You’re viewing a text-only version of this website that uses less data. View the main version of the website including all images and videos.
ਕਿਵੇਂ ਜਾਨ-ਲੇਵਾ ਸਾਬਤ ਹੋ ਸਕਦੀ ਹੈ ਸਕਿਨ ਕਰੀਮ?
ਜਿਸ ਕਰੀਮ ਨੂੰ ਤੁਸੀਂ ਆਪਣੇ ਚਿਹਰੇ 'ਤੇ ਲਗਾਉਂਦੇ ਹੋ, ਕੀ ਉਹ ਤੁਹਾਡੀ ਮੌਤ ਦਾ ਕਾਰਨ ਬਣ ਸਕਦੀ ਹੈ?
ਅੱਗ ਦੀ ਲਪੇਟ ਵਿੱਚ ਆਉਣ ਨਾਲ ਹੋਣ ਵਾਲੀਆਂ ਸੈਂਕੜੇ ਮੌਤਾਂ ਦਾ ਸਬੰਧ ਸਕਿੱਨ ਕਰੀਮ ਨਾਲ ਵੀ ਹੋ ਸਕਦਾ ਹੈ।
ਇੱਕ ਸੀਨੀਅਰ ਫਾਇਰ ਬ੍ਰਿਗੇਡ ਕਰਮਚਾਰੀ ਨੇ ਇਸ ਬਾਰੇ ਜਾਣੂ ਕਰਵਾਇਆ ਕਿ ਚਿਹਰੇ 'ਤੇ ਲਗਾਉਣ ਵਾਲੀ ਕਰੀਮ ਵਿੱਚ ਪੈਰਾਫਿਨ ਹੁੰਦਾ ਹੈ, ਜੋ ਤੇਜ਼ੀ ਨਾਲ ਅੱਗ ਨੂੰ ਫੜਦਾ ਹੈ।
ਜੇਕਰ ਤੁਸੀਂ ਕਰੀਮ ਦੀ ਰੋਜ਼ਾਨਾ ਵਰਤੋਂ ਕਰਦੇ ਹੋ, ਪਰ ਕੱਪੜੇ ਅਤੇ ਬਿਸਤਰਾ ਹਮੇਸ਼ਾ ਨਹੀਂ ਬਲਦਲਦੇ ਤਾਂ ਕਰੀਮ ਵਿੱਚ ਮੌਜੂਦ ਪੈਰਾਫਿਨ ਕੱਪੜਿਆਂ ਵਿੱਚ ਮਿਲ ਜਾਂਦੇ ਹਨ।
ਇਸ ਨਾਲ ਸਿਗਰਟ ਜਾਂ ਹੀਟਰ ਦੀ ਇੱਕ ਚੰਗਿਆੜੀ ਦੇ ਸੰਪਰਕ ਵਿੱਚ ਆਉਣ ਨਾਲ ਉਹ ਕੱਪੜਾ ਆਸਾਨੀ ਨਾਲ ਅੱਗ ਨੂੰ ਫੜ ਲੈਂਦਾ ਹੈ।
ਬੀਬੀਸੀ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਕਿ ਇਸ ਜੋਖ਼ਿਮ ਦੇ ਬਾਵਜੂਦ ਕਰੀਮ ਦੇ ਵਧੇਰੇ ਪੈਕਟਾਂ 'ਤੇ ਕੋਈ ਚੇਤਾਵਨੀ ਨਹੀਂ ਹੁੰਦੀ।
ਦਵਾਈਆਂ ਦੀ ਰੈਗੂਲੇਟਰੀ ਸਕਿੱਨ ਕਰੀਮ 'ਤੇ ਇੱਕ ਸੇਫਟੀ ਰਿਵਿਊ ਕਰ ਰਹੀ ਹੈ।
'ਚਮੜੀ ਰੋਗ ਵਾਲੇ ਹਿੱਸੇ 'ਤੇ ਹੀ ਲਗਾਈ ਜਾਵੇ ਕਰੀਮ'
ਪਿਛਲੇ ਸਾਲ ਮਾਰਚ ਵਿੱਚ ਬੀਬੀਸੀ ਦੀ ਇੱਕ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਇੰਗਲੈਂਡ ਵਿੱਚ 2010 ਤੋਂ ਬਾਅਦ 37 ਮੌਤਾਂ ਕਰੀਮ ਵਿੱਚ ਮੌਜੂਦ ਪੈਰਾਫਿਨ ਦੇ ਕਾਰਨ ਹੋਈਆਂ ਸੀ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਵੰਬਰ 2016 ਤੋਂ ਬਾਅਦ ਵੀ ਅੱਠ ਮੌਤਾਂ ਇਸੇ ਕਾਰਨ ਹੋਈਆਂ ਸਨ।
ਫਾਇਰ ਬ੍ਰਿਗੇਡ ਸੇਵਾ ਨੇ ਚੇਤਵਾਨੀ ਦਿੱਤੀ ਹੈ ਕਿ ਐਗਜ਼ੀਮਾ ਅਤੇ ਚਮੜੀ ਰੋਗ ਹੋਣ 'ਤੇ ਹੀ ਸਕਿੱਨ ਕਰੀਮ ਦੀ ਵਰਤੋਂ ਕੀਤੀ ਜਾਵੇ।
ਵੈਸਟ ਯੋਰਕਸ਼ਾਇਰ ਅਤੇ ਬਚਾਓ ਸੇਵਾਵਾਂ ਦੇ ਕਮਾਂਡਰ ਫਾਇਰ ਫਾਈਟਰ ਕ੍ਰਿਸ ਬੇਲ ਕਹਿੰਦੇ ਹਨ ਕਿ ਕਰੀਮ ਨਾਲ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਹੋਰ ਵੱਧ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ,''ਹਜ਼ਾਰਾਂ-ਸੈਂਕੜੇ ਲੋਕ ਇਸ ਦੀ ਵਰਤੋਂ ਕਰਦੇ ਹਨ। ਅਸੀਂ ਸਹੀ ਅੰਕੜੇ ਤਾਂ ਨਹੀਂ ਦੱਸ ਸਕਦੇ ਪਰ ਕਰੀਮ ਦੇ ਕਾਰਨ ਅੱਗ ਦੀ ਲਪੇਟ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਸੈਂਕੜੇ ਹੋ ਸਕਦੀ ਹੈ।''
ਲੰਡਨ ਫਾਇਰ ਬ੍ਰਿਗੇਡ ਵਿੱਚ ਮੈਨੇਜਰ ਮਾਰਕ ਹੇਜਲਟਨ ਨੇ ਵੀ ਇਹ ਚਿੰਤਾ ਦੁਹਰਾਈ ਹੈ।
ਉਨ੍ਹਾਂ ਨੇ ਕਿਹਾ ਕਿ ਕਈ ਦਮਕਲ ਸੇਵਾਵਾਂ ਦੇ ਕੋਲ ਅਜਿਹੀ ਫੋਰੇਂਸਿਕ ਟੀਮ ਵੀ ਨਹੀਂ ਹੈ ਜੋ ਅੱਗ ਲੱਗਣ ਵਿੱਚ ਪੈਰਾਫਿਨ ਕਰੀਮ ਦੀ ਭੂਮਿਕਾ ਦਾ ਸਹੀ ਮੁਲਾਂਕਣ ਕਰ ਸਕੇ।
'ਜਿਵੇਂ ਮੈਂ ਖ਼ੁਦ ਨੂੰ ਅੱਗ ਲਗਾ ਲਈ ਹੋਵੇ'
ਵੈਸਟ ਯੋਰਕਸ਼ਾਇਰ ਦੇ ਵਾਸੀ 82 ਸਾਲਾ ਬਰਾਇਨ ਬਿਕਟ ਦੀ ਮੌਤ ਪਿਛਲੇ ਸਾਲ ਸਤੰਬਰ ਵਿੱਚ ਸੜਨ ਕਰਕੇ ਹੋਈ।
ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਕੱਪੜਿਆ ਵਿੱਚ ਪੈਰਾਫਿਨ ਕਰੀਮ ਦੀ ਮਾਤਰਾ ਸੀ, ਜਿਸ ਕਾਰਨ ਕੱਪੜਿਆਂ ਨੇ ਤੁਰੰਤ ਅੱਗ ਫੜ ਲਈ।
ਉਨ੍ਹਾਂ ਦੀ ਧੀ ਕਸਰਟਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਕੈਥਲੀਨ ਤੁਰੰਤ ਉਨ੍ਹਾਂ ਨੂੰ ਬਚਾਉਣ ਗਈ ਪਰ ਉਦੋਂ ਤੱਕ ਉਹ ਕਾਫ਼ੀ ਸੜ ਚੁੱਕੇ ਸੀ।
ਕਸਰਟਨ ਦੱਸਦੀ ਹੈ,''ਮੇਰੇ ਪਿਤਾ ਬਿਸਤਰੇ 'ਤੇ ਸੀ। ਪਸੀਨੇ ਨਾਲ ਭਰੇ ਹੋਏ ਅਤੇ ਝੁਲਸੇ ਹੋਏ ਵਾਲ। ਘਬਰਾਹਟ ਵਿੱਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਖ਼ੁਦ ਨੂੰ ਅੱਗ ਲਗਾ ਲਈ ਹੈ।''
ਅੱਗ ਲੱਗਣ ਦਾ ਕਾਰਨ
ਤਿੰਨ ਬੱਚਿਆਂ ਦੇ ਦਾਦਾ ਬਰਾਇਨ ਇੱਕ ਜੈਜ਼ ਕਲੱਬ ਚਲਾਉਂਦੇ ਸੀ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਅੱਧੇ ਤੋਂ ਵੱਧ ਸਰੀਰ ਸੜ ਚੁੱਕਿਆ ਸੀ।
ਫਿਰ ਉਨ੍ਹਾਂ ਦੀ ਮੌਤ ਹੋ ਗਈ। ਕਸਰਟਨ ਕਹਿੰਦੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਅੱਗ ਲੱਗਣ ਦਾ ਕਾਰਨ ਉਨ੍ਹਾਂ ਦੇ ਕੱਪੜੇ ਹਨ।
ਉਹ ਕਹਿੰਦੀ ਹੈ, ''ਉਨ੍ਹਾਂ ਦੀ ਕਰੀਮ ਨਾਲ ਕੱਪੜੇ ਅਣਜਾਣੇ ਵਿੱਚ ਅੱਗ ਭੜਕਾਉਣ ਵਾਲੀ ਚੀਜ਼ ਵਿੱਚ ਤਬਦੀਲ ਹੋ ਗਏ। ਕੌਣ ਜਾਣਦਾ ਸੀ ਕਿ ਅਜਿਹਾ ਹੋ ਸਕਦਾ ਹੈ?''
ਕਰੀਮ ਨਿਰਮਾਤਾਵਾਂ ਨੂੰ ਚੇਤਾਵਨੀ
ਪਿਛਲੇ ਸਾਲ ਸਿਹਤ ਨਾਲ ਜੁੜੇ ਉਤਪਾਦਾਂ ਦੀ ਰਜਿਸਟਰਡ ਏਜੰਸੀ (ਐਮਐੱਚਆਰਏ) ਨੇ ਸਾਰੇ ਪੈਰਾਫਿਨ ਸਹਿਤ ਕਰੀਮ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਅੱਗ ਜੇ ਜੋਖ਼ਿਮ ਦੀ ਚੇਤਾਵਨੀ ਕਰੀਮ ਦੀ ਪੈਕੇਜਿੰਗ 'ਤੇ ਛਾਪਣ ਲਈ ਕਿਹਾ ਸੀ।
ਇੱਕ ਜਾਂਚ ਵਿੱਚ ਪਤਾ ਲੱਗਾ ਕਿ ਬ੍ਰਿਟੇਨ ਵਿੱਚ ਲਾਇਸੈਂਸ ਪ੍ਰਾਪਤ ਪੈਰਾਫਿਨ ਵਾਲੇ 38 ਵਿੱਚੋਂ ਸਿਰਫ਼ ਸੱਤ ਉਤਪਾਦਾਂ ਦੀ ਪੈਕੇਜਿੰਗ 'ਤੇ ਚੇਤਾਵਨੀ ਦਿੱਤੀ ਗਈ ਹੈ।