ਕੀ ਟਿਪ ਸਿਰਫ਼ ਗ੍ਰਾਹਕ ਦੀ ਸੰਤੁਸ਼ਟੀ ਦਾ ਇਜ਼ਹਾਰ ਹੈ?

ਤਸਵੀਰ ਸਰੋਤ, Getty Images
- ਲੇਖਕ, ਟਿਫਨੀ ਵੈੱਨ
- ਰੋਲ, ਬੀਬੀਸੀ ਕੈਪੀਟਲ
ਟਿਪ ਦੇਣ ਦੀ ਸ਼ੁਰੂਆਤ 16ਵੀਂ ਸਦੀ ਦੇ ਬਰਤਾਨੀਆ ਵਿੱਚ ਹੋਈ ਜਦੋਂ ਰਾਤ ਨੂੰ ਠਹਿਰਣ ਵਾਲੇ ਮਹਿਮਾਨ ਆਪਣੇ ਮਹਿਮਾਨ ਨਿਵਾਜਾਂ ਲਈ ਸਵੇਰੇ ਜਾਂਦੇ ਹੋਏ ਕੁੱਝ ਪੈਸੇ ਛੱਡ ਜਾਂਦੇ ਸਨ।
ਟਿਪ ਦੇਣ ਦੇ ਰਿਵਾਜ ਨੇ ਅਰਥਸ਼ਾਸਤਰੀਆਂ ਨੂੰ ਕਾਫ਼ੀ ਦੇਰ ਸੋਚਾਂ ਵਿੱਚ ਪਾਈ ਰੱਖਿਆ।
ਅਸਲ ਵਿੱਚ ਟਿਪ ਦੇਣਾ ਜਾਂ ਕਹਿ ਲਓ ਫ਼ਾਲਤੂ ਪੈਸੇ ਦੇਣੇ ਉਹ ਵੀ ਬਿਨਾਂ ਮੰਗੇ। ਸਾਡੇ ਹਿੱਤਾਂ ਦੇ ਮੁਆਫ਼ਿਕ ਨਹੀਂ ਲਗਦਾ।
ਟਿਪ ਦੇਣ ਦੀ ਰਵਾਇਤ ਲਗਪਗ ਸਾਰੇ ਸੰਸਾਰ ਵਿੱਚ ਹੀ ਵਿਆਪਕ ਹੈ।
ਟਿਪ ਕਦੋਂ ਦਿੱਤੀ ਜਾਵੇਗੀ ਕਿਨ੍ਹੀਂ ਦਿੱਤੀ ਜਾਵੇਗੀ ਇਸ ਬਾਰੇ ਵੱਖ-ਵੱਖ ਮੁਲਕਾਂ ਵਿੱਚ ਵੱਖੋ-ਵੱਖਰੇ ਰਿਵਾਜ ਹਨ ਤੇ ਇਹ ਟਿਪ ਦੇਣ ਵਾਲੇ ਦੀ ਜੇਬ 'ਤੇ ਵੀ ਨਿਰਭਰ ਕਰਦਾ ਹੈ।
ਕੀ ਮਨੋਵਿਗਿਆਨ ਕੰਮ ਕਰਦਾ ਹੈ ਟਿਪ ਦੇਣ ਪਿੱਛੇ?
ਜ਼ਰੂਰੀ ਨਹੀਂ ਕਿ ਟਿਪ ਸਾਰੇ ਦੇਸਾਂ ਵਿੱਚ ਹੀ ਦਿੱਤੀ ਜਾਂਦੀ ਹੈ। ਜਪਾਨ ਵਿੱਚ ਤਾਂ ਇਹ ਇੱਕ ਕਿਸਮ ਦਾ ਟੈਬੂ ਹੈ ਤੇ ਲੋਕਾਂ ਦੇ ਕਈ ਵਾਰ ਸਮਝ ਨਹੀਂ ਆਉਂਦੀ ਕਿ ਪੈਸੇ ਕੌਣ ਛੱਡ ਕੇ ਗਿਆ ਹੈ।
ਖੋਜ ਵਿੱਚ ਸਾਹਮਣੇ ਆਇਆ ਹੈ ਕਿ ਕੋਈ ਵਿਅਕਤੀ ਜਿੰਨਾ ਕੁ ਖੁੱਲ੍ਹ ਦਿਲਾ ਮਹਿਸੂਸ ਕਰੇਗਾ ਉਨ੍ਹੀਂ ਹੀ ਵਧੇਰੇ ਵਾਰ ਤੇ ਜਿਆਦਾ ਪੈਸਿਆਂ ਦੀ ਟਿਪ ਦੇਵੇਗਾ।
ਮਿਸ਼ੇਲ ਲਿਨ ਪ੍ਰੋਫੈ਼ਸਰ ਕਾਰਨਲ ਯੂਨੀਵਰਸਿਟੀ ਮੁਤਾਬਕ ਇਸ ਮਗਰ ਸਿਰਫ਼ ਇਹੀ ਇੱਕਲੌਤਾ ਕਾਰਨ ਹੀ ਨਹੀਂ ਹੈ ਬਲਕਿ ਸਮਾਜਿਕ ਨੇਮ, ਵੱਖੋ-ਵੱਖਰੇ ਭੱਤੇ ਤੇ ਸਰਵਿਸ ਚਾਰਜ ਆਦਿ ਬਾਰੇ ਸਥਾਨਕ ਹਾਲਾਤ ਤੇ ਪਰੰਪਰਾਵਾਂ ਦੀ ਵੀ ਇਸ ਵਿੱਚ ਆਪਣੀ ਭੂਮਿਕਾ ਹੁੰਦੀ ਹੈ।

ਤਸਵੀਰ ਸਰੋਤ, Getty Images
2016 ਦੇ ਇੱਕ ਹੋਰ ਅਮਰੀਕੀ ਅਧਿਐਨ ਮੁਤਾਬਕ ਟਿਪ ਦੇ ਆਰਥਿਕ ਨਤੀਜੇ ਹੁੰਦੇ ਹਨ ਪਰ ਇਸ ਦੀਆਂ ਜੜ੍ਹਾਂ ਸਮਾਜਿਕ ਨੇਮਾਂ ਵਿੱਚ ਪਈਆਂ ਹੋਈਆਂ ਹਨ।
ਅਧਿਐਨ ਦੇ ਲੇਖਕ ਐਡਵਰਡ ਮੈਨਸਫ਼ੀਲਡ, ਪੈਨਸਲਵੇਨੀਆ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹਨ। ਉਨ੍ਹਾਂ ਦੇ ਮੁਤਾਬਕ ਜਿਹੜੇ ਮੁਲਕਾਂ ਤੋਂ ਜ਼ਿਆਦਾ ਲੋਕ ਅਮਰੀਕਾ ਆਉਂਦੇ ਹਨ ਉਹ ਵੀ ਆਪਣੇ ਨਾਲ ਟਿਪ ਦੇਣ ਦੀ ਆਦਤ ਵੀ ਲੈ ਜਾਂਦੇ ਹਨ। ਉਨ੍ਹਾਂ ਮੁਲਕਾਂ ਵਿੱਚ ਟਿਪ ਦੀ ਦਰ ਤੇ ਪੈਸਾ ਵੀ ਵਧ ਜਾਂਦੇ ਹਨ।
ਲਿਨ ਅੱਗੇ ਦੱਸਦੇ ਹਨ ਕਿ ਵਿਅਕਤੀਗਤ ਪੱਧਰ 'ਤੇ ਟਿਪ ਦੇਣ ਲਈ ਕਈ ਗੱਲਾਂ ਪ੍ਰੇਰਿਤ ਕਰ ਸਕਦੀਆਂ ਹਨ ਜਿਵੇਂ ਦੁਬਾਰਾ ਆਉਣ 'ਤੇ ਵਧੀਆ ਸੇਵਾ ਦੀ ਉਮੀਦ, ਵੇਟਰਾਂ ਦੀ ਹੌਸਲਾ ਅਫ਼ਜ਼ਾਈ ਜਾਂ ਸਮਾਜਿਕ ਪ੍ਰਵਾਨਗੀ ਹਾਸਲ ਕਰਨਾ।
ਜੋ ਲੋਕ ਸਮਾਜਿਕ ਪ੍ਰਵਾਨਗੀ ਲਈ ਟਿਪ ਦਿੰਦੇ ਹਨ ਉਹ ਅਕਸਰ ਉਨ੍ਹਾਂ ਕੰਮ ਕਰਨ ਵਾਲਿਆਂ ਨੂੰ ਟਿਪ ਦਿੰਦੇ ਹਨ ਜਿੰਨ੍ਹਾਂ ਨੂੰ ਆਮ ਤੌਰ 'ਤੇ ਘੱਟ ਹੀ ਟਿਪ ਮਿਲਦੀ ਹੈ ਜਿਵੇਂ ਕਾਰ ਮਕੈਨਿਕ ਤੇ ਵੈਟਨਰੀ ਵਾਲੇ।
ਜੋ ਲੋਕ ਸੇਵਾਦਾਰ ਦੇ ਲਈ ਟਿਪ ਦਿੰਦੇ ਹਨ ਉਹ ਲਗਪਗ ਸਾਰਿਆਂ ਨੂੰ ਹੀ ਟਿਪ ਦਿੰਦੇ ਹਨ ਇਸ ਦੇ ਉਲਟ ਜੋ ਮਜਬੂਰੀ ਵੱਸ ਟਿਪ ਦਿੰਦੇ ਹਨ ਉਹ ਸਿਰਫ਼ ਜ਼ਰੂਰੀ ਥਾਂਵਾਂ 'ਤੇ ਹੀ ਜੇਬ ਢਿੱਲੀ ਕਰਦੇ ਹਨ।
ਕਈ ਵਾਰ ਰੈਸਤਰਾਂ ਵਿੱਚ ਹੀ ਲਿਖਿਆ ਹੁੰਦਾ ਹੈ ਕਿ ਗ੍ਰਾਹਕ 20 ਫ਼ੀਸਦੀ ਤੱਕ ਟਿਪ ਜ਼ਰੂਰ ਦੇਵੇ ਪਰ ਇਹ ਜਿੰਨੀ ਜ਼ਿਆਦਾ ਟਿਪ ਮੰਗੀ ਜਾਵੇਗੀ ਗ੍ਰਾਹਕ ਓਨੀ ਹੀ ਘੱਟ ਟਿਪ ਆਪਣੇ ਵੱਲੋਂ ਛੱਡ ਕੇ ਜਾਵੇਗਾ।
ਕੀ ਟਿਪ ਦੇਣਾ ਸਹੀ ਹੈ?
ਲਿਨ ਦਾ ਕਹਿਣਾ ਹੈ ਕਿ ਜੇ ਟਿਪ ਖ਼ਤਮ ਕਰ ਦਿੱਤੀ ਜਾਵੇ ਤਾਂ ਸਰਕਾਰ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਹ ਪੈਸਾ ਬਿਨ੍ਹਾਂ ਰਿਕਾਰਡ ਦੇ ਇੱਕ ਤੋਂ ਦੂਜੇ ਵਿਅਕਤੀ ਕੋਲ ਜਾਂਦਾ ਹੈ ਸੋ ਟੈਕਸ ਤੋਂ ਵੀ ਬਾਹਰ ਰਹਿੰਦਾ ਹੈ।
ਇਸ ਨਾਲ ਕਈ ਪੇਸ਼ਿਆਂ ਵਿੱਚ ਕੰਮ ਕਰਨ ਵਾਲੇ ਜ਼ਿਆਦਾ ਕਮਾਉਂਦੇ ਹਨ ਤੇ ਕਈ ਵਿਚਾਰੇ ਲੁਕੇ ਰਹਿ ਜਾਂਦੇ ਹਨ ਜਿਵੇਂ ਢਾਬੇ ਦਾ ਬਹਿਰਾ ਟਿਪ ਤੋਂ ਖਾਣਾ ਬਣਾਉਣ ਵਾਲੇ ਕਾਰੀਗਰ ਦੇ ਮੁਕਾਬਲੇ ਜਿਆਦਾ ਕਮਾਉਂਦਾ ਹੈ।
ਇਸ ਦੇ ਨਾਲ ਹੀ ਕਿਉਂਕਿ ਰੈਸਟੋਰੈਂਟ ਵਾਲਿਆਂ ਦਾ ਟਿਪ 'ਤੇ ਕੋਈ ਕੰਟਰੋਲ ਨਹੀਂ ਹੁੰਦਾ ਇਸ ਲਈ ਉਹ ਵੀ ਇਸ ਦੀ ਸਾਰੇ ਕਾਮਿਆਂ ਵਿੱਚ ਬਰਾਬਰ ਵੰਡ ਨਹੀਂ ਕਰ ਸਕਦੇ।
ਲਿਨ ਨੇ ਆਪਣੇ ਇੱਕ ਹੋਰ ਅਧਿਐਨ ਵਿੱਚ ਇਹ ਵੀ ਵੇਖਿਆ ਹੈ ਕਿ ਜਿਹੜੇ ਰੈਸਟੋਰੈਂਟ ਟਿਪ ਖ਼ਤਮ ਕਰਕੇ ਸਰਵਿਸ ਚਾਰਜ ਲਾ ਦਿੰਦੇ ਹਨ ਗ੍ਰਾਹਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਅਤੇ ਔਨਲਾਈਨ ਰੇਟਿੰਗ ਵਿੱਚ ਘੱਟ ਨੰਬਰ ਦਿੰਦੇ ਹਨ।
ਮਹਿੰਗੇ ਰੈਸਟੋਰੈਂਟਾਂ ਦੀ ਗ੍ਰਾਹਕੀ ਕਿਉਂ ਨਹੀਂ ਘਟਦੀ?
ਇਸਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਟਿਪ ਨੂੰ ਗ੍ਰਾਹਕ ਕੀਮਤ ਵਿੱਚ ਨਹੀਂ ਗਿਣਦਾ ਬਲਕਿ, ਆਪਣੀ ਸੰਤੁਸ਼ਟੀ ਦਾ ਇਜ਼ਹਾਰ ਸਮਝਦਾ ਹੈ। ਜਦ ਕਿ ਜੇ ਇਸ ਨੂੰ ਲਾਜਮੀਂ ਤੌਰ 'ਤੇ ਲਿਖ ਦਿੱਤਾ ਜਾਵੇ ਤਾਂ ਨਿਸ਼ਚਿਤ ਹੀ ਇਹ ਕੀਮਤ ਗਿਣੀ ਜਾਵੇਗੀ ਤੇ ਗ੍ਰਾਹਕ ਨੂੰ ਰੈਸਟੋਰੈਂਟ ਮਹਿੰਗਾ ਲੱਗੇਗਾ। ਸਾਰੇ ਥਾਂ ਇਹ ਨੇਮ ਵੀ ਲਾਗੂ ਨਹੀਂ ਹੁੰਦਾ।

ਤਸਵੀਰ ਸਰੋਤ, Getty Images
ਵੱਡੇ ਰੈਸਟੋਰੈਂਟ ਸਰਵਿਸ ਚਾਰਜ ਵੱਖਰਾ ਨਹੀਂ ਲਿਖਦੇ ਬਲਕਿ ਕੀਮਤ ਵਿੱਚ ਹੀ ਗਿਣ ਲੈਂਦੇ ਹਨ ਪਰ ਮਹਿੰਗੇ ਹੋਣ ਦੇ ਬਾਵਜੂਦ ਉਨ੍ਹਾਂ ਦਾ ਗ੍ਰਾਹਕੀ ਘੱਟ ਨਹੀਂ ਹੁੰਦੀ।
ਇਨ੍ਹਾਂ ਰੈਸਟੋਰੈਂਟ ਵਿੱਚ ਬਹਿਰਾ- ਗ੍ਰਾਹਕ ਅਨੁਪਾਤ ਘੱਟ ਹੁੰਦਾ ਹੈ। ਹੁਣ ਕਿਉਂਕਿ ਇੱਕ ਬਹਿਰੇ ਨੇ ਥੋੜ੍ਹਿਆਂ ਗ੍ਰਹਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਇਸ ਲਈ ਉਹ ਬਿਨਾਂ ਟਿਪ ਦੇ ਵੀ ਵਧੀਆ ਸੇਵਾ ਕਰਦੇ ਹਨ।
ਇਸਦੇ ਇਲਾਵਾ ਅਮੀਰ ਗ੍ਰਾਹਕਾਂ ਨੂੰ ਕੀਮਤ ਨਾਲ ਫ਼ਰਕ ਵੀ ਨਹੀਂ ਪੈਂਦਾ ਤੇ ਉਹ ਅਜਿਹੀਆਂ ਥਾਂਵਾਂ ਜਿੱਥੇ ਵਧੀਆ ਖਿਆਲ ਰੱਖਿਆ ਜਾਂਦਾ ਹੈ, ਜਾਣਾ ਪਸੰਦ ਕਰਦੇ ਹਨ।
ਬੀਬੀਸੀ ਕੈਪੀਟਲ ਦੀ ਵੈੱਬਸਾਈਟ 'ਤੇ ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ।













