ਬੀਸੀਸੀਆਈ ਨੇ ਸਮਿਥ ਤੇ ਵਾਰਨਰ 'ਤੇ IPL ਖੇਡਣ ਦੀ ਲਾਈ ਪਾਬੰਦੀ

ਬੀਸੀਸੀਆਈ (ਦਿ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ) ਨੇ ਆਸਟਰੇਲੀਆਈ ਕ੍ਰਿਕੇਟਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ 'ਤੇ ਰੋਕ ਲਾ ਦਿੱਤੀ ਹੈ।

ਕ੍ਰਿਕਟ ਆਸਟਰੇਲੀਆ ਨੇ ਸਟੀਵ ਸਮਿਥ, ਡੇਵਿਡ ਵਾਰਨਰ 'ਤੇ ਇੱਕ ਸਾਲ ਮੈਚ ਖੇਡਣ ਲਈ ਅਤੇ ਕੈਮਰੌਨ ਬੈਨਕਰੌਫ਼ਟ 'ਤੇ 9 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੌਮਾਂਤਰੀ ਅਤੇ ਘਰੇਲੂ ਮੈਚਾਂ ਉੱਪਰ ਲਾਗੂ ਹੋਵੇਗੀ।

ਕ੍ਰਿਕਟ ਆਸਟਰੇਲੀਆ ਬੋਰਡ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਕ੍ਰਿਕਟ ਆਸਟਰੇਲੀਆ ਦੇ ਸੀਈਓ ਜੇਮਜ਼ ਸੂਦਰਲੈਂਡ ਨੇ ਦੱਸਿਆ ਹੈ ਕਿ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੌਨ ਬੈਨਕਰੌਫ਼ਟ ਨੇ ਕ੍ਰਿਕਟ ਆਸਟਰੇਲੀਆ ਦੀ ਧਾਰਾ 2.3.5 ਦੀ ਉਲੰਘਣਾ ਕੀਤੀ ਹੈ।

ਤਿੰਨਾਂ ਖਿਡਾਰੀਆਂ ਨੂੰ ਸਾਊਥ ਅਫਰੀਕਾ ਦੇ ਦੌਰੇ ਤੋਂ ਵਾਪਸ ਬੁਲਾ ਲਿਆ ਹੈ। ਸਮਿਥ, ਵਾਰਨਰ ਤੇ ਕੈਮਰੌਨ ਬੈਨਕਰੌਫਟ ਦੇ ਬਦਲੇ ਮੈਥਿਊ ਰੈਨਸ਼ੌਅ, ਗਲੈਨ ਮੈਕਸਵੈਲ ਅਤੇ ਜੋ ਬਰਨਜ਼ ਨੂੰ ਦੱਖਣੀ ਅਫ਼ਰੀਕਾ ਦੇ ਅਗਲੇ ਮੈਚ ਖੇਡਣ ਲਈ ਭੇਜਿਆ ਗਿਆ ਹੈ।

ਕਪਤਾਨ ਸਟੀਵ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ ਨੇ ਗੇਂਦ ਨਾਲ ਛੇੜਛਾੜ ਦੀ ਗੱਲ ਕਬੂਲ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਸ ਤੋਂ ਬਾਅਦ ਆਸਟਰੇਲੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਸਟੀਵ ਸਮਿਥ 'ਤੇ ਆਈਸੀਸੀ ਨੇ ਇੱਕ ਟੈਸਟ ਮੈਚ ਖੇਡਣ ਲਈ ਪਾਬੰਦੀ ਲਾ ਦਿੱਤੀ ਸੀ ਅਤੇ ਉਨ੍ਹਾਂ ਨੂੰ ਇੱਕ ਟੈਸਟ ਦੀ ਫੀਸ ਨੂੰ ਜੁਰਮਾਨੇ ਵਜੋਂ ਵੀ ਲਾਇਆ ਗਿਆ ਸੀ।

ਗੇਂਦਬਾਜ਼ ਬੈਨਕਰੌਫਟ 'ਤੇ ਮੈਚ ਫੀਸ ਦਾ 75 ਫੀਸਦ ਜੁਰਮਾਨੇ ਵਜੋਂ ਲਾਇਆ ਗਿਆ ਹੈ।

ਮਾਮਲਾ ਹੈ ਕੀ?

  • ਸਮਿਥ ਨੇ ਫੀਲਡਰ ਕੈਮਰੌਨ ਬੈਨਕਰੌਫ਼ਟ ਨਾਲ ਮਿਲ ਕੇ ਦੱਖਣੀ-ਅਫ਼ਰੀਕਾ ਖਿਲਾਫ਼ ਖੇਡਦੇ ਹੋਏ ਧੋਖੇ ਦੀ ਗੱਲ ਕਬੂਲ ਕਰ ਲਈ ਹੈ। ਇਹ ਕਬੂਲਨਾਮਾ ਇੱਕ ਟੀਵੀ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਕੀਤਾ ਗਿਆ ਹੈ।
  • ਦਰਅਸਲ ਇੱਕ ਟੀਵੀ ਕੈਮਰੇ ਵਿੱਚ ਬੈਨਕਰੌਫ਼ਟ ਇੱਕ ਪੀਲੇ ਰੰਗ ਦੀ ਟੇਪ ਗੇਂਦ 'ਤੇ ਰਗੜਦਾ ਦੇਖਿਆ ਗਿਆ। ਫਿਰ ਉਸ ਨੇ ਉਹ ਟੇਪ ਆਪਣੇ ਪਜਾਮੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ।
  • ਕੈਮਰੌਨ ਨੇ ਕਬੂਲ ਕੀਤਾ ਕਿ ਉਸ ਨੇ ਸ਼ਨੀਵਾਰ ਨੂੰ ਕੇਪ ਟਾਊਨ ਵਿੱਚ ਗੇਂਦ ਨਾਲ ਛੇੜਛਾੜ ਕੀਤੀ।

ਜਿਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਦੇ ਸੀਈਓ ਜੇਮਜ਼ ਸੂਧਰਲੈਂਡ ਨੇ ਕਿਹਾ ਕ੍ਰਿਕਟ ਆਸਟਰੇਲੀਆ ਦੇ ਦੋ ਸੀਨੀਅਰ ਅਧਿਕਾਰੀ ਜਾਂਚ ਲਈ ਦੱਖਣੀ-ਅਫ਼ਰੀਕਾ ਜਾਣਗੇ। ਉਸ ਤੋਂ ਬਾਅਦ ਹੀ ਉਹ ਕੁਝ ਕਹਿ ਸਕਨਗੇ। ਉਦੋਂ ਤੱਕ ਸਟੀਵ ਸਮਿਥ ਕਪਤਾਨ ਬਣੇ ਰਹਿਣਗੇ।

ਪ੍ਰਧਾਨ ਮੰਤਰੀ 'ਹੈਰਾਨ ਤੇ ਦੁਖੀ'

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕੌਮ ਟਰਨਬੁੱਲ ਨੇ ਕਿਹਾ, "ਮੈਂ ਦੱਖਣੀ ਅਫ਼ਰੀਕਾ ਤੋਂ ਆਈ ਇਸ ਖ਼ਬਰ ਕਾਰਨ ਹੈਰਾਨ ਹਾਂ ਅਤੇ ਕਾਫ਼ੀ ਦੁਖੀ ਹਾਂ।"

"ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਆਸਟਰੇਲੀਆਈ ਕ੍ਰਿਕੇਟ ਟੀਮ ਧੋਖਾ ਕਰ ਸਕਦੀ ਹੈ। ਸਾਡੇ ਕ੍ਰਿਕਟ ਖਿਡਾਰੀ ਆਦਰਸ਼ ਹਨ।"

ਸਾਬਕਾ ਕਪਤਾਨ ਨੇ ਕੀ ਕਿਹਾ?

ਸਾਬਕਾ ਆਸਟਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਇਸ ਨੂੰ 'ਆਸਟਰੇਲੀਆਈ ਕ੍ਰਿਕੇਟ ਲਈ ਮਨਹੂਸ ਦਿਨ' ਕਰਾਰ ਦਿੱਤਾ।

ਕਲਾਰਕ ਨੇ ਕਿਹਾ, "ਦੁਨੀਆਂ ਵਿੱਚ ਸਾਡੀ ਗੇਂਦਬਾਜ਼ੀ ਸਭ ਤੋਂ ਬਿਹਤਰ ਹੈ। ਕਿਸੇ ਨੂੰ ਹਰਾਉਣ ਲਈ ਸਾਨੂੰ ਧੋਖੇ ਦੀ ਲੋੜ ਨਹੀਂ।"

ਟੈਸਟ ਕ੍ਰਿਕਟ ਦੇ ਸਾਬਕਾ ਉਪ-ਕਪਤਾਨ ਐਡਮ ਗਿਲਕ੍ਰਿਸਟ ਨੇ ਬੀਬੀਸੀ ਰੇਡੀਓ 5 ਨਾਲ ਗੱਲਬਾਤ ਕਰਦੇ ਹੋਏ ਕਿਹਾ, "ਮੈਂ ਹੈਰਾਨ, ਸ਼ਰਮਸਾਰ ਅਤੇ ਉਦਾਸ ਹਾਂ।"

ਆਸਟਰੇਲੀਆ ਦੇ ਸਪੋਰਟਸ ਕਮਿਸ਼ਨ ਨੇ ਕਿਹਾ ਹੈ, "ਸਮਿਥ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਸ ਤੋਂ ਇਲਾਵਾ ਜੇ ਟੀਮ ਲੀਡਰਸ਼ਿਪ ਜਾਂ ਕੋਚਿੰਗ ਸਟਾਫ਼ ਦੇ ਕਿਸੇ ਹੋਰ ਗਰੁੱਪ ਨੂੰ ਇਸ ਦੀ ਜਾਣਕਾਰੀ ਸੀ ਜਾਂ ਸ਼ਮੂਲੀਅਤ ਸੀ ਤਾਂ ਉਸ ਨੂੰ ਵੀ ਬਰਖਾਸਤ ਕਰ ਦਿੱਤਾ ਜਾਵੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)