ਇੱਕ ਹਫ਼ਤੇ 'ਚ 500 ਮੌਤਾਂ ਮਰਗੋਂ ਸੀਰੀਆ 'ਚ 30 ਦਿਨ ਦੀ ਜੰਗਬੰਦੀ

ਸੀਰੀਆ 'ਚ ਚੱਲ ਰਹੇ ਸੰਘਰਸ਼ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ 30 ਦਿਨਾਂ ਦੀ ਜੰਗਬੰਦੀ 'ਤੇ ਸਹਿਮਤੀ ਬਣ ਗਈ ਹੈ।

ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ 30 ਦਿਨਾਂ ਲਈ ਸੰਘਰਸ਼ ਰੋਕਣ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਸੁਰੱਖਿਆ ਪ੍ਰੀਸ਼ਦ ਦੇ ਸਾਰੇ 15 ਮੈਂਬਰਾਂ ਨੇ ਪ੍ਰਭਾਵਿਤ ਇਲਾਕੇ ਵਿੱਚ ਮਦਦ ਪਹੁੰਚਾਉਣ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣ ਲਈ ਵੋਟ ਕੀਤਾ।

ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਸੀਰੀਆਈ ਸਰਕਾਰ ਨੇ ਰਾਜਧਾਨੀ ਦਮਿਸ਼ਕ ਦੇ ਨੇੜੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਪੂਰਬੀ ਗ਼ੂਤਾ ਵਿੱਚ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ ਸੀ।

ਇਸ ਕਾਰਵਾਈ ਨੂੰ ਰੋਕਣ ਦੇ ਮਕਸਦ ਨਾਲ ਸੁਰੱਖਿਆ ਪ੍ਰੀਸ਼ਦ ਨੇ ਇਸ ਸੰਘਰਸ਼ ਨੂੰ ਰੋਕਣ ਦਾ ਐਲਾਨ ਕੀਤਾ।

ਇਸਤੋਂ ਪਹਿਲਾਂ ਸੀਜ਼ਫਾਇਰ ਦੇ ਮਤੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਖਿੱਚੋਤਾਣ ਦੇਖਣ ਨੂੰ ਮਿਲੀ।

ਵੀਰਵਾਰ ਨੂੰ ਪੇਸ਼ ਕੀਤੇ ਗਏ ਮਤੇ ਨੂੰ ਰੂਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਉਹ ਉਸ ਵਿੱਚ ਕੁਝ ਸੋਧ ਚਾਹੁੰਦਾ ਸੀ।

ਰੂਸ ਸੀਰੀਆਈ ਸਰਕਾਰ ਦੀ ਹਿਮਾਇਤ ਕਰਦਾ ਹੈ। ਉਹ ਸੀਜ਼ਫਾਇਰ ਮਤੇ ਵਿੱਚ ਬਦਲਾਅ ਚਾਹੁੰਦਾ ਸੀ।

ਉੱਥੇ ਹੀ ਪੱਛਮ ਦੇ ਰਾਜਦੂਤਾਂ ਦਾ ਕਹਿਣਾ ਸੀ ਕਿ ਰੂਸ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਮਾਂ ਬਰਬਾਦ ਕਰ ਰਿਹਾ ਹੈ।

ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਨਿੱਕੀ ਹੈਲੀ ਕਿਹਾ ਕਿ ਸੀਜ਼ਫਾਇਰ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਰੂਸ ਦੀ ਨੁਮਾਇੰਦਗੀ ਕਰਨ ਵਾਲੇ ਵਿਤਾਲੀ ਚੁਰਕਿਨ ਨੇ ਕਿਹਾ ਕਿ ਸੀਜ਼ਫਾਇਰ ਦਾ ਪਾਲਣਾ ਉਸ ਵੇਲੇ ਤੱਕ ਸੰਭਵ ਨਹੀਂ ਹੈ ਜਦੋਂ ਸੰਘਰਸ਼ ਵਿੱਚ ਸ਼ਾਮਲ ਦੋਵੇਂ ਪੱਖ ਇਸ ਨੂੰ ਨਹੀਂ ਮੰਨਦੇ।

ਸੀਰੀਆ ਵਿੱਚ ਸੰਘਰਸ਼ 'ਤੇ ਨਜ਼ਰ ਰੱਖਣ ਵਾਲੇ ਬ੍ਰਿਟੇਨ ਦੀ ਜਥੇਬੰਦੀ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਸ਼ਨਵਾਰ ਦੇਰ ਰਾਤ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੀਜ਼ਫਾਇਰ 'ਤੇ ਆਮ ਸਹਿਮਤੀ ਬਣੀ ਤਾਂ ਉਸਦੇ ਕੁਝ ਹੀ ਮਿੰਟਾਂ ਬਾਅਦ ਪੂਰਬੀ ਗ਼ੂਤਾ ਵਿੱਚ ਹਵਾਈ ਹਮਲਾ ਕੀਤਾ ਗਿਆ।

ਜਥੇਬੰਦੀ ਨੇ ਦੱਸਿਆ ਸੀ ਕਿ ਐਤਵਾਰ ਤੋਂ ਸ਼ੁਰੂ ਹੋਈ ਬੰਬਾਰੀ ਵਿੱਚ ਹੁਣ ਤੱਕ 500 ਲੋਕਾਂ ਦੀ ਮੌਤ ਹੋ ਚੁੱਕੀ ਹੈ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ਼ ਕਹਿ ਚੁੱਕੇ ਹਨ ਕੀ ਪੂਰਬੀ ਗ਼ੂਤਾ ਵਿੱਚ ਨਰਕਵਰਗੇ ਹਾਲਾਤ ਬਣ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)