ਫ਼ਰਾਂਸ ਸ਼ੂਟਿੰਗ : ਹਮਲਾਵਰ ਮਾਰਿਆ ਗਿਆ, 3 ਲੋਕਾਂ ਦੀ ਮੌਤ

ਤਸਵੀਰ ਸਰੋਤ, EPA
ਦੱਖਣੀ-ਪੱਛਮੀ ਫਰਾਂਸ ਜੇ ਟਰੈਬਜ਼ ਸ਼ਹਿਰ ਦੀ ਸੁਪਰਮਾਰਕਿਟ ਵਿੱਚ ਹੋਈ ਸ਼ੂਟਿੰਗ ਵਿੱਚ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ।
ਇਸ ਪੂਰੀ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਸ਼ੱਕੀ ਬੰਦੂਕਧਾਰੀ ਦੀ ਪਛਾਣ ਮੋਰੱਕੋ ਦੇ ਨਾਗਰਿਕ ਵਜੋਂ ਹੋਈ ਹੈ। ਉਹ ਖੁਦ ਨੂੰ ਇਸਲਾਮਿਕ ਸਟੇਟ ਨਾਲ ਜੁੜਿਆ ਦੱਸ ਰਿਹਾ ਸੀ। ਰਿਪੋਰਟਾਂ ਅਨੁਸਾਰ ਸ਼ੱਕੀ ਬੰਦੁਕਧਾਰੀ ਨੇ ਤਿੰਨ ਵੱਖ - ਵੱਖ ਥਾਂਵਾਂ 'ਤੇ ਲੋਕਾਂ 'ਤੇ ਹਮਲੇ ਕੀਤੇ।
ਇਸਦੀ ਸ਼ੁਰੂਆਤ ਟ੍ਰੇਬੇਸ ਦੇ ਨੇੜੇ ਕਾਰਕਾਸੋਨ ਤੋਂ ਹੋਈ। ਉੱਥੇ ਹਮਲਾਵਰ ਨੇ ਇੱਕ ਕਾਰ ਖੋਹੀ। ਉਸ ਨੇ ਕਾਰ ਵਿੱਚ ਸਵਾਰ ਵਿਅਕਤੀ ਦਾ ਕਤਲ ਕਰ ਦਿੱਤਾ ਅਤੇ ਡਰਾਈਵਰ ਨੂੰ ਜ਼ਖਮੀ ਕਰ ਦਿੱਤਾ।
ਕਾਰਕਾਸੋਨ ਵਿੱਚ ਉਸ ਨੇ ਸਾਥੀਆਂ ਨਾਲ ਜੌਗਿੰਗ ਕਰ ਰਹੇ ਪੁਲਿਸ ਜਵਾਨ ਨੂੰ ਗੋਲੀ ਨਾਲ ਜ਼ਖਮੀ ਕਰ ਦਿੱਤਾ।

ਤਸਵੀਰ ਸਰੋਤ, MINISTERIO DEL INTERIOR DE BELGICA
ਫਰਾਂਸ ਦੇ ਪ੍ਰਧਾਨ ਮੰਤਰੀ ਇਡੂਆਹ ਫਿਲੀਪ ਨੇ ਇਸ ਪੂਰੀ ਘਟਨਾ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ।
ਫਰਾਂਸ ਵਿੱਚ ਹੋਏ ਮੁੱਖ ਹਮਲੇ
1 ਅਕਤੂਬਰ 2017 - ਦੋ ਔਰਤਾਂ ਨੂੰ ਮਾਰਸੇਅ ਵਿੱਚ ਚਾਕੂ ਨਾਲ ਮਾਰ ਕੇ ਕਤਲ ਕਰ ਦਿੱਤਾ ਸੀ, ਆਈਐੱਸ ਨੇ ਇਹ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਸੀ
26 ਜੁਲਾਈ 2016 - ਦੋ ਹਮਲਾਵਰਾਂ ਨੇ ਨੌਰਮੈਂਡੀ ਵਿੱਚ ਇੱਕ ਪਾਦਰੀ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ ਸੀ। ਦੋਵਾਂ ਹਮਲਾਵਰਾਂ ਨੂੰ ਪੁਲਿਸ ਨੂੰ ਮਾਰ ਦਿੱਤਾ ਸੀ।
14 ਜੁਲਾਈ 2016 - ਟੁਨੀਸ਼ੀਅਨ ਮੂਲ ਦੇ ਡਰਾਈਵਰ ਨੇ ਵੱਡੀ ਲੌਰੀ ਨੂੰ ਬੈਸਟੀਲ ਡੇਅ ਮੌਕੇ ਲੋਕਾਂ 'ਤੇ ਚੜ੍ਹਾ ਦਿੱਤਾ ਸੀ। ਇਸ ਹਮਲੇ ਵਿੱਚ 86 ਲੋਕਾਂ ਦੀ ਮੌਤ ਹੋਈ ਸੀ। ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ ਸੀ।
13 ਜੂਨ 2016 - ਪੱਛਮੀ ਪੈਰਿਸ ਵਿੱਚ ਇੱਕ ਪੁਲਿਸ ਅਫਸਰ ਅਤੇ ਉਸਦੇ ਸਾਥੀ ਨੂੰ ਉਸਦੇ ਘਰ ਵਿੱਚ ਹੀ ਇੱਕ ਸ਼ਖਸ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਖੁਦ ਨੂੰ ਆਈਐੱਸ ਨਾਲ ਜੁੜਿਆ ਦੱਸਿਆ ਸੀ।
13 ਨਵੰਬਰ 2015 - ਆਈਐੱਸ ਨਾਲ ਜੁੜੇ ਅੱਤਵਾਦੀਆਂ ਨੇ ਰਾਈਫਲਜ਼ ਤੇ ਬੰਬਾਂ ਨਾਲ ਨੈਸ਼ਨਲ ਸਟੇਡੀਅਮ ਸਣੇ ਦੋ ਹੋਰ ਥਾਂਵਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 130 ਲੋਕਾਂ ਦੀ ਮੌਤ ਹੋਈ ਸੀ ਜਦਕਿ 350 ਲੋਕ ਜ਼ਖ਼ਮੀ ਹੋਏ ਸੀ।
7 - 9 ਜਨਵਰੀ 2015 - ਦੋ ਬੰਦੂਕਧਾਰੀ ਫਰਾਂਸ ਦੀ ਮੈਗਜ਼ੀਨ ਚਾਰਲੀ ਹੈਬਡੋ ਦੇ ਦਫ਼ਤਰ ਵਿੱਚ ਵੜ੍ਹ ਗਏ ਅਤੇ 17 ਲੋਕਾਂ ਨੂੰ ਮਾਰ ਦਿੱਤਾ। ਅਗਲੇ ਦਿਨ ਇੱਕ ਹੋਰ ਹਮਲਾਵਰ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਮਾਰ ਦਿੱਤਾ ਅਤੇ ਯਹੂਦੀਆਂ ਦੇ ਬਾਜ਼ਾਰ ਵਿੱਚ ਲੋਕਾਂ ਨੂੰ ਬੰਦੀ ਬਣਾ ਲਿਆ। ਇਸ ਘਟਨਾ ਵਿੱਚ 4 ਬੰਦੀਆਂ ਦੀ ਮੌਤ ਹੋਈ ਸੀ ਅਤੇ ਹਮਲਾਵਰ ਵੀ ਮਾਰੇ ਗਏ ਸੀ। ਦੋ ਹੋਰ ਹਮਲਾਵਰਾਂ ਨੂੰ ਪੁਲਿਸ ਨੇ ਮਾਰ ਮੁਕਾਇਆ ਸੀ।












