ੍ਹੇ ਹਨ। ਇਹ ਸਭ ਜਾਣ ਕੇ ਮੈਨੂੰ ਬੜੀ ਹਿੰਮਤ ਮਿਲੀ।"
ਕ੍ਰਿਸਟੀ ਆਪਣੀ ਬਚੀ ਹੋਈ ਨਜ਼ਰ ਲਈ ਧੰਨਵਾਦੀ ਹੈ, ਕਿ ਉਹ ਆਪਣੇ ਘਰ ਦੇ ਦੁਆਲੇ ਦੇ ਪਹਾੜਾਂ ਦੇ ਆਕਾਰ ਦੇਖ ਸਕਦੀ ਹੈ।
"ਕਈ ਸਾਲਾਂ ਤੱਕ ਮੈਂ ਹਰ ਰੋਜ ਇਸ ਡਰ ਨਾਲ ਉੱਠਦੀ ਸੀ ਕਿ ਮੈਂ ਅੰਨ੍ਹੀ ਹੋ ਜਾਵਾਂਗੀ ਪਰ ਹੁਣ ਮੈਨੂੰ ਡਰ ਨਹੀਂ ਲਗਦਾ।"

ਤਸਵੀਰ ਸਰੋਤ, TRIANGLENEWS
ਹਾਰਲੇ ਮਾਰਟਿਨ ਨੂੰ 20ਵੇਂ ਹਫ਼ਤੇ ਦੀ ਸਕੈਨਿੰਗ ਦੌਰਾਨ ਇਹ ਪਤਾ ਲੱਗਿਆ ਕਿ ਉਸ ਦੀ ਕੁੱਖ ਵਿੱਚ ਪਲ ਰਹੀ ਬੱਚੀ ਨੂੰ ਇੱਕ ਦੁਰਲੱਭ ਜਮਾਂਦਰੂ ਰੋਗ ਹੈ ਜਿਸ ਕਰਕੇ ਉਹ ਜਾਂ ਤਾਂ ਜਣੇਪੇ ਦੌਰਾਨ ਜਾਂ ਇਸਦੇ ਕੁੱਝ ਪਲਾਂ ਵਿੱਚ ਹੀ ਮਰ ਜਾਵੇਗੀ।
ਮਾਂ ਨੇ ਇਹ ਫ਼ੈਸਲਾ ਲਿਆ ਤਾਂ ਕਿ ਉਹ ਬੱਚੀ ਨੂੰ ਜਨਮ ਦੇਵੇਗੀ ਤਾਂ ਕਿ ਉਸ ਦੇ ਟਿਸ਼ੂ ਦਾਨ ਕਰਕੇ ਹੋਰ ਜਾਨਾਂ ਬਚਾਈਆਂ ਜਾ ਸਕਣ।












