ਗਾਜ਼ਾ-ਇਜ਼ਰਾਈਲ ਸਰਹੱਦ: ਹਿੰਸਾ ਦੀ ਹੋਵੇ ਨਿਰਪੱਖ ਜਾਂਚ: ਯੂਐੱਨਓ

ਫ਼ਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿੱਚ ਪ੍ਰਦਰਸ਼ਨ ਦੌਰਾਨ ਹੁਣ ਤੱਕ ਇਜ਼ਰਾਈਲੀ ਫੌਜ ਦੀ ਕਾਰਵਾਈ ਵਿੱਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਫੱਟੜ ਹੋਏ ਹਨ।

ਇਸ ਘਟਨਾ ਦਾ ਸਯੁੰਕਤ ਰਾਸ਼ਟਰ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਗੱਲ ਕਹੀ ਹੈ।

ਸਯੁੰਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਆ ਗੁਟਰੇਜ਼ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਗਾਜ਼ਾ ਜੰਗ ਦੌਰਾਨ 2014 ਤੋਂ ਬਾਅਦ ਇੱਕੋ ਦਿਨ ਹੋਈਆਂ ਇਹ ਸਭ ਤੋਂ ਵੱਧ ਮੌਤਾਂ ਹਨ।

ਸਯੁੰਕਤ ਰਾਸ਼ਟਰ ਨੇ ਐਂਮਰਜੈਸੀ ਸੈਸ਼ਨ ਬੁਲਾ ਕੇ ਇਸ ਹਿੰਸਾ ਦੀ ਨਿਖੇਧੀ ਕੀਤੀ ਹੈ।

ਇਸ ਤੋਂ ਪਹਿਲਾਂ ਫ਼ਲਸਤੀਨੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਦੀ ਮੌਤ ਦਾ ਜ਼ਿੰਮੇਵਾਰ ਇਜ਼ਰਾਈਲ ਹੈ।

ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਅਤੇ ਬੰਬ ਸੁੱਟੇ।

ਫ਼ਲਸਤੀਨੀਆਂ ਦਾ ਇਹ ਮਾਰਚ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਦੇ ਸ਼ਹਿਰ ਸਮੇਤ ਫਲਸਤੀਨ-ਇਜ਼ਰਾਈਲ ਸਰਹੱਦ ਨਾਲ ਲਗਦੇ 5 ਇਲਾਕਿਆਂ ਵਿੱਚ ਕੀਤਾ ਜਾ ਰਿਹਾ ਹੈ।

ਇਜ਼ਰਾਈਲੀ ਫੌਜਾਂ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਵਿੱਚ ਹਿੰਸਾ ਭੜਕ ਉੱਠੀ ਸੀ। ਜਿਸ ਨੂੰ ਰੋਕਣ ਲਈ ਹਿੰਸਾ ਭੜਕਾਉਣ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ।

ਇਹ ਮਾਰਚ 6 ਹਫ਼ਤਿਆਂ ਤੋਂ ਚੱਲ ਰਹੇ ਹਨ ਤੇ ਫ਼ਲਸਤੀਨੀਆਂ ਨੇ ਉੱਥੇ 5 ਤੰਬੂ ਲਾਏ ਹੋਏ ਹਨ।

ਇਸ ਪ੍ਰਦਰਸ਼ਨ ਨੂੰ "ਵਾਪਸੀ ਦਾ ਮਾਰਚ" ਕਿਹਾ ਜਾ ਰਿਹਾ ਹੈ।

ਇਹ ਕੈਂਪ ਇਜ਼ਰਾਈਲੀ ਸਰਹੱਦ ਨੇੜੇ ਬੇਟ ਹਾਨੂਨ ਤੋਂ ਲੈ ਕੇ ਮਿਸਰ ਦੀ ਸਰਹੱਦ ਤੱਕ ਫੈਲੇ ਹੋਏ ਹਨ।

ਇਹ ਰੋਸ ਮੁਜ਼ਾਹਰਾ 15 ਮਈ ਇਜ਼ਰਾਈਲ ਦੇ ਸਥਾਪਨਾ ਦਿਵਸ ਵਾਲੇ ਦਿਨ ਖ਼ਤਮ ਹੋਣਗੇ।

ਇਜ਼ਰਾਈਲ ਇਸੇ ਦਿਨ 1948 ਨੂੰ ਹੋਂਦ ਵਿੱਚ ਆਇਆ ਸੀ ਤੇ ਫ਼ਲਸਤੀਨੀ ਇਸ ਦਿਨ ਨੂੰ ਕਿਆਮਤ ਦਾ ਦਿਨ ਕਹਿੰਦੇ ਹਨ।

ਇਸ ਦਿਨ ਹਜ਼ਾਰਾਂ ਫ਼ਲਸਤੀਨੀਆਂ ਨੂੰ ਬੇ-ਘਰ ਹੋਣਾ ਪਿਆ ਸੀ।

ਫ਼ਲਸਤੀਨੀਆਂ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੀ ਇਜ਼ਰਾਈਲ ਵਿੱਚ ਰਹਿ ਰਹੇ ਰਿਫਿਊਜੀਆਂ ਨੂੰ ਵਾਪਸ ਆਉਣ ਦੀ ਆਗਿਆ ਦਿਵਾਉਣ ਦੀ ਮੰਗ ਲਈ ਦਬਾਅ ਪਾਉਣ ਲਈ ਸੰਘਰਸ਼ ਦੀ ਸ਼ੁਰੂਆਤ ਹੋਵੇਗੀ।

ਇਜ਼ਰਾਈਲੀ ਸੁਰੱਖਿਆ ਦਸਤਿਆਂ ਦਾ ਕਹਿਣਾ ਹੈ ਕਿ ਫ਼ਲਸਤੀਨ ਨਾਲ ਲਗਦੀ ਸਰਹੱਦ ਦੇ ਨੇੜੇ ਕੋਈ 17,000 ਫ਼ਲਸਤੀਨੀ ਇਕੱਠੇ ਹੋ ਗਏ ਹਨ।

ਇਜ਼ਰਾਈਲੀ ਸੁਰੱਖਿਆ ਦਸਤੇ ਨੇ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਦੱਸਿਆ ਕਿ ਦੰਗਾਕਾਰੀਆਂ ਦੀ ਭੀੜ ਨੂੰ ਖਿੰਡਾਉਣ ਲਈ ਇਹ ਗੋਲੀਬਾਰੀ ਕੀਤੀ ਗਈ।

ਕੱਟੜਪੰਥੀ ਸਮੂਹ ਹਮਾਸ ਦਾ ਇਲਜ਼ਾਮ ਹੈ ਕਿ ਇਜ਼ਰਾਈਲ ਇੱਕ ਫ਼ਲਸਤੀਨੀ ਕਿਸਾਨ ਨੂੰ ਮਾਰ ਕੇ ਫ਼ਲਸਤੀਨੀਆਂ ਨੂੰ ਡਰਾਉਣਾ ਚਾਹੁੰਦਾ ਹੈ। ਤਾਂ ਕਿ ਉਹ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਨਾ ਲੈਣ।

ਗਾਜ਼ਾ ਵਿੱਚ ਯਾਹੀਆ ਅਲ ਸਿਨਵਾਰ ਹਮਾਸ ਵਿੱਚ ਲੜਾਕੂਆਂ ਦੇ ਆਗੂ ਹਨ।

ਉਨ੍ਹਾਂ ਕਿਹਾ, "ਅੱਜ ਸਾਡੀ ਆਜ਼ਾਦੀ ਤੇ ਵਾਪਸੀ ਦੇ ਕੌਮੀ ਸੰਘਰਸ਼ ਫੈਸਲੇ ਦਾ ਦਿਨ ਹੈ। ਅੱਜ ਸਾਡੀ ਸਮੁੱਚੀ ਕੌਮ ਦੇ ਲੋਕ ਪੂਰੇ ਦੇਸ ਤੋਂ, ਗਾਜ਼ਾ ਤੋਂ, ਵੈਸਟ ਬੈਂਕ ਤੋਂ 1948 ਤੋਂ ਹੱਥਿਆਈਆਂ ਹੋਈਆਂ ਥਾਵਾਂ ਅਤੇ ਹੋਰ ਦੇਸਾਂ ਤੋਂ, ਇੱਕ ਸੰਘਰਸ਼ ਦੇ ਇੱਕ ਨਵੇਂ ਫੇਜ਼ ਦੀ ਸ਼ੁਰੂਆਤ ਕਰ ਰਹੇ ਹਨ।"

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ਇਸ ਵਿਰੋਧ ਪ੍ਰਦਰਸ਼ਨ ਰਾਹੀਂ ਉਹ ਜਾਣ-ਬੁੱਝ ਕੇ ਇਜ਼ਰਾਈਲ ਨਾਲ ਲੜਾਈ ਵਧਾਉਣਾ ਚਾਹੁੰਦੇ ਹਨ। ਜੇ ਕੋਈ ਮੁੱਠਭੇੜ ਹੋਈ ਤਾਂ ਪ੍ਰਦਰਸ਼ਨ ਕਰ ਰਹੇ ਫਲਸਤੀਨੀ ਸੰਗਠਨ ਜਿੰਮੇਵਾਰ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)