ਸੀਰੀਆ: ਫੌਜੀ ਕਾਰਵਾਈ 'ਚ 250 ਮੌਤਾਂ, ਮ੍ਰਿਤਕਾਂ ਵਿੱਚ 50 ਬੱਚੇ ਵੀ

ਤਸਵੀਰ ਸਰੋਤ, AFP
ਰਿਪੋਰਟਾਂ ਅਨੁਸਾਰ ਸੀਰੀਆ ਵਿੱਚ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਫੌਜ ਵਲੋਂ ਦੋ ਦਿਨਾਂ ਦੀ ਬੰਬਾਰੀ ਦੌਰਾਨ 250 ਲੋਕਾਂ ਦੀ ਮੌਤ ਹੋ ਗਈ ਹੈ।
ਰਾਹਤ ਸੰਸਥਾਵਾਂ ਦੇ ਵਰਕਰਾਂ ਮੁਤਾਬਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ 2013 ਤੋਂ ਬਾਅਦ ਇਹ ਸਭ ਤੋਂ ਹਿੰਸਕ ਘਟਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਚ 50 ਤੋਂ ਵੱਧ ਬੱਚੇ ਮਾਰੇ ਗਏ ਹਨ।
ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ "ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ।"
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਦੇ ਹਮਲਿਆਂ 'ਚ ਘੱਟੋ-ਘੱਟ ਛੇ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਦੇ ਬੁਲਾਰੇ ਰਯਾਲ ਲੇਬਲਾਂਕ ਨੇ ਕਿਹਾ, "ਆਮ ਨਾਗਰਿਕਾਂ, ਹਸਪਤਾਲਾਂ ਅਤੇ ਸਕੂਲਾਂ ਦੇ ਵਿਰੁੱਧ ਲਗਾਤਾਰ ਹਿੰਸਾ ਦੀ ਸਖ਼ਤ ਨਿਖੇਧੀ ਕਰਦੇ ਹਾਂ, ਇਹ ਮਨੁੱਖੀ ਅਧਿਕਾਰ ਕਾਨੂੰਨਾਂ ਦਾ ਵੱਡਾ ਉਲੰਘਣ ਹੈ। ਅਸੀ ਸੀਰੀਆ ਵਿੱਚ ਹਿੰਸਾ ਨੂੰ ਖਤਮ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹਾਂ "
ਸੀਰੀਆ ਦੀ ਫ਼ੌਜ ਵਲੋਂ ਖੰਡਨ ਨਹੀਂ
ਸੀਰੀਆਈ ਫੌਜ ਨੇ ਪੂਰਬੀ ਗੂਟਾ ਤੋਂ ਆ ਰਹੀ ਰਿਪੋਰਟਾਂ ਦਾ ਖੰਡਨ ਨਹੀਂ ਕੀਤਾ ਹੈ, ਪਰ ਕਿਹਾ ਗਿਆ ਹੈ ਕਿ ਉਸਨੇ 'ਸਹੀ ਅਤੇ ਢੁੱਕਵੀਆਂ ਥਾਵਾਂ ਉੱਤੇ ਹੀ ਹਮਲੇ' ਕੀਤੇ ਹਨ ।
ਅਲੇਪੋ ਤੋਂ ਸੰਸਦ ਮੈਂਬਰ ਫਾਰਿਸ ਸ਼ਾਹਬੀ ਨੇ ਬੀਬੀਸੀ ਨੂੰ ਦੱਸਿਆ ਕਿ ਸੀਰੀਆ ਸਰਕਾਰ ਬਾਗੀਆਂ ਉੱਤੇ ਹਮਲੇ ਕਰ ਰਹੀ ਹੈ ਨਾ ਕਿ ਨਾਗਰਿਕਾਂ ਉੱਤੇ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਅਸੀਂ ਪੂਰਬੀ ਗੁੱਟਾ ਨੂੰ ਸਾਰੀਆਂ ਦਹਿਸ਼ਤਗਰਦ ਜਥੇਬੰਦੀਆਂ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਦਮਿਸ਼ਕ ਵਿੱਚ ਰਹਿ ਰਹੇ ਹਨ ਉਹ ਮਾਰੇ ਜਾ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਪੂਰਬੀ ਗੁੱਟਾ ਦੀ ਤਰਫੋਂ ਦਮਿਸ਼ਕ ਉੱਤੇ ਮੌਰਟਾਰ ਨਾਲ ਬੰਬਾਰੀ ਕੀਤੀ ਗਈ ਹੈ।
ਦਮਿਸ਼ਕ ਵਿੱਚ ਮੇਰੇ ਆਪਣੇ ਦਫ਼ਤਰ ਦੇ ਕੋਲ ਤਿੰਨ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ, ਪੂਰਬੀ ਗੁੱਟਾ ਵੱਲੋਂ ਦਮਸ਼ਿਕ ਦੇ ਰਿਹਾਇਸ਼ੀ ਇਲਾਕਿਆਂ ਵਿੱਚ 100 ਮੌਰਟਾਰ ਦਾਗੇ ਗਏ ਹਨ. ਅਸੀ ਪੂਰਬੀ ਗੁੱਟਾ ਵਿੱਚ ਰਹਿ ਰਹੇ ਆਮ ਲੋਕਾਂ ਨੂੰ ਨਿਸ਼ਾਨਾਂ ਨਹੀਂ ਬਣ ਰਹੇ।"












