ਚੀਨੀ ਪੁਲਿਸ ਕਿਵੇਂ ਐਨਕਾਂ ਨਾਲ ਫੜੇਗੀ ਅਪਰਾਧੀ?

ਤਸਵੀਰ ਸਰੋਤ, AFP
ਚੀਨੀ ਪੁਲਿਸ ਨੇ ਇਸ ਤਰ੍ਹਾਂ ਦੀਆਂ ਐਨਕਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ ਸ਼ੱਕੀ ਅਪਰਾਧੀਆਂ ਦਾ ਚਿਹਰਾ ਪਛਾਣ ਸਕਣਗੀਆਂ।
ਇਹ ਐਨਕਾਂ ਪੁਲਿਸ ਕੋਲ ਮੌਜੂਦ ਅਪਰਾਧੀਆਂ ਦੇ ਡਾਟਾ ਨਾਲ ਜੁੜੀਆਂ ਹੋਈਆਂ ਹਨ, ਜਿਸ ਨਾਲ ਪੁਲਿਸ ਨੂੰ ਭੀੜ ਵਿੱਚ ਸ਼ੱਕੀ ਲੋਕਾਂ ਦਾ ਪਤਾ ਲੱਗ ਸਕੇਗਾ।
ਪਰ ਆਲੋਚਕਾਂ ਨੂੰ ਡਰ ਹੈ ਕਿ ਇਸ ਨਾਲ ਸਰਕਾਰ ਨੂੰ ਜ਼ਿਆਦਾ ਤਾਕਤ ਮਿਲ ਜਾਵੇਗੀ।
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ, ਇਨ੍ਹਾਂ ਐਨਕਾਂ ਦੀ ਮਦਦ ਨਾਲ ਸੱਤ ਸ਼ੱਕੀ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਇਨ੍ਹਾਂ ਐਨਕਾਂ ਦਾ ਇਸਤੇਮਾਲ ਜ਼ੇਂਗਜ਼ਹੋਉ ਸ਼ਹਿਰ ਦੇ ਵਿਅਸਤ ਟਰੇਨ ਸਟੇਸ਼ਨ 'ਤੇ ਸ਼ੱਕੀਆਂ ਨੂੰ ਲੱਭਣ ਲਈ ਕੀਤਾ।
ਜੋ ਸੱਤ ਵਿਅਕਤੀ ਗ੍ਰਿਫ਼ਤਾਰ ਹੋਏ ਹਨ, ਉਹ ਮਨੁੱਖੀ ਤਸਕਰੀ ਅਤੇ ਦੁਰਘਟਨਾਵਾਂ ਦੇ ਮਾਮਲਿਆਂ 'ਚ ਦੋਸ਼ੀ ਸਨ।

ਤਸਵੀਰ ਸਰੋਤ, AFP/Getty Images
ਸੱਤਾਧਾਰੀ ਕੋਮਿਉਨਿਸਟ ਪਾਰਟੀ ਦੇ ਇੱਕ ਅਖ਼ਬਾਰ ਮੁਤਾਬਕ, ਪੁਲਿਸ ਨੇ 26 ਹੋਰ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ ਜੋ ਝੂਠੀ ਪਛਾਣ ਵਰਤ ਰਹੇ ਸਨ।
ਇਸ ਤਕਨੀਕ ਨਾਲ ਪੁਲਿਸ ਅਧਿਕਾਰੀ ਸ਼ੱਕੀ ਲੋਕਾਂ ਦੀਆਂ ਤਸਵੀਰਾਂ ਲੈ ਕੇ ਉਨ੍ਹਾਂ ਨੂੰ ਆਪਣੇ ਕੋਲ ਮੌਜੂਦ ਡਾਟਾ ਨਾਲ ਮਿਲਾਉਂਦੇ ਹਨ।
ਇਹ ਵੀ ਡਰ ਬਣਿਆ ਹੋਇਆ ਹੈ ਕਿ ਚੀਨੀ ਸਰਕਾਰ ਇਸ ਨਾਲ ਸਿਆਸੀ ਵਿਰੋਧੀਆਂ ਅਤੇ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਏਗੀ।
ਜ਼ਿਕਰਯੋਗ ਹੈ ਕਿ ਚੀਨ ਚਿਹਰੇ ਨੂੰ ਪਛਾਨਣ ਵਾਲੀ ਤਕਨੀਕ ਵਿੱਚ ਸੰਸਾਰ ਭਰ ਵਿੱਚ ਮੋਹਰੀ ਹੈ ਅਤੇ ਲੋਕਾਂ ਨੂੰ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਉਹ ਸਰਕਾਰ ਤੋਂ ਭੱਜ ਨਹੀਂ ਸਕਦੇ।












