ਪੋਰਨ ਸਟਾਰ ਸਟੋਰਮੀ ਡੇਨੀਅਲਜ਼ ਨੇ ਕੀਤਾ ਡੌਨਲਡ ਟਰੰਪ ਦੇ 'ਡਰ ਬਾਰੇ ਖੁਲਾਸਾ'

    • ਲੇਖਕ, ਟੋਬੀ ਲਕਹਰਸਟ
    • ਰੋਲ, ਬੀਬੀਸੀ ਨਿਊਜ਼

ਅਮਰੀਕਾ ਦੀ ਪੋਰਨ ਅਦਾਕਾਰਾ ਸਟੋਰਮੀ ਡੇਨੀਅਲਜ਼ ਆਪਣੇ ਨਾਲ ਕੀਤੇ ਇੱਕ ਕਥਿਤ 'ਸਮਝੌਤੇ' ਨੂੰ ਲੈ ਕੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਮੁਕੱਦਮਾ ਕਰਨ ਵਾਲੀ ਹੈ।

ਡੇਨੀਅਲਜ਼ ਦਾ ਕਹਿਣਾ ਹੈ ਕਿ ਸਾਲ 2006 ਦੀ ਸ਼ੁਰੂਆਤ ਵਿੱਚ ਮੈਂ ਟਰੰਪ ਨਾਲ ਰਿਸ਼ਤੇ ਵਿੱਚ ਸੀ, ਹਾਲਾਂਕਿ ਟਰੰਪ ਹੁਣ ਇਸ ਗੱਲ ਤੋਂ ਇਨਕਾਰ ਕਰਦੇ ਹਨ।

ਰਾਸ਼ਟਰਪਤੀ ਦੇ ਇਨਕਾਰ ਕਰਨ ਤੋਂ ਬਾਅਦ ਇਹ ਕਹਾਣੀ ਕਿਉਂ ਮਹੱਤਵਪੂਰਨ ਹੈ? ਅਤੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ?

ਕੌਣ ਹੈ ਸਟੋਰਮੀ ਡੇਨੀਅਲਜ਼?

ਸਟੋਰਮੀ ਡੇਨੀਅਲਜ਼ ਸਾਲ 1979 ਵਿੱਚ ਲੂਡਸਿਆਨਾ ਵਿੱਚ ਪੈਦਾ ਹੋਈ ਸੀ। ਉਨ੍ਹਾਂ ਨੇ ਅਡਲਟ ਫ਼ਿਲਮਾਂ ਦੀ ਦੁਨੀਆਂ ਵਿੱਚ ਬਤੌਰ ਅਦਾਕਾਰਾ ਕਦਮ ਰੱਖਿਆ ਸੀ।

2004 ਵਿੱਚ ਉਨ੍ਹਾਂ ਨੇ ਨਿਰਦੇਸ਼ਣ ਅਤੇ ਲੇਖਨ ਦੀ ਦੁਨੀਆਂ ਵਿੱਚ ਸ਼ੁਰੂਆਤ ਕੀਤੀ।

ਮੋਟਲੀ ਕਰੂ ਮਿਊਜ਼ੀਕਲ ਗਰੁੱਪ ਵਿੱਚ ਵਾਦਏਯੰਤਰ ਵਜਾਉਣ ਵਾਲੀ ਨਿੱਕੀ ਸਿਕਸ ਦੀ ਕੁੜੀ ਸਟੋਰਮ ਅਤੇ ਅਮਰੀਕੀ ਸ਼ਰਾਬ ਕੰਪਨੀ ਜੈਕ ਡੇਨੀਅਲਜ਼- ਇਨ੍ਹਾਂ ਦੋਵਾਂ ਨਾਵਾਂ ਨੂੰ ਮਿਲਾ ਕੇ ਉਨ੍ਹਾਂ ਨੇ ਆਪਣਾ ਨਾਮ ਰੱਖ ਲਿਆ।

ਉਹ '40 ਈਅਰ ਓਲਡ ਵਰਜਨ' ਅਤੇ 'ਨੌਕਡ ਅਪ' ਵਰਗੀਆਂ ਫ਼ਿਲਮਾਂ ਅਤੇ 'ਮਰੂਨ ਫਾਈਵ' ਦੇ ਮਿਊਜ਼ਿਕ ਵੀਡੀਓ ਵਿੱਚ ਵੀ ਕੰਮ ਕਰ ਚੁੱਕੀ ਹੈ।

ਸਾਲ 2010 ਵਿੱਚ ਉਨ੍ਹਾਂ ਨੇ ਲੂਈਸਿਆਨਾ ਦੇ ਸੀਨੇਟ ਅਹੁਦੇ ਲਈ ਚੋਣ ਲੜੀ ਸੀ ਪਰ ਆਪਣੀ ਉਮੀਦਵਾਰੀ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਉਨ੍ਹਾਂ ਨੇ ਆਪਣਾ ਨਾ ਵਾਪਿਸ ਲੈ ਲਿਆ ਸੀ।

ਸਟੋਰਮੀ ਡੇਨੀਅਲਜ਼ ਦੇ ਇਲਜ਼ਾਮ

ਡੇਨੀਅਲਜ਼ ਦਾ ਦਾਅਵਾ ਹੈ ਕਿ ਸਾਲ 2006 ਵਿੱਚ ਕੈਲੀਫੋਰਨੀਆ ਅਤੇ ਨੇਵਾਦਾ ਵਿੱਚ ਮੌਜੂਦ ਲੇਕ ਟੋਹੋਏ ਹੋਟਲ ਵਿੱਚ ਉਨ੍ਹਾਂ ਦੀ ਮੁਲਾਕਾਤ ਟਰੰਪ ਨਾਲ ਹੋਈ ਸੀ। ਉਸ ਵੇਲੇ ਟਰੰਪ ਇੱਕ ਕਾਰੋਬਾਰੀ ਸੀ।

ਸਾਲ 2011 ਵਿੱਚ ਡੇਨੀਅਲਜ਼ ਨੇ ਇਨਟਚ ਮੈਗਜ਼ੀਨ ਨੂੰ ਇੱਕ ਇੰਟਰਵਿਊ ਦਿੱਤਾ ( ਜਿਹੜਾ ਇਸੇ ਸਾਲ ਜਨਵਰੀ ਵਿੱਚ ਛਾਪਿਆ ਗਿਆ) ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਟਰੰਪ ਨੇ ਉਨ੍ਹਾਂ ਨੂੰ ਰਾਤ ਦੇ ਖਾਣੇ 'ਤੇ ਸੱਦਿਆ ਜਿਸ ਲਈ ਉਹ ਟਰੰਪ ਦੇ ਹੋਟਲ ਦੇ ਕਮਰੇ ਵਿੱਚ ਉਨ੍ਹਾਂ ਨੂੰ ਮਿਲਣ ਪੁੱਜੀ।

ਉਨ੍ਹਾਂ ਦਾ ਕਹਿਣਾ ਸੀ ਕਿ ਟਰੰਪ ''ਕਾਊਚ 'ਤੇ ਪੈਰ ਪਸਾਰ ਕੇ ਬੈਠੇ ਸੀ ਅਤੇ ਸ਼ਾਇਦ ਟੈਲੀਵੀਜ਼ਨ ਦੇਖ ਰਹੇ ਸੀ। ਉਨ੍ਹਾਂ ਨੇ ਪਜਾਮਾ ਪਾਇਆ ਹੋਇਆ ਸੀ।''

ਡੇਨੀਅਲਜ਼ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੋਟਲ ਵਿੱਚ ਟਰੰਪ ਦੇ ਨਾਲ ਸੰਬੰਧ ਬਣਾਏ। ਹਾਲਾਂਕਿ ਉਨ੍ਹਾਂ ਦੇ ਇਸ ਦਾਅਵੇ 'ਤੇ ਟਰੰਪ ਦੇ ਨਿੱਜੀ ਵਕੀਲ ਦਾ ਕਹਿਣਾ ਹੈ ਕਿ ਟਰੰਪ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹਨ।

ਜੇਕਰ ਡੇਨੀਅਲਜ਼ ਦੇ ਇਲਜ਼ਾਮ ਸਹੀ ਹਨ ਤਾਂ ਇਹ ਗੱਲ ਟਰੰਪ ਦੇ ਮੁੰਡੇ ਬੈਰਨ ਦੇ ਜਨਮ ਤੋਂ ਚਾਰ ਮਹੀਨੇ ਬਾਅਦ ਦੀ ਹੈ।

'ਟਰੰਪ ਨੇ ਦਿੱਤਾ ਸੀ ਲਾਲਚ'

ਡੇਨੀਅਲਜ਼ ਦਾ ਕਹਿਣਾ ਹੈ ਕਿ ਟਰੰਪ ਨੇ ਉਸ ਨੂੰ ਕਿਹਾ ਸੀ ਕਿ ਉਹ ਆਪਣੇ ਟੈਲੀਵੀਜ਼ਨ ਸ਼ੋਅ 'ਦਿ ਏਪਰੇਨਟਿਸ' ਵਿੱਚ ਉਨ੍ਹਾਂ ਨੂੰ ਥਾਂ ਦੇ ਸਕਦੇ ਹਨ।

ਰਾਸ਼ਟਰਪਤੀ ਅਹੁਦੇ ਲਈ ਸਿਆਸੀ ਦੌੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਟਰੰਪ ਟੀਵੀ ਸ਼ੋਅ 'ਦਿ ਏਪਰੇਨਟਿਸ' ਹੋਸਟ ਕਰਦੇ ਸਨ।

ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਨਾਲ ਬੈਠ ਕੇ ਉਨ੍ਹਾਂ ਨੇ ਸ਼ਾਰਕ 'ਤੇ ਇੱਕ ਡੋਕੂਮੈਂਟਰੀ ਵੀ ਦੇਖੀ ਸੀ। ਡੇਨੀਅਲਜ਼ ਦਾ ਕਹਿਣਾ ਸੀ ਕਿ ਟਰੰਪ ਨੂੰ ''ਸ਼ਾਰਕ ਤੋਂ ਡਰ ਲਗਦਾ ਹੈ'' ਅਤੇ ਇੱਕ ਵਾਰ ਉਨ੍ਹਾਂ ਨੇ ਕਿਹਾ ਸੀ ''ਉਹ ਉਮੀਦ ਕਰਦੇ ਹਨ ਕਿ ਸਾਰੇ ਸ਼ਾਰਕ ਮਰ ਜਾਣ।''

ਸਟੋਰਮੀ ਡੇਨੀਅਲਜ਼ ਦਾ ਦਾਅਵਾ ਹੈ ਕਿ ਟਰੰਪ ਅਤੇ ਉਨ੍ਹਾਂ ਵਿੱਚ ਇਸ ਤੋਂ ਬਾਅਦ ਗੱਲਬਾਤ ਜਾਰੀ ਰਹੀ। ਉਨ੍ਹਾਂ ਅਨੁਸਾਰ ਸਾਲ 2010 ਵਿੱਚ ਸੀਨੇਟ ਅਹੁਦੇ ਲਈ ਉਮੀਦਵਾਰੀ ਦਾਖ਼ਲ ਕਰਨ ਦੌਰਾਨ ਉਨ੍ਹਾਂ ਨੇ ਟਰੰਪ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ।

ਸਾਲ 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੋਵਾਂ ਵਿਚਕਾਰ ਸੰਬੰਧਾਂ ਨਾਲ ਜੁੜੀਆਂ ਅਫ਼ਵਾਹਾਂ ਤੇਜ਼ੀ ਨਾਲ ਫੈਲਣ ਲੱਗੀਆਂ ਸਨ।

ਵਾਲ ਸਟ੍ਰੀਟ ਜਰਨਲ ਨੇ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਖ਼ਬਰ ਛਾਪੀ ਸੀ ਕਿ ਡੇਨੀਅਲਜ਼ ਟੀਵੀ ਚੈਨਲ ਏਬੀਸੀ ਦੇ ਪ੍ਰੋਗ੍ਰਾਮ ''ਗੁੱਡ ਮਾਰਨਿੰਗ ਅਮਰੀਕਾ'' ਨਾਲ ਇਸ ਮੁੱਦੇ 'ਤੇ ਗੱਲ ਕਰ ਰਹੀ ਸੀ ਕਿ ਉਹ ਆਪਣੇ ਅਤੇ ਟਰੰਪ ਦੇ ਰਿਸ਼ਤਿਆਂ ਬਾਰੇ ਪ੍ਰੋਗ੍ਰਾਮ ਵਿੱਚ ਦੱਸੇਗੀ ਪਰ ਉਸ ਨੇ ਅਚਾਨਕ ਏਬੀਸੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ।

ਮੁੜ ਤੋਂ ਚਰਚਾ ਵਿੱਚ ਕਿਉਂ ਹੈ ਡੇਨੀਅਲਜ਼?

ਬੀਤੇ ਕਈ ਮਹੀਨਿਆਂ ਵਿੱਚ ਸਟੋਰਮੀ ਡੇਨੀਅਲਜ਼ ਦਾ ਨਾਂ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆਇਆ ਹੈ।

ਜਨਵਰੀ ਵਿੱਚ ਵਾਲ ਸਟ੍ਰੀਟ ਜਰਨਲ ਵਿੱਚ ਇੱਕ ਖ਼ਬਰ ਛਾਪੀ ਜਿਸ ਵਿੱਚ ਇੱਹ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਟਰੰਪ ਦੇ ਨਿੱਜੀ ਵਕੀਲ ਮਾਈਕਲ ਕੋਹੇਨ ਨੇ ਅਕਤਬੂਰ 2016 ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਟੋਰਮੀ ਡੇਨੀਅਲਜ਼ ਨਾਲ ਇੱਕ ਲੱਖ 30 ਹਜ਼ਾਰ ਡਾਲਰ ਦਾ ਸਮਝੌਤਾ ਕੀਤਾ ਸੀ।

ਜਰਨਲ ਮੁਤਾਬਕ ਸਮਝੌਤੇ ਤਹਿਤ ਸਟੇਫ਼ਨੀ ਕਿਲਫੋਰਡ, ਡੋਨਲਡ ਟਰੰਪ ਦੇ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਜਨਤਕ ਤੌਰ 'ਤੇ ਨਹੀਂ ਕਰੇਗੀ।

ਇਸ ਮਾਮਲੇ 'ਚ ਵ੍ਹਾਈਟ ਹਾਊਸ ਦਾ ਕਹਿਣਾ ਸੀ,''ਇਹ ਪੁਰਾਣੇ ਦਸਤਾਵੇਜ਼ ਹਨ ਜਿਨ੍ਹਾਂ 'ਤੇ ਮੁੜ ਤੋਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਗਿਆ ਹੈ।''

ਕੋਹੇਨ ਨੇ ਪੈਸੇ ਦੇਣ ਦੀ ਗੱਲ ਤੋਂ ਇਨਕਾਰ ਕੀਤਾ ਸੀ। ਵਾਲ ਸਟ੍ਰੀਟ ਜਰਨਲ ਨੂੰ ਦਿੱਤੇ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਲਗਾਏ ਇਲਜ਼ਾਮ ''ਬੇਬੁਨਿਆਦ'' ਹਨ ਅਤੇ ਸਾਰੇ ਪੱਖਾਂ ਨੇ ਲਗਾਤਾਰ ਸਾਲਾਂ ਤੱਕ ਇਸ ਨੂੰ ਨਕਾਰਿਆ ਹੈ।''

ਪਰ ਇਸ ਸਾਲ ਫਰਵਰੀ ਵਿੱਚ ਉਨ੍ਹਾਂ ਨੇ ਸਟੋਰਮੀ ਡੇਨੀਅਲਜ਼ ਨੂੰ ਪੈਸੇ ਦੇਣ ਦੀ ਗੱਲ ਮੰਨ ਲਈ।

ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਮਾਈਕਲ ਕੋਹੇਨ ਨੇ ਕਿਹਾ, ''ਇਸ ਸਮਝੌਤੇ ਦੇ ਬਾਰੇ ਟਰੰਪ ਦੀ ਮੁਹਿੰਮ ਅਤੇ ਟਰੰਪ ਦੀ ਕੰਪਨੀ ਨੂੰ ਕੁਝ ਨਹੀਂ ਪਤਾ। ਸਟੋਰਮੀ ਡੇਨੀਅਲਜ਼ ਨੂੰ ਇਹ ਪੈਸੇ ਉਨ੍ਹਾਂ ਨੇ ਆਪਣੀ ਜੇਬ ਤੋਂ ਦਿੱਤੇ ਹਨ। ਟਰੰਪ ਨੇ ਇਨ੍ਹਾਂ ਪੈਸਿਆਂ ਨੂੰ ਮੈਨੂੰ ਕਿਸੇ ਰੂਪ ਵਿੱਚ ਵਾਪਸ ਨਹੀਂ ਕੀਤਾ।''

ਕੋਹੇਨ ਨੇ ਕਿਹਾ,''ਸਟੋਰਮੀ ਡੇਨੀਅਲਜ਼ ਨੂੰ ਕੀਤਾ ਗਿਆ ਭੁਗਤਾਨ ਪੂਰੀ ਤਰ੍ਹਾਂ ਨਾਲ ਕਾਨੂੰਨੀ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਕੈਂਪੇਨ ਫੰਡਿੰਗ ਦਾ ਹਿੱਸਾ ਨਹੀਂ ਹੈ।''

ਵਾਲ ਸਟ੍ਰੀਟ ਜਰਨਲ ਵਿੱਚ ਛਪੇ ਲੇਖ ਤੋਂ ਕੁਝ ਦੇਰ ਬਾਅਦ ਡੇਨੀਅਲਜ਼ ਨੇ ਦੱਖਣ ਕੇਰੋਲਾਈਨਾ ਵਿੱਚ ਇੱਕ ਕਲੱਬ ਤੋਂ ''ਮੇਕ ਅਮਰੀਕਾ ਹੌਰਨੀ ਅਗੇਨ'' ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਸਾਲਗਿਰਹਾ 'ਤੇ ਕੀਤੀ।

ਕਲੱਬ ਦੇ ਮੈਨੇਜਰ ਜੇ ਲੇਵੀ ਨੇ ਕਿਹਾ ਕਿ ਵਾਲ ਸਟ੍ਰੀਟ ਜਰਨਲ ਵਿੱਚ ਇੱਕ ਲੱਖ 30 ਹਜ਼ਾਰ ਡਾਲਰ ਦੇ ਸਮਝੌਤੇ ਬਾਰੇ ਛਪੇ ਲੇਖ ਦੇ ਦੂਜੇ ਦਿਨ ਹੀ ਉਨ੍ਹਾਂ ਨੇ ਇਸ ਪ੍ਰੋਗ੍ਰਾਮ ਲਈ ਦਿਨ ਬੁੱਕ ਕਰ ਲਿਆ ਸੀ।

ਇਸ ਲਈ ਛਾਪੇ ਗਏ ਪ੍ਰਚਾਰ ਪੱਤਰ ਵਿੱਚ ਉਨ੍ਹਾਂ ਨੇ ਟਰੰਪ ਅਤੇ ਡੇਨੀਅਲਜ਼ ਵਿਚਾਲੇ ਸਬੰਧਾਂ ਬਾਰੇ ਲਿਖਿਆ,''ਅਸੀਂ ਉਨ੍ਹਾਂ ਨੂੰ ਲਾਈਵ ਦੇਖਿਆ ਸੀ। ਤੁਸੀਂ ਵੀ ਦੇਖ ਸਕਦੇ ਹੋ!''

ਤਾਜ਼ਾ ਖ਼ਬਰ-ਟਰੰਪ 'ਤੇ ਮੁਕੱਦਮੇ ਦੀ ਤਿਆਰੀ

ਮੰਗਲਵਾਰ ਨੂੰ ਸਟੋਰਮੀ ਡੇਨੀਅਲਜ਼ ਨੇ ਕਿਹਾ ਕਿ ਉਹ ਟਰੰਪ 'ਤੇ ਮੁੱਕਦਮਾ ਕਰਨ ਵਾਲੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਟਰੰਪ ਨੇ ਉਨ੍ਹਾਂ ਦੋਵਾਂ ਵਿਚਾਲੇ ਹੋਏ ''ਸਮਝੌਤੇ 'ਤੇ ਦਸਤਖ਼ਤ ਨਹੀਂ ਕੀਤੇ ਹਨ।''

ਉਨ੍ਹਾਂ ਦੇ ਵਕੀਲ ਮਾਈਕਲ ਅਵੇਨਾਤੀ ਨੇ ਇਸ ਮੁਕੱਦਮੇ ਬਾਰੇ ਮੌਜੂਦ ਦਸਤਾਵੇਜਾਂ ਦੀ ਜਾਣਕਾਰੀ ਟਵੀਟ ਕੀਤੀ।

ਇਸ ਤੋਂ ਅਗਲੇ ਹੀ ਦਿਨ ਖ਼ਬਰਾਂ ਆਈਆਂ ਕਿ ਰਾਸ਼ਟਰਪਤੀ ਟਰੰਪ ਨੇ ਸਟੋਰਮੀ ਡੇਨੀਅਲਜ਼ ਖ਼ਿਲਾਫ਼ ਅਦਾਲਤ ਵਿੱਚ ਰੋਕ ਲਗਾਉਣ ਸਬੰਧੀ ਹੁਕਮ ਹਾਸਲ ਕਰ ਲਏ ਹਨ।

ਤਾਂ ਜੋ ਕਥਿਤ ਤੌਰ 'ਤੇ ਦੋਵਾਂ ਦੇ ਰਿਸ਼ਤਿਆਂ ਬਾਰੇ ''ਗੁਪਤ ਜਾਣਕਾਰੀ'' ਡੇਨੀਅਲਜ਼ ਸਾਂਝਾ ਨਾ ਕਰ ਸਕਣ।

ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾ ਹੁਕਾਬੀ ਸੈਂਡਰਸ ਨੇ ਬੁੱਧਵਾਰ ਨੂੰ ਕਿਹਾ,''ਇਹ ਮਾਮਲਾ ਨਿੱਜੀ ਵਿਚੋਲਗੀ ਦੀ ਇੱਕ ਕਾਰਵਾਈ ਵਿੱਚ ਜਿੱਤਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਕਿਸੇ ਹੋਰ ਜਾਣਕਾਰੀ ਲਈ ਰਾਸ਼ਟਰਪਤੀ ਦੇ ਨਿੱਜੀ ਸਲਾਹਕਾਰ ਨਾਲ ਸੰਪਰਕ ਕੀਤੇ ਜਾ ਸਕਦਾ ਹੈ।''

ਡੇਨੀਅਲਜ਼ ਦੇ ਵਕੀਲ ਨੇ ਵ੍ਹਾਈਟ ਹਾਊਸ ਦੇ ਬਿਆਨ ਨੂੰ ''ਹਾਸੋਹੀਣਾ'' ਦੱਸਿਆ ਹੈ।

ਸੀਐਨਐਨ ਨੇ ਵੀਰਵਾਰ ਨੂੰ ਖ਼ਬਰ ਦਿੱਤੀ ਸੀ ਕਿ ਰਾਸ਼ਟਰਪਤੀ ਟਰੰਪ ਸਾਰਾ ਸੈਂਡਰਸ ਦੀ ਟਿੱਪਣੀ ਤੋਂ ਨਾਰਾਜ਼ ਸੀ ਕਿਉਂਕਿ ਇਸਦੇ ਨਾਲ ਹੀ ਪਹਿਲੀ ਵਾਰ ਵ੍ਹਾਈਟ ਹਾਊਸ ਨੇ ਡੇਨੀਅਲਜ਼ ਦੇ ਨਾਲ ਟਰੰਪ ਦੇ ਕਿਸੇ ਤਰ੍ਹਾਂ ਦੇ ਸੰਬੰਧ ਹੋਣ ਦੀ ਗੱਲ ਮੰਨੀ ਸੀ।

ਸ਼ੁਰੂ ਹੋ ਗਿਆ ਹੈ ਪ੍ਰਤੀਕਿਰਿਆਵਾਂ ਦਾ ਦੌਰ

ਦੱਖਣ ਕੇਰੋਲਾਈਨਾ ਤੋਂ ਨੇਤਾ ਮਾਰਕ ਸੈਨਫੋਰਡ ਉਨ੍ਹਾਂ ਗਿਣੇ-ਚੁਣੇ ਰਿਪਬਲਿਕਨ ਆਗੂਆਂ ਵਿੱਚੋਂ ਹਨ ਜਿਨ੍ਹਾਂ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਵਸ਼ਿੰਗਟਨ ਪੋਸਟ ਮੁਤਾਬਿਕ ਉਨ੍ਹਾਂ ਨੇ ਕਿਹਾ ਹੈ ਇਹ ਇਲਜ਼ਾਮ ''ਪ੍ਰੇਸ਼ਾਨ ਕਰਨ ਵਾਲੇ'' ਹਨ।

ਉਨ੍ਹਾਂ ਨੇ ਕਿਹਾ,''ਜੇਕਰ ਇਹ ਮਾਮਲਾ ਰਿਪਬਲੀਕਨ ਤਰੀਕੇ ਨਾਲ ਚੁਣੇ ਗਏ ਕਿਸੇ ਰਾਸ਼ਟਰਪਤੀ ਬਾਰੇ ਹੈ ਅਤੇ ਮੁਹਿੰਮ ਵਿੱਚ ਸਮਝੌਤੇ ਤਹਿਤ ਪੈਸਿਆਂ ਦਾ ਭੁਗਤਾਨ ਕੀਤਾ ਗਿਆ ਹੈ ਤਾਂ ਇਸਦੀ ਸੁਣਵਾਈ ਚਲੇਗੀ। ਮੈਨੂੰ ਲਗਦਾ ਹੈ ਕਿ ਤੁਸੀਂ ਇਸਦੇ ਸੰਕੇਤ ਦੇਖ ਸਕਦੇ ਹੋ ਕਿ ਅਜਿਹਾ ਹੋਵੇਗਾ।''

ਇੱਧਰ, ਕੈਲੀਫੋਰਨੀਆ ਅਤੇ ਨਿਊਯਾਰਕ ਤੋਂ ਡੈਮੋਕ੍ਰੇਟਿਕ ਆਗੂ ਟੇਡ ਲਿਊ ਅਤੇ ਕੈਥਲੀਨ ਰਾਈਸ ਨੇ ਮੰਗ ਕੀਤੀ ਕਿ ਕੋਹੇਨ ਨੇ ਡੇਨੀਅਲਜ਼ ਨੂੰ ਪੈਸੇ ਦੇਣ ਦੀ ਗੱਲ ਦੀ ਜਾਂਚ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਯਾਨਿ ਐਫਬੀਆਈ ਕਰੇ।

ਡੇਨੀਅਲਜ਼-ਟਰੰਪ ਦੇ ਸੰਬੰਧਾਂ ਦੀ ਚਰਚਾ ਹੁਣ ਸਥਾਨਕ ਪੱਧਰ 'ਤੇ ਭੱਖਣ ਲੱਗੀ ਹੈ। ਯੂਟਾ ਵਿੱਚ ਰਿਪਬਲੀਕਨ ਪਾਰਟੀ ਦੇ ਨੁਮਾਇੰਦੇ ਨੇ ਇੱਕ ਬਿੱਲ ਦਾ ਮਤਾ ਪੇਸ਼ ਕੀਤਾ ਹੈ ਅਤੇ ਡੌਨਲਡ ਜੇ ਟਰੰਪ ਨੈਸ਼ਨਲ ਪਾਰਕਸ ਹਾਈਵੇ ਦਾ ਨਾਮ ਬਦਲਣ ਦੀ ਪੇਸ਼ਕਸ਼ ਕੀਤੀ ਹੈ।

ਇੱਧਰ ਡੈਮੋਕ੍ਰੇਟ ਸੀਨੇਟਰ ਜਿਮ ਡਬਾਕੀ ਨੇ ਸਥਾਨਕ ਅਖ਼ਬਾਰ ਨੂੰ ਦੱਸਿਆ ਕਿ ਜੇਕਰ ਉੱਪਰੀ ਸਦਨ ਤੱਕ ਪਹੁੰਚ ਜਾਂਦਾ ਹੈ ਤਾਂ ਸਟਾਰਮੀ ਡੇਨੀਅਲਜ਼ ਰੈਂਪਵੇ ਦਾ ਨਾਮ ਬਦਲਣ ਦਾ ਮਤਾ ਰੱਖਣਗੇ।

ਇਸ ਵਿਵਾਦ ਦੇ ਟਰੰਪ ਲਈ ਕੀ ਮਾਇਨੇ ਹੋਣਗੇ?

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਲਈ ਇਹ ਵਿਵਾਦ ਮਹੱਤਵਪੂਰਨ ਸਮੇਂ 'ਤੇ ਸਾਹਮਣੇ ਆਇਆ ਹੈ ਅਤੇ ਖ਼ਤਮ ਹੋਣ ਦਾ ਨਾ ਨਹੀਂ ਲੈ ਰਿਹਾ।

ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਕਥਿਤ ਦਖ਼ਲ ਬਾਰੇ ਜਾਂਚ ਚੱਲ ਰਹੀ ਹੈ ਅਤੇ ਟਰੰਪ ਦੇ ਕਈ ਅਧਿਕਾਰੀ ਜਾਂ ਤਾਂ ਨੌਕਰੀ ਛੱਡ ਚੁੱਕੇ ਹਨ ਜਾਂ ਫਿਰ ਜਾਂਚ ਦੇ ਘੇਰੇ ਵਿੱਚ ਹਨ।

ਵ੍ਹਾਈਟ ਹਾਊਸ ਉਸ ਵੇਲੇ ਇੱਕ ਹੋਰ ਵਿਵਾਦ ਨਾਲ ਉਲਝਣਾ ਨਹੀਂ ਚਾਹੁੰਦਾ ਪਰ ਇਸ ਵਿਵਾਦ ਦੇ ਨਾਲ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਜੁੜੇ ਇੱਕ ਵਿਵਾਦ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ।

ਵ੍ਹਾਈਟ ਹਾਊਸ ਵਿੱਚ ਕੰਮ ਕਰਨ ਵਾਲੀ ਮੋਨਿਕਾ ਲੇਵੀਂਸਕੀ ਦੇ ਨਾਲ ਸੰਬੰਧ ਵਿੱਚ ਝੂਠ ਬੋਲਣ ਦੇ ਇਲਜ਼ਾਮ ਵਿੱਚ ਬਿਲ ਕਲਿੰਟਨ 'ਤੇ ਮਹਾ ਅਭਿਯੋਗ ਪ੍ਰਸਤਾਵ ਲਿਆਂਦਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)