ਹਿਮਾਚਲ ਬੱਸ ਹਾਦਸਾ: 'ਸਾਡੇ ਕੱਪੜੇ ਬੱਚਿਆਂ ਦੇ ਖ਼ੂਨ ਨਾਲ ਲਾਲ ਹੋ ਗਏ'

- ਲੇਖਕ, ਸਰਬਜੀਤ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਨੂਰਪੁਰ ਨੇੜੇ ਹਾਦਸੇ ਦੀ ਸ਼ਿਕਾਰ ਹੋਈ ਬੱਸ ਵਿੱਚੋਂ ਬੱਚਿਆਂ ਨੂੰ ਕੱਢਣ ਵਾਲਿਆਂ ਵਿੱਚ ਰਾਜ ਕੁਮਾਰ ਵੀ ਸ਼ਾਮਲ ਸਨ। ਰਾਜ ਕੁਮਾਰ 20 ਸਾਲਾਂ ਦੇ ਨੌਜਵਾਨ ਹਨ ਅਤੇ ਮਜ਼ਦੂਰੀ ਕਰਦੇ ਹਨ।
ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਹ ਬੱਚਿਆਂ ਦੇ ਸੰਸਕਾਰ ਤੋਂ ਵਾਪਸ ਆ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਕਿ ਇੱਕ ਬੱਚਾ (ਰਨਬੀਰ ਸਿੰਘ) ਰੋਂਦਾ ਹੋਇਆ ਸੜਕ ਤੋਂ ਲੰਘ ਰਿਹਾ ਸੀ। ਜਦੋਂ ਉਨ੍ਹਾਂ ਨੇ ਰੋਕ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬੱਸ ਖੱਡ ਵਿੱਚ ਡਿੱਗ ਗਈ ਹੈ।
ਇਹ ਸੁਣਦਿਆਂ ਹੀ ਰਾਜ ਕੁਮਾਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਾਦਸੇ ਵਾਲੀ ਥਾਂ ਪਹੁੰਚ ਗਏ।
ਉੱਪਰੋਂ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਉਨ੍ਹਾਂ ਥੱਲੇ ਉੱਤਰ ਕੇ ਦੇਖਿਆ ਤਾਂ "ਬੱਸ ਵਿੱਚੋਂ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਤੇ ਹਾਲਾਤ ਗੰਭੀਰ ਸਨ।"
ਨੌਜਵਾਨਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ
ਇਸ ਮਗਰੋਂ ਰਾਜ ਕੁਮਾਰ ਨੇ ਆਪਣੇ ਸਾਥੀਆਂ ਨੂੰ ਵੀ ਹੇਠਾਂ ਬੁਲਾਇਆ ਅਤੇ ਜ਼ਖਮੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਰਾਜ ਕੁਮਾਰ ਨੇ ਦੱਸਿਆ "ਇਹ ਕੰਮ ਕਾਫ਼ੀ ਮੁਸ਼ਕਿਲ ਸੀ ਕਿਉਂਕਿ ਉੱਪਰ ਜਾਣ ਲਈ ਕੋਈ ਪਗਡੰਡੀ ਨਹੀਂ ਸੀ।"
ਰਾਜ ਕੁਮਾਰ ਨੇ ਕਿਹਾ," ਥੋੜੀ ਦੇਰ ਤੱਕ ਹੋਰ ਲੋਕ ਵੀ ਮਦਦ ਲਈ ਪਹੁੰਚ ਗਏ ਫੇਰ ਅਸੀਂ ਮਨੁੱਖੀ ਲੜੀ ਬਣਾ ਕੇ ਛੋਟੇ-ਛੋਟੇ ਰਾਹਾਂ ਚੋਂ ਜ਼ਖਮੀਂ ਬੱਚਿਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਸਾਡੇ ਕੱਪੜੇ ਕਈ ਬੱਚਿਆਂ ਦੇ ਖੂਨ ਨਾਲ ਲਾਲ ਹੋ ਗਏ ਸਨ।"
ਉਨ੍ਹਾਂ ਨੇ ਕਈ ਬੱਚਿਆਂ ਨੂੰ ਆਪਣੀ ਪਿੱਠ ਤੇ ਬੰਨ੍ਹ ਕੇ ਖੱਡ ਚੋਂ ਬਾਹਰ ਕੱਢਿਆ।
ਹਾਦਸੇ ਵਾਲੀ ਥਾਂ ਦੇ ਨੇੜੇ ਹੀ ਵਿਸ਼ਾਲ ਦਾ ਘਰ ਹੈ। ਵਿਸ਼ਾਲ ਨੇ ਦੱਸਿਆ ਕਿ ਰੌਲਾ ਸੁਣ ਕੇ ਘਰੋਂ ਬਾਹਰ ਆਏ। ਵਿਸ਼ਾਲ ਨੇ ਆਪਣੇ ਘਰ ਬੈਠੇ ਦੋਸਤਾਂ ਨੂੰ ਪਾਣੀ ਲਿਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਖੱਡ ਵਿੱਚੋਂ ਬਾਹਰ ਲਿਆਂਦੇ ਜਾ ਰਹੇ ਬੱਚਿਆਂ ਵੱਲ ਦੇਖ ਸਕਣਾ ਵੀ ਮੁਸ਼ਕਿਲ ਸੀ।

ਪਿੰਡ ਦੀ ਪੰਚਾਇਤ ਮੈਂਬਰ ਰੇਖਾ ਪਠਾਨੀਆ ਨੇ ਬੀਬੀਸੀ ਨੂੰ ਦੱਸਿਆ ਕਿ ਜਿੰਨਾਂ ਨੌਜਵਾਨਾਂ ਨੇ ਬੱਚਿਆਂ ਨੂੰ ਖੱਡ ਵਿੱਚੋਂ ਕੱਢਿਆ ਉਨ੍ਹਾਂ ਵਿੱਚ ਰਾਜ ਕੁਮਾਰ ਵੀ ਸ਼ਾਮਲ ਸੀ।
ਪਹਿਲਾਂ ਵੀ ਹੋਇਆ ਸੀ ਇੱਥੇ ਹਾਦਸਾ
ਖੁਵਾੜਾ ਪਿੰਡ ਦੇ 70 ਸਾਲਾ ਮੰਗਲ ਸਿੰਘ ਨੇ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਇੱਕ ਛੋਟਾ ਟਰੱਕ ਵੀ ਇਸੇ ਖੱਡ ਵਿੱਚ ਗਿਰ ਚੁੱਕਿਆ ਹੈ।
ਥਾਂ ਵੀ ਉਹੀ ਹੈ ਤੇ ਖੱਡ ਵੀ ਉਹੀ ਹੈ। ਉਸ ਸਮੇਂ ਡਰਾਈਵਰ ਦੀ ਜਾਮ ਬਚ ਗਈ ਸੀ।
ਮੰਗਲ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਵਾਲਿਆਂ ਦੀ ਹਿੰਮਤ ਨਾਲ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਸਾਰਿਆ ਨੂੰ ਬਾਹਰ ਕੱਢ ਲਿਆ ਗਿਆ ਸੀ।
ਬੀਬੀਸੀ ਦੀ ਟੀਮ ਨੇ ਵੀ ਖੱਡ ਵਿੱਚ ਉੱਤਰ ਕੇ ਦੇਖਣਾ ਚਾਹਿਆ ਪਰ ਅਸੀਂ ਸਿਰਫ਼ ਪੰਜਾਹ ਮੀਟਰ ਹੀ ਥੱਲੇ ਉੱਤਰ ਸਕੇ।
ਧਿਲਕਣ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਅਹਿਸਾਸ ਹੋਇਆ ਕਿ ਬਚਾਅ ਕਰਜ ਵਿੱਚ ਲੱਗੇ ਰਾਜ ਕੁਮਾਰ ਵਰਗੇ ਵਿੱਅਕਤੀਆਂ ਨੂੰ ਕਿੰਨੀ ਦਿੱਕਤ ਪੇਸ਼ ਆਈ ਹੋਵੇਗੀ।













