ਰੂਸ ਦਾ ਬਰਤਾਨੀਆ ਤੇ ਮੋੜਵਾ ਵਾਰ : 23 ਕੂਟਨੀਤਕਾਂ ਨੂੰ ਦੇਸ ਛੱਡਣ ਲਈ ਕਿਹਾ

ਤਸਵੀਰ ਸਰੋਤ, Getty Images
ਸਾਬਕਾ ਜਸੂਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਦੇ ਮੁੱਦੇ 'ਤੇ ਰੂਸ ਅਤੇ ਬਰਤਾਨੀਆ ਵਿਚਾਲੇ ਚੱਲ ਰਹੀ ਖਿੱਚ-ਧੂਹ ਦਰਮਿਆਨ ਰੂਸ ਨੇ ਵੀ ਬਰਤਾਨੀਆ ਦੇ 23 ਕੂਟਨੀਤਕਾਂ ਨੂੰ ਮੁਲਕ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ।
ਰੂਸ ਨੇ ਇਹ ਕਦਮ ਬਰਤਾਨੀਆ ਵੱਲੋਂ ਉਸ ਦੇ 23 ਕੂਟਨੀਤਕਾਂ ਨੂੰ ਮੁਲਕ ਛੱਡਣ ਦੇ ਹੁਕਮਾਂ ਦੇ ਜਵਾਬ ਵਜੋਂ ਦਿੱਤਾ ਹੈ।
ਖ਼ਬਰ ਏਜੰਸੀ ਏਐਫਪੀ ਨੇ ਰੂਸੀ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਬਰਤਾਨਵੀ ਕੂਟਨੀਤਕਾਂ ਨੂੰ ਇੱਕ ਹਫ਼ਤੇ ਦੇ ਅੰਦਰ ਦੇਸ ਛੱਡਣਾ ਪਵੇਗਾ।
ਰੂਸ ਖ਼ਿਲਾਫ਼ ਲਾਮਬੰਦੀ
ਯੂਕੇ ਨੇ ਰੂਸ ਦੇ 23 ਰਾਜਦੂਤਾਂ ਨੂੰ ਬਾਹਰ ਦਾ ਰਾਹ ਦਿਖਾਉਣ ਦਾ ਫੈਸਲਾ ਕੀਤਾ ਹੈ। ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਫੈਸਲੇ ਤੋਂ ਬਾਅਦ ਯੂਐੱਨ ਵਿੱਚ ਐਮਰਜੈਂਸੀ ਬੈਠਕ ਸੱਦੀ ਗਈ।
ਦਰਅਸਲ ਯੂਕੇ ਨੇ ਰੂਸ 'ਤੇ ਇਲਜ਼ਾਮ ਲਾਇਆ ਹੈ ਕਿ ਇੱਕ ਸਾਬਕਾ ਰੂਸੀ ਜਾਸੂਸ ਨੂੰ ਯੂਕੇ ਵਿੱਚ ਨਰਵ ਏਜੰਟ ਜ਼ਰੀਏ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਤਸਵੀਰ ਸਰੋਤ, Getty Images
ਸਾਬਕਾ ਰੂਸੀ ਨਰਵ ਏਜੰਟ ਉੱਤੇ ਕੈਮੀਕਲ ਹਮਲੇ ਲਈ ਰੂਸ ਜ਼ਿੰਮੇਵਾਰ ਹੈ। ਇਹ ਦਾਅਵਾ ਇੰਗਲੈਡ ਦਾ ਹੀ ਨਹੀਂ ਬਲਕਿ ਫਰਾਂਸ, ਜਰਮਨੀ ਅਤੇ ਅਮਰੀਕਾ ਨੇ ਵੀ ਕਰ ਦਿੱਤਾ ਹੈ।
ਇਨ੍ਹਾਂ ਤਿੰਨਾਂ ਦੇਸਾਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਇਸ ਹਮਲੇ ਨੂੰ ਕੌਮਾਂਤਰੀ ਕਾਨੂੰਨਾਂ ਅਤੇ ਬਰਤਾਨੀਆਂ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦਿੱਤਾ ਹੈ।
ਕੀ ਹੈ ਮਾਮਲਾ?
ਦਰਅਸਲ ਕੁਝ ਦਿਨ ਪਹਿਲਾਂ ਦੱਖਣੀ ਇੰਗਲੈਂਡ ਵਿੱਚ ਰੂਸ ਦੇ ਇੱਕ ਸਾਬਕਾ ਜਾਸੂਸ ਸਰਗੇਈ ਸਕ੍ਰਿਪਲ ਅਤੇ ਉਨ੍ਹਾਂ ਦੀ ਧੀ ਯੂਲੀਆ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਤਸਵੀਰ ਸਰੋਤ, EPA
66 ਸਾਲ ਦੇ ਰਿਟਾਇਰਡ ਫੌਜੀ ਖੁਫ਼ੀਆ ਅਧਿਕਾਰੀ ਸਕ੍ਰਿਪਲ ਅਤੇ ਉਨ੍ਹਾਂ ਦੀ 33 ਸਾਲਾ ਧੀ ਯੂਲੀਆ ਸੈਲਿਸਬਰੀ ਸਿਟੀ ਸੈਂਟਰ ਵਿੱਚ ਇੱਕ ਬੈਂਚ ਤੇ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ।
ਅਜਿਹੇ ਇਲਜ਼ਾਮ ਲਾਏ ਗਏ ਹਨ ਕਿ ਕਤਲ ਦੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਰੂਸ ਵਿੱਚ ਨਵੇਂ ਬਣੇ ਨਰਵ ਏਜੰਟ ਦਾ ਇਸਤੇਮਾਲ ਕੀਤਾ ਗਿਆ ਹੈ।












