ਕਿਸਨੇ ਕੀਤੀ ਸੀ ਸਭ ਤੋਂ ਪਹਿਲਾ ਵਾਈ ਫਾਈ ਤੇ ਮੋਬਾਈਲ ਫੋਨ ਦੀ ਕਲਪਨਾ

ਨਿਕੋਲਾ ਟੈਸਲਾ 19ਵੀਂ ਸਦੀ ਦੇ ਮਹਾਨ ਖੋਜੀਆਂ ਵਿੱਚੋਂ ਇੱਕ ਸੀ। ਹਾਲਾਂਕਿ ਉਹ ਕਦੇ ਆਪਣੇ ਮਹਾਨ ਸਾਨੀ ਥੌਮਸ ਏਡੀਸਨ ਜਿੰਨੇ ਮਸ਼ਹੂਰ ਨਹੀਂ ਹੋਏ।

ਦਿਲਚਸਪ ਗੱਲ ਇਹ ਵੀ ਹੈ ਕਿ ਥੌਮਸ ਏਡੀਸਨ ਉਨ੍ਹਾਂ ਦੇ ਬੌਸ ਸਨ।

ਏਡੀਸਨ ਡਾਇਰੈਕਟ ਕਰੰਟ (ਡੀਸੀ) ਨੂੰ ਬਿਹਤਰ ਮੰਨਦੇ ਸੀ, ਜੋ 100 ਵੋਲਟ ਦੀ ਪਾਵਰ 'ਤੇ ਕੰਮ ਕਰਦਾ ਸੀ ਅਤੇ ਉਸ ਨੂੰ ਦੂਜੇ ਵੋਲਟੇਜ ਵਿੱਚ ਬਦਲਣਾ ਔਖਾ ਸੀ।

ਟੇਸਲਾ ਦਾ ਸੋਚਣਾ ਸੀ ਕਿ ਅਲਟਰਨੇਟਿਵ (ਏਸੀ) ਬਿਹਤਰ ਹੈ ਕਿਉਂਕਿ ਉਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਸੌਖਾ ਸੀ।

ਜਿੱਤ ਟੇਸਲਾ ਦੀ ਹੋਈ, ਪਰ ਇਤਿਹਾਸ ਵਿੱਚ 'ਫਾਦਰ ਆਫ਼ ਇਲੈਕਟ੍ਰੀਸਿਟੀ' ਥੌਮਸ ਏਡੀਸਨ ਨੂੰ ਕਿਹਾ ਗਿਆ।

ਦੱਖਣ ਅਫ਼ਰੀਕਾ ਦੇ ਸਨਅਤੀ ਏਲੋਨ ਮਸਕ ਦਾ ਸ਼ੁਕਰਾਨਾ ਕਰਨਾ ਪਏਗਾ ਜਿਨ੍ਹਾਂ ਨੇ ਬਿਜਲੀ ਤੋਂ ਚੱਲਣ ਵਾਲੀਆਂ ਕਾਰਾਂ ਦੀ ਕੰਪਨੀ ਨੂੰ ਟੇਸਲਾ ਦਾ ਨਾਮ ਦਿੱਤਾ।

ਮਸਕ ਕੰਪਨੀ ਵਿੱਚ ਕਾਰਜਕਾਰੀ ਡਾਇਰੈਕਟਰ ਦੇ ਰੂਪ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੰਪਨੀ ਖਾਸ ਤੌਰ 'ਤੇ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਂਦੀ ਹੈ।

ਟੈਸਲਾ ਨੇ ਬਿਦਲੀ ਦੀ ਖੋਜ ਤੋਂ ਇਲਾਵਾ ਕਈ ਤਰ੍ਹਾਂ ਦੀ ਤਕਨੀਕੀ ਭਵਿੱਖਬਾਣੀ ਕੀਤੀ ਸੀ, ਜੋ ਦਹਾਕਿਇਆਂ ਬਾਅਦ ਸੱਚ ਸਾਬਿਤ ਹੁੰਦੀ ਦਿਖਦੀ ਹੈ।

ਉਨ੍ਹਾਂ ਦੀਆਂ ਕੁਝ ਮਸ਼ਹੂਰ ਭਵਿੱਖਬਾਣੀਆਂ ਤੁਹਾਨੂੰ ਦੱਸਦੇ ਹਾਂ:

ਵਾਈ ਫਾਈ

ਵਾਇਰਲੈੱਸ ਤਕਨੀਕ ਨੂੰ ਲੈ ਕੇ ਆਪਣੇ ਜਨੂੰਨ ਦੇ ਚੱਲਦੇ ਟੈਸਲਾ ਨੇ ਡਾਟਾ ਟਰਾਂਸਮਿਸ਼ਨ 'ਤੇ ਅਧਾਰਿਤ ਕਈ ਖੋਜ ਕੀਤੀਆਂ ਅਤੇ ਇਸ ਨਾਲ ਜੁੜੇ ਕਈ ਸਿਧਾਂਤਾਂ ਨੂੰ ਵਿਕਸਿਤ ਕੀਤਾ।

ਗੁਈਲੇਰਮੋ ਮਾਰਕੋਨੀ ਨੇ ਸਭ ਤੋਂ ਪਹਿਲਾਂ ਅਟਲਾਂਟਿਕ ਭਰ ਵਿੱਚ ਮੋਰਸ ਕੋਡ ਦੇ ਜ਼ਰੀਏ ਖ਼ਤ ਭੇਜੇ, ਪਰ ਟੈਸਲਾ ਇਸ ਤੋਂ ਅੱਗੇ ਕੁਝ ਕਰਨਾ ਚਾਹੁੰਦੇ ਸੀ।

ਉਨ੍ਹਾਂ ਨੇ ਸੰਭਾਵਨਾ ਜਤਾਈ ਸੀ ਕਿ ਪੂਰੀ ਦੁਨੀਆਂ ਵਿੱਚ ਇੱਕ ਦਿਨ ਟੈਲੀਫੋਨ ਸਿਗਨਲ, ਦਸਤਾਵੇਜ, ਸੰਗੀਤ ਦੀਆਂ ਫਾਈਲਾਂ ਅਤੇ ਵੀਡੀਓ ਭੇਜਣ ਲਈ ਵਾਇਰਲੈੱਸ ਤਕਨੀਕ ਦਾ ਇਸਤੇਮਾਲ ਹੋਵੇਗਾ ਅਤੇ ਅੱਜ ਵਾਈ-ਫਾਈ ਦੇ ਜ਼ਰੀਏ ਅਜਿਹਾ ਕਰਨਾ ਸੰਭਵ ਹੈ।

ਹਾਲਾਂਕਿ ਉਹ ਖੁਦ ਅਜਿਹਾ ਕੁਝ ਨਹੀਂ ਬਣਾ ਸਕੇ ਸੀ। ਉਨ੍ਹਾਂ ਦੀ ਇਹ ਭਵਿੱਖਬਾਣੀ 1990 ਵਿੱਚ ਵਰਲਡ ਵਾਈਲਡ ਵੈੱਬ ਖੋਜ ਦੇ ਨਾਲ ਸੱਚ ਹੋਈ।

ਮੋਬਾਈਲ ਫੋਨ

ਟੈਸਲਾ ਨੇ 1926 ਵਿੱਚ ਅਮਰੀਕੀ ਮੈਗਜ਼ੀਨ ਨੂੰ ਦਿੱਤੇ ਇੰਰਵਿਊ ਵਿੱਚ ਭਵਿਖ ਦੇ ਆਪਣੇ ਇੱਕ ਹੋਰ ਕਿਆਸ ਦਾ ਜ਼ਿਕਰ ਕੀਤਾ ਸੀ।

ਉਨ੍ਹਾਂ ਨੇ ਤਸਵੀਰਾਂ, ਸੰਗੀਤ ਅਤੇ ਵੀਡੀਓ ਟ੍ਰਾਂਸਮਿਟ ਕਰਨ ਦੇ ਆਪਣੇ ਆਈਡੀਆ ਨੂੰ 'ਪਾਕੇਟ ਤਕਨੀਕ' ਦਾ ਨਾਮ ਦਿੱਤਾ। ਉਨ੍ਹਾਂ ਨੇ ਸਮਾਰਟਫੋਨ ਦੀ ਖੋਜ ਦੇ 100 ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।

ਪਰ ਟੈਸਲਾ ਨੇ ਇਹ ਸੋਚਿਆ ਹੋਵੇਗਾ ਕਿ ਮੋਬਾਈਲ ਫੋਨ ਜ਼ਿੰਦਗੀ ਦਾ ਇੰਨਾ ਅਹਿਮ ਹਿੱਸਾ ਬਣ ਜਾਏਗਾ?

ਡਰੋਨ

ਸਾਲ 1898 ਵਿੱਚ ਟੈਸਲਾ ਨੇ ਬਿਣਾ ਤਾਰ ਵਾਲਾ ਅਤੇ ਰਿਮੋਟ ਨਾਲ ਚੱਲਣ ਵਾਲਾ 'ਆਟੋਮੇਸ਼ਨ' ਪੇਸ਼ ਕੀਤਾ।

ਅੱਜ ਅਸੀਂ ਇਸ ਨੂੰ ਰਿਮੋਟ ਨਾਲ ਚੱਲਣ ਵਾਲਾ 'ਟੁਆਏ ਸ਼ਿਪ' ਜਾਂ ਡਰੋਨ ਕਹਿੰਦੇ ਹਾਂ।

ਵਾਇਰਲੈੱਸ ਕਮਿਊਨੀਕੇਸ਼ਨ, ਰੋਬੋਟਿਕਸ, ਲਾਜਿਕ ਗੇਟ ਵਰਗੀ ਨਵੀਂ ਤਕਨੀਕ ਜ਼ਰੀਏ ਉਨ੍ਹਾਂ ਨੇ ਦੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ।

ਲੋਕਾਂ ਨੂੰ ਲੱਗਦਾ ਸੀ ਕਿ ਇਸ ਦੇ ਅੰਦਰ ਕੋਈ ਛੋਟਾ ਬਾਂਦਰ ਹੈ ਜੋ ਸਿਸਟਮ ਨੂੰ ਕਾਬੂ ਕਰਦਾ ਹੈ।

ਟੈਸਲਾ ਮੰਨਦੇ ਸਨ ਕਿ ਇੱਕ ਦਿਨ ਰਿਮੋਟ ਨਾਲ ਚੱਲਣ ਵਾਲੀਆਂ ਮਸ਼ੀਨਾਂ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਣਗੀਆਂ ਅਤੇ ਇਹ ਭਵਿੱਖਬਾਣੀ ਸੱਚਾਈ ਦੇ ਬਹੁਤ ਨੇੜੇ ਸੀ।

ਕਮਰਸ਼ੀਅਲ ਹਾਈ-ਸਪੀਡ ਏਅਰਕ੍ਰਾਫ਼ਟ

ਟੈਸਲਾ ਨੇ ਕਲਪਨਾ ਕੀਤੀ ਸੀ ਕਿ ਅਜਿਹੇ ਏਅਰਕ੍ਰਾਫ਼ਟ ਹੋਣਗੇ ਜੋ ਦੁਨੀਆਂ ਭਰ ਵਿੱਚ ਤੇਜ਼ ਗਤੀ ਨਾਲ ਹੋਰਨਾਂ ਦੇਸ਼ਾਂ ਵਿੱਚ ਕਮਰਸ਼ੀਅਲ ਰੂਟ ਉੱਤੇ ਸਫ਼ਰ ਕਰਨਗੇ ਇਨ੍ਹਾਂ ਏਅਰਕ੍ਰਾਫ਼ਟ ਵਿੱਚ ਬਹੁਤ ਸਾਰੇ ਮੁਸਾਫ਼ਰਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ।

ਨਿਕੋਲਾ ਟੈਸਲਾ ਨੇ ਕਿਹਾ ਸੀ, "ਵਾਇਰਲੈੱਸ, ਪਾਵਰ ਦਾ ਸਭ ਤੋਂ ਅਹਿਮ ਇਸਤੇਮਾਲ ਬਾਲਣ ਬਿਨਾਂ ਉੱਡਣ ਵਾਲੀਆਂ ਮਸ਼ੀਨਾਂ ਵਿੱਚ ਹੋਵੇਗਾ, ਜੋ ਲੋਕਾਂ ਨੂੰ ਨਿਊਯਾਰਕ ਤੋਂ ਯੂਰਪ ਕੁਝ ਹੀ ਘੰਟਿਆਂ ਵਿੱਚ ਪਹੁੰਚਾ ਦੇਵੇਗਾ।"

ਉਸ ਵੇਲੇ ਸ਼ਾਇਦ ਇਨ੍ਹਾਂ ਗੱਲਾਂ ਨੂੰ ਪਾਗਲਪਨ ਸਮਝਿਆ ਜਾਂਦਾ ਹੋਵੇਗਾ, ਪਰ ਟੈਸਲਾ ਇੱਕ ਵਾਰੀ ਫਿਰ ਸਹੀ ਸੀ ਘੱਟੋਂ-ਘੱਟ ਗਤੀ ਨੂੰ ਲੈ ਕੇ।

ਜਿੱਥੋਂ ਤੱਕ ਬਿਨਾਂ ਬਾਲਣ ਦੇ ਉੱਡਣ ਵਾਲੀ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਉਡਾਣਾ ਦੀ ਗੱਲ ਹੈ, ਉਹ ਹੁਣ ਵੀ ਭਵਿੱਖ ਦਾ ਸੁਪਨਾ ਹੈ।

ਮਹਿਲਾ ਸਸ਼ਕਤੀਕਰਨ

1926 ਵਿੱਚ ਕਾਲਿਅਰਸ ਦੇ ਨਾਲ ਉਨ੍ਹਾਂ ਦੇ ਇੰਟਰਵਿਊ ਨੂੰ 'ਵੈੱਨ ਵੁਮੈਨ ਇਜ਼ ਬੌਸ' ਨਾਂ ਦਿੱਤਾ ਗਿਆ।

ਇਸ ਤੋਂ ਪਤਾ ਚਲਦਾ ਹੈ ਕਿ 68 ਸਾਲ ਦੇ ਟੈਸਲਾ ਉਸ ਵੇਲੇ ਔਰਤਾਂ ਲਈ ਕੀ ਸੋਚਦੇ ਸਨ।

ਟੈਸਲਾ ਮੰਨਦੇ ਸਨ ਕਿ ਔਰਤਾਂ ਬਿਹਤਰ ਸਿੱਖਿਆ, ਰੁਜ਼ਗਾਰ ਅਤੇ ਸਮਾਜ ਵਿੱਚ ਪ੍ਰਭਾਵੀ ਬਣਨ ਲਈ ਵਾਇਰਲੈੱਸ ਤਕਨੀਕ ਦਾ ਇਸਤੇਮਾਲ ਕਰਨਗੀਆਂ।

ਹਾਲਾਂਕਿ ਬੀਤੀ ਸਦੀ ਵਿੱਚ ਤਕਨੀਕ ਨੂੰ ਸਮਾਜਿਕ ਅਤੇ ਸਿਆਸੀ ਜ਼ਿੰਦਗੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਨਾਲ ਜੋੜਨਾ ਔਖਾ ਹੈ।

ਇਹ ਜ਼ਰੂਰ ਦੇਖਿਆ ਗਿਆ ਹੈ ਕਿ ਔਰਤਾਂ ਤਕਨੀਕ ਦੇ ਖੇਤਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।

ਯਾਹੂ ਦੀ ਕਾਰਜਕਾਰੀ ਡਾਇਰੈਕਟਰ ਅਤੇ ਕੰਪਿਊਟਰ ਇੰਜਨੀਅਰ ਮੈਰਿਸਾ ਅਤੇ ਫੇਸਬੁੱਕ ਦੀ ਮੌਜੂਦਾ ਆਪਰੇਸ਼ਨਲ ਡਾਇਰੈਕਟਰ ਸ਼ੇਰਿਲ ਸੈਂਡਬਰਗ ਇਸ ਗੱਲ ਦਾ ਸਬੂਤ ਹਨ।

ਇਨ੍ਹਾਂ ਵਰਗੀਆਂ ਔਰਤਾਂ ਨੇ ਤਕਨੀਕ ਦੇ ਸਹਾਰੇ #metoo ਵਰਗੀਆਂ ਮੁਹਿੰਮਾਂ ਚਲਾ ਕੇ ਗਲੋਬਲ ਪੱਧਰ ਉੱਤੇ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)