You’re viewing a text-only version of this website that uses less data. View the main version of the website including all images and videos.
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ 5 ਸਾਲ ਦੀ ਸਜ਼ਾ, ਹਾਲਾਤ ਵਿਗੜੇ
ਬੰਗਲਾਦੇਸ਼ ਦੀ ਵਿਰੋਧੀ ਧਿਰ ਦੀ ਆਗੂ ਖ਼ਾਲਿਦਾ ਜ਼ੀਆ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਖ਼ਾਲਿਦਾ ਜ਼ੀਆ ਦੇ ਸੈਂਕੜੇ ਸਮਰਥਕ ਸੜਕਾਂ 'ਤੇ ਆ ਗਏ ਹਨ।
ਜ਼ੀਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇ ਇਸ ਫੈਸਲੇ ਤੇ ਇਲਜ਼ਾਮਾਂ ਨੂੰ ਬਦਲਾ ਖੋਰੀ ਦੱਸਿਆ ਹੈ।
ਉਹਨਾਂ ਨੂੰ ਮਿਲੀ ਸਜ਼ਾ ਦਾ ਇੱਕ ਅਰਥ ਇਹ ਵੀ ਹੋ ਸਕਦਾ ਹੈ ਕਿ 72 ਸਾਲਾ ਮਹਿਲਾ ਆਗੂ ਇਸ ਸਾਲ ਹੋਣ ਵਾਲੀਆਂ ਸੰਸਦ ਦੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ।
ਇਲਜ਼ਾਮ ਸਿਆਸਤ ਤੋਂ ਪ੍ਰੇਰਿਤ
ਇਹ ਮੁਕੱਦਮਾਂ ਉਹਨਾਂ ਖ਼ਿਲਾਫ਼ ਪ੍ਰਧਾਨ ਮੰਤਰੀ ਹੁੰਦਿਆਂ ਅਨਾਥਾਂ ਲਈ ਬਣੇ ਇੱਕ ਟਰਸਟ ਨੂੰ ਦਾਨ ਵਿੱਚ ਮਿਲੇ 252,000 ਡਾਲਰ ਦੀ ਰਕਮ ਦੇ ਗ਼ਬਨ ਦੇ ਦੋਸ਼ਾਂ ਲਈ ਚੱਲ ਰਿਹਾ ਸੀ।
ਖ਼ਾਲਿਦਾ ਜ਼ੀਆ ਨੇ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਇਹ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਹਨ।
ਇਹ ਫ਼ੈਸਲਾ ਢਾਕਾ ਦੀ ਇੱਕ ਅਦਾਲਤ ਨੇ ਸੁਣਾਇਆ ਹੈ।
72 ਸਾਲਾ ਮਹਿਲਾ ਆਗੂ ਨੇ ਆਪਣੇ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਜਿਸ ਸਮੇਂ ਇਹ ਫੈਸਲਾ ਸੁਣਾਇਆ ਜਾ ਰਿਹਾ ਸੀ ਉਸ ਵੇਲੇ ਅਦਾਲਤ ਦੇ ਬਾਹਰ ਖ਼ਾਲਿਦਾ ਜ਼ੀਆ ਦੇ ਭਾਰੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ, ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ।
ਖ਼ਾਲਿਦਾ ਜ਼ੀਆ ਖ਼ਿਲਾਫ਼ ਦਰਜਨਾਂ ਹੋਰ ਵੀ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ।
ਕੌਣ ਹਨ ਖ਼ਾਲਿਦਾ ਜ਼ੀਆ?
ਬੀਬੀਸੀ ਮੋਨਿਟਰਿੰਗ ਦੁਆਰਾ:
- ਖ਼ਾਲਿਦਾ ਜ਼ੀਆ 1991 ਵਿੱਚ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ। ਜਦੋਂ ਉਹਨਾਂ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਵੀਹ ਸਾਲਾਂ ਬਾਅਦ ਬਹੁਮਤ ਮਿਲਿਆ।
- ਉਹ 2001 ਵਿੱਚ ਫੇਰ ਪ੍ਰਧਾਨ ਮੰਤਰੀ ਬਣੇ ਪਰ ਕਿਉਂਕਿ ਆਮ ਚੋਣਾਂ ਹੋਣ ਵਾਲੀਆ ਸਨ ਇਸ ਲਈ 2006 ਦੇ ਅਕਤੂਬਰ ਵਿੱਚ ਉਹਨਾਂ ਨੂੰ ਅਹੁਦਾ ਛੱਡਣਾ ਪਿਆ।
- ਬੰਗਾਲਾਦੇਸ਼ ਦੇ ਮਰਹੂਮ ਸਾਬਕਾ ਰਾਸ਼ਟਰਪਤੀ ਜ਼ਿਊਰ ਰਹਿਮਾਨ ਦੀ ਵਿਧਵਾ ਹਨ।
- ਮੌਜੂਦਾ ਪ੍ਰਧਾਨ ਮੰਤਰੀ ਤੇ ਜ਼ੀਆ ਦੀ ਕੱਟੜ ਵਿਰੋਧੀ ਸ਼ੇਖ ਹਸੀਨਾ ਦੀ ਸਰਕਾਰ ਵੱਲੋਂ ਲਾਏ ਭਰਿਸ਼ਟਾਚਾਰ ਦੇ ਇਲਜ਼ਾਮਾਂ ਨੇ ਉਹਨਾਂ ਦੇ ਸਿਆਸੀ ਜੀਵਨ ਨੂੰ ਕਾਫ਼ੀ ਢਾਹ ਲਾਈ।
- ਇਹ ਦੋਵੇਂ ਔਰਤਾਂ ਵਾਰੀ-ਵੱਟੇ ਦੇਸ਼ ਦੀ ਸਰਕਾਰ ਸੰਭਾਲਦੀਆਂ ਰਹੀਆਂ ਹਨ
ਖ਼ਾਲਿਦਾ ਜ਼ੀਆ ਨੇ ਇਹਨਾਂ ਇਲਜ਼ਾਮਾਂ ਦੇ ਚਲਦਿਆਂ ਹੀ 2014 ਦੀਆਂ ਆਮ ਚੋਣਾਂ ਦਾ ਬਾਈਕਾਟ ਕੀਤਾ ਸੀ ਜਿਸ ਕਰਕੇ ਉਸ ਸਮੇਂ ਵੀ ਕਾਫ਼ੀ ਧਰਨੇ-ਮੁਜਾਹਰੇ ਹੋਏ ਸਨ।
ਅੱਜ (ਵੀਰਵਾਰ) ਦੇ ਫ਼ੈਸਲੇ ਦੇ ਕਾਰਨ ਰਾਜਧਾਨੀ ਵਿੱਚ ਅਤੇ ਇਸ ਦੇ ਆਸ-ਪਾਸ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖ਼ਬਰਾਂ ਮੁਤਾਬਕ ਕਈ ਦੁਕਾਨਾਂ ਤੇ ਸਕੂਲ ਬੰਦ ਸਨ।