You’re viewing a text-only version of this website that uses less data. View the main version of the website including all images and videos.
#ZainabMurderCase: ਪਾਕਿਸਤਾਨ ਵਿੱਚ ਜ਼ੈਨਬ ਦੇ ਪਿਤਾ ਦਾ ਮਾਈਕ ਬੰਦ ਕਰਨ 'ਤੇ ਮੱਚਿਆ ਹੱਲਾ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਵਿੱਚ ਛੇ ਸਾਲਾ ਬੱਚੀ ਜ਼ੈਨਬ ਦੇ ਸ਼ੱਕੀ ਕਾਤਲ ਇਮਰਾਨ ਅਲੀ ਅਰਸ਼ਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰ ਇਸ ਸੰਬੰਧ ਵਿੱਚ ਪਾਕਿਸਤਾਨ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਜ਼ੈਨਬ ਦੇ ਪਿਤਾ ਦੇ ਸਾਹਮਣੇ ਦਾ ਮਾਈਕ ਬੰਦ ਕਰ ਦਿੱਤਾ ਗਿਆ ਸੀ ਜਿਸ 'ਤੇ ਸੋਸ਼ਲ ਮੀਡੀਆ 'ਤੇ ਲੋਕ ਗੁੱਸਾ ਜ਼ਾਹਿਰ ਕਰ ਰਹੇ ਹਨ।
ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ #ZainabMurderCase ਟਾਪ ਟਰੈਂਡ ਕਰ ਰਿਹਾ ਹੈ।
ਮੁਲਜ਼ਮ ਦੇ ਫੜੇ ਜਾਣ ਦੀ ਜਾਣਕਾਰੀ ਸ਼ਰੀਫ਼ ਨੇ ਲਾਹੌਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ, ਉੱਥੇ ਜ਼ੈਨਬ ਦੇ ਪਿਤਾ ਵੀ ਮੌਜੂਦ ਸਨ।
ਸੋਸ਼ਲ ਮੀਡੀਆ 'ਤੇ ਕੁਝ ਲੋਕ ਇਸ ਪ੍ਰੈੱਸ ਕਾਨਫਰੰਸ ਦਾ ਹਿੱਸਾ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਜ਼ੈਨਬ ਦੇ ਪਿਤਾ ਦੇ ਮੀਡੀਆ ਨੂੰ ਮੁਖਾਤਿਬ ਹੋਣ ਵੇਲੇ ਸ਼ਰੀਫ਼ ਉਨ੍ਹਾਂ ਦਾ ਮਾਈਕ ਬੰਦ ਕਰ ਦਿੰਦੇ ਹਨ।
ਸੋਸ਼ਲ ਮੀਡੀਆ 'ਤੇ ਗੁੱਸਾ
ਇਸ ਤੋਂ ਪਹਿਲਾਂ ਇਸੇ ਪ੍ਰੈੱਸ ਕਾਨਫਰੰਸ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਹਾ, "ਇਮਰਾਨ ਸੀਰੀਅਲ ਕਿਲਰ ਹੈ। ਜ਼ੈਨਬ ਤੋਂ ਇਲਾਵਾ ਇਸ ਇਲਾਕੇ ਵਿੱਚ ਬੀਤੇ ਵਕਤ ਵਿੱਚ ਬੱਚੀਆਂ ਦੇ ਨਾਲ ਹੋਏ ਰੇਪ ਅਤੇ ਕਤਲ ਦੇ ਮਾਮਲਿਆਂ ਵਿੱਚ ਵੀ ਇਮਰਾਨ ਦਾ ਡੀਐੱਨਏ ਮੈਚ ਹੋਇਆ ਹੈ।''
ਪਾਕਿਸਤਾਨੀ ਜਾਂਚ ਏਜੰਸੀਆਂ ਨੇ ਜ਼ੈਨਬ ਦੇ ਕਾਤਲ ਨੂੰ ਫੜਨ ਦੇ ਲਈ ਡੀਐੱਨਏ ਜਾਂਚ ਦਾ ਸਹਾਰਾ ਲਿਆ ਸੀ। ਜ਼ੈਨਬ ਦੇ ਕਾਤਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬੀਤੇ ਕੁਝ ਦਿਨਾਂ ਵਿੱਚ ਪਾਕਿਸਤਾਨ ਵਿੱਚ ਕਈ ਪ੍ਰਦਰਸ਼ਨ ਹੋਏ ਸੀ ।
ਅਜਿਹੇ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਜਿਸ ਤਰ੍ਹਾਂ ਜ਼ੈਨਬ ਦੇ ਪਿਤਾ ਨੂੰ ਬੋਲਣ ਨਹੀਂ ਦਿੱਤਾ ਗਿਆ, ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ।
ਸਈਦ ਲਿਖਦੇ ਹਨ, "ਪਾਕਿਸਤਾਨ ਵਿੱਚ ਮਾਫ਼ੀਆ ਇਸ ਤਰੀਕੇ ਨਾਲ ਕੰਮ ਕਰਦੇ ਹਨ। ਜ਼ੈਨਬ ਦੇ ਪਿਤਾ ਦਾ ਮਾਈਦ ਬੋਲਦੇ ਵਕਤ ਬੰਦ ਕਰ ਦਿੱਤਾ ਗਿਆ।''
ਅਲੀ ਰਾਜ਼ਾ ਲਿਖਦੇ ਹਨ, "ਸ਼ਰੀਫ਼ ਨੂੰ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।''
ਅਬੀਦਾ ਮੁਨੀਰ ਲਿਖਦੇ ਹਨ, "ਮਿਸਟਰ ਸ਼ੋਅ-ਬਾਜ਼ ਤੁਹਾਨੂੰ ਆਪਣੀ ਹਰਕਤ 'ਤੇ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਜਨਤਾ ਦੇ ਨੁਮਾਇੰਦੇ ਹੋਣ ਦੇ ਲਾਇਕ ਨਹੀਂ ਹੋ।''
ਇਸ ਪ੍ਰੈੱਸ ਕਾਨਫਰੰਸ ਦੌਰਾਨ ਬੈਕਗ੍ਰਾਊਂਡ ਵਿੱਚ ਇੱਕ ਪ੍ਰੈਜੈਂਟੇਸ਼ਨ ਵੀ ਵਿਖਾਈ ਗਈ। ਇਸ ਦੌਰਾਨ ਜਾਂਚ ਏਜੰਸੀ ਦੇ ਅਫਸਰ ਨਾਲ ਸ਼ਾਹਾਬਜ਼ ਸ਼ਰੀਫ ਮਜ਼ਾਕ ਕਰਦੇ ਦਿਖੇ ਅਤੇ ਆਪਣੇ ਮੀਆਂ ਮਿੱਠੂ ਬਣਦੇ ਵੀ ਨਜ਼ਰ ਆਏ।
ਪਾਕਿਸਤਾਨ ਵਿੱਚ ਕੁਝ ਲੋਕਾਂ ਨੇ ਇਸ 'ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।
@Fareya12 ਹੈਂਡਲ ਤੋਂ ਲਿਖਿਆ, "ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਹੱਸ ਕਿਉਂ ਰਹੀ ਹੈ?''
ਮੋਹਸਿਨ ਅਲੀ ਨੇ ਲਿਖਿਆ, "ਯਾ ਅੱਲਾਹ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਬੇਵਸ ਪਿਤਾ ਦੇ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ। ਸ਼ਰਮ ਕਰੋ ਸ਼ਾਹਬਾਜ਼, ਅਜਿਹੀ ਬੇਤੁਕੀ ਹਰਕਤ ਦੇ ਲਈ।''
ਜ਼ੁਹੈਬ ਲਿਖਦੇ ਹਨ, "ਇਹ ਉਦਾਸ ਕਰਨ ਵਾਲਾ ਪਲ਼ ਹੈ। ਜ਼ੈਨਬ ਦੇ ਪਿਤਾ ਦੇ ਚਿਹਰੇ ਨੂੰ ਵੇਖੋ।''
ਹਾਲਾਂਕਿ ਲੋਕ ਸ਼ੱਕੀ ਦੇ ਫੜੇ ਜਾਣ 'ਤੇ ਖੁਸ਼ੀ ਦਾ ਇਜ਼ਹਾਰ ਰਹੇ ਹਨ।
ਅਲੀ ਨਵਾਜ਼ ਨੇ ਲਿਖਿਆ, "ਕਾਤਲ ਨੂੰ ਫੜਵਾਉਣ ਲਈ ਅੱਲਾਹ ਦਾ ਸ਼ੁਕਰੀਆ, ਇਸ ਕੇਸ ਵਿੱਚ ਟ੍ਰਾਇਲ ਕਰਨ ਦੀ ਲੋੜ ਹੀ ਨਹੀਂ ਹੈ।''
ਸਾਦ ਖਾਨ ਲਿਖਦੇ ਹਨ, "ਪੰਜਾਬ ਸਰਕਾਰ ਆਖਰਕਾਰ ਬੱਚੀਆਂ ਦੇ ਬਲਾਤਕਾਰ ਅਤੇ ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਹੀ ਹੈ।''