ਕੈਲੀਫੋਰਨੀਆ: ਮਾਪਿਆਂ ਨੇ ਆਪਣੇ 13 ਬੱਚਿਆਂ ਨੂੰ 'ਬੰਦੀ' ਕਿਉਂ ਬਣਾਇਆ?

ਕੈਲੀਫੋਰਨੀਆ ਵਿੱਚ ਪੁਲਿਸ ਨੇ ਇੱਕ ਸ਼ਖਸ ਅਤੇ ਉਸਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਆਪਣੇ 13 ਬੱਚਿਆਂ ਨੂੰ ਘਰ ਅੰਦਰ ਕੈਦ ਕਰਕੇ ਰੱਖਣ ਦਾ ਇਲਜ਼ਾਮ ਹੈ। ਕੁਝ ਨੂੰ ''ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ'' ਗਿਆ ਸੀ।

57 ਸਾਲਾ ਡੇਵਿਡ ਐਲਨ ਟਰਪਿਨ ਅਤੇ 49 ਸਾਲ ਦੀ ਲੁਈਸ ਐਨਾ ਟਰਪਿਨ ਨੂੰ ਤਸ਼ੱਦਦ ਢਾਹੁਣ ਅਤੇ ਬੱਚਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਦੇ ਇਲਜ਼ਾਮਾਂ ਤਹਿਤ ਕਾਬੂ ਕੀਤਾ ਗਿਆ ਹੈ।

ਉੱਤਰ-ਦੱਖਣ ਲੌਸ ਏਂਜਲਸ ਤੋਂ 95 ਕਿੱਲੋਮੀਟਰ ਦੂਰ ਪੇਰਿੱਸ ਵਿੱਚ ਇਹ ਜੋੜਾ ਆਪਣੇ ਦੋ ਤੋਂ 29 ਸਾਲ ਦੇ ਬੱਚਿਆਂ ਨਾਲ ਰਹਿੰਦਾ ਸੀ।

ਪੁਲਿਸ ਅਧਿਕਾਰੀਆਂ ਨੂੰ ਖ਼ਬਰ ਪੀੜਤ ਬੱਚਿਆਂ ਵਿੱਚੋਂ ਇੱਕ 17 ਸਾਲ ਦੀ ਕੁੜੀ ਵੱਲੋਂ ਦਿੱਤੀ ਗਈ।

ਰਿਵਰਸਾਈਡ ਸ਼ੇਰਿਫ ਮਹਿਕਮੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ''ਜਿਹੜੀ ਕੁੜੀ ਨੇ ਇਤਲਾਹ ਦਿੱਤੀ ਉਹ ਦੇਖਣ ਵਿੱਚ 10 ਵਰਿਆਂ ਦੀ ਲੱਗਦੀ ਸੀ ਅਤੇ ਸਰੀਰਕ ਤੌਰ 'ਤੇ ਬੇਹੱਦ ਕਮਜ਼ੋਰ ਨਜ਼ਰ ਆ ਰਹੀ ਸੀ। ਕੁੜੀ ਨੇ ਘਰ ਵਿੱਚੋਂ ਹੀ ਇੱਕ ਮੋਬਾਈਲ ਫੋ਼ਨ ਰਾਹੀਂ ਸੰਪਰਕ ਕੀਤਾ ਸੀ।''

ਪੁਲਿਸ ਨੂੰ ਘਰ ਅੰਦਰੋਂ ਕੀ ਮਿਲਿਆ?

ਪੁਲਿਸ ਅਫ਼ਸਰਾਂ ਮੁਤਾਬਕ, ''ਕਈ ਬੱਚੇ ਹਨੇਰੇ ਵਿੱਚ ਬਿਸਤਰ 'ਤੇ ਜੰਜ਼ੀਰਾਂ ਨਾਲ ਜਕੜੇ ਹੋਏ ਸਨ ਅਤੇ ਬਦਬੂ ਆ ਰਹੀ ਸੀ।''

ਪੁਲਿਸ ਇਸ ਗੱਲ ਤੋਂ "ਹੈਰਾਨ" ਸੀ ਕਿ ਬੱਚਿਆਂ ਵਿੱਚੋਂ ਸੱਤ ਦੀ ਉਮਰ 18 ਤੋਂ 29 ਸਾਲ ਸੀ।

ਪੁਲਿਸ ਨੇ ਕਿਹਾ ਕਿ ਪੀੜਤ ਬੱਚੇ ਕੁਪੋਸ਼ਣ ਦੇ ਸ਼ਿਕਾਰ ਲੱਗ ਰਹੇ ਸੀ ਅਤੇ ਗੰਦਗੀ ਵਿੱਚ ਘਿਰੇ ਹੋਏ ਸਨ। ਸਾਰੇ ਪੀੜਤਾਂ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਚੱਲ ਰਿਹਾ ਹੈ।

ਹਸਪਤਾਲ ਦੇ ਮੁਖੀ ਮਾਰਕ ਯੂਫ਼ਰ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ, "ਇਹ ਸਾਡੇ ਲਈ ਦਿਲ ਕੰਬਾਊ ਘਟਨਾ ਹੈ ਅਤੇ ਇਸ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ।"

ਇਹ ਸਭ ਕੁਝ ਲੁਕਿਆ ਕਿਵੇਂ ਰਿਹਾ?

ਪੇਰਿੱਸ 'ਚ ਬੀਬੀਸੀ ਦੇ ਜੇਮਸ ਕੁੱਕ ਮੁਤਾਬਕ:

ਮੁਇਰ ਵੁੱਡਸ ਰੋਡ 'ਤੇ ਪੈਂਦੇ 160 ਨੰਬਰ ਘਰ 'ਚ ਕੀ ਹੋ ਰਿਹਾ ਸੀ, ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।

ਪਰਦੇ ਲੱਗੇ ਹੋਏ ਹਨ ਅਤੇ ਇੱਕ ਖਿੜਕੀ 'ਤੇ ਕ੍ਰਿਸਮਸ ਦਾ ਸਟਾਰ ਵੀ ਲਮਕਦਾ ਦੇਖਿਆ ਜਾ ਸਕਦਾ ਹੈ।

ਮਕਾਨ ਸਾਫ਼-ਸੁਥਰਾ ਹੈ ਅਤੇ ਨਾਲ ਦੇ ਮਕਾਨ ਵੀ ਖੁੱਲ੍ਹੇ-ਡੁੱਲ੍ਹੇ ਹਨ। ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਕਿਵੇਂ ਇੱਕ ਪਰਿਵਾਰ ਇੰਨੀ ਵੱਡੀ ਗੱਲ਼ ਲੁਕੋ ਕੇ ਰੱਖ ਸਕਦਾ ਹੈ।

ਕੀ ਹੈ ਪਰਿਵਾਰ ਦਾ ਪਿਛੋਕੜ?

2010 ਵਿੱਚ ਕੈਲੀਫੋਰਨੀਆ ਆਉਣ ਤੋਂ ਪਹਿਲਾਂ ਇਹ ਜੋੜਾ ਟੈਕਸਾਸ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਸੀ।

ਡੇਵਿਡ ਐਲਨ ਟਰਪਿਨ ਦੋ ਵਾਰ ਦੀਵਾਲੀਆ ਐਲਾਨਿਆ ਜਾ ਚੁੱਕਾ ਹੈ। ਦੂਜੀ ਵਾਰ ਦੀਵਾਲੀਆ ਐਲਾਨੇ ਜਾਣ ਵੇਲੇ ਉਹ ਇੱਕ ਇੰਜੀਨੀਅਰ ਵਜੋਂ ਇੱਕ ਕੰਪਨੀ ਵਿੱਚ ਚੰਗੀ ਤਨਖਾਹ 'ਤੇ ਨੌਕਰੀ ਕਰਦਾ ਸੀ।

ਇੰਨੇ ਸਾਰੇ ਬੱਚੇ ਸਨ ਅਤੇ ਟਰਪਿਨ ਦੀ ਪਤਨੀ ਵੀ ਕੋਈ ਕੰਮ ਨਹੀਂ ਕਰ ਰਹੀ ਸੀ, ਅਜਿਹਾ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਖਰਚੇ ਆਮਦਨ ਨਾਲੋਂ ਵਧ ਗਏ ਸਨ।

ਕੈਲੀਫੋਰਨੀਆ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੀ ਵੈੱਬਸਾਈਟ ਮੁਤਾਬਕ ਟਰਪਿਨ ਸੈਂਡਕਾਸਲ ਡੇਅ ਸਕੂਲ ਦੇ ਪ੍ਰਿੰਸੀਪਲ ਹਨ।

ਅਜਿਹਾ ਨਿੱਜੀ ਸਕੂਲ ਜੋ ਉਸਦੇ ਘਰੋਂ ਹੀ ਚਲਾਇਆ ਜਾ ਰਿਹਾ ਸੀ।

ਇਹ ਸਕੂਲ ਮਾਰਚ 2011 ਵਿੱਚ ਸਕੂਲ ਖੁੱਲ੍ਹਿਆ ਸੀ। ਇਸ ਵਿੱਚ ਵੱਖ ਵੱਖ ਉਮਰ ਵਰਗ ਦੇ ਛੇ ਬੱਚਿਆਂ ਦਾ ਦਾਖਲਾ ਹੋਇਆ ਸੀ।

ਐਲਨ ਟਰਪਿਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਘਰੋਂ ਹੀ ਪੜ੍ਹਾਇਆ ਜਾਂਦਾ ਸੀ। ਉਹ ਉਨ੍ਹਾਂ ਨੂੰ ਪਿਛਲੇ ਚਾਰ ਪੰਜ ਸਾਲਾਂ ਤੋਂ ਨਹੀਂ ਮਿਲੇ।

ਗੁਆਂਢੀਆਂ ਦਾ ਕੀ ਕਹਿਣਾ ਸੀ?

ਰਾਇਟਰਜ਼ ਨੂੰ ਇੱਕ ਗੁਆਂਢੀ ਨੇ ਦੱਸਿਆ ਕਿ ਟਰਪਿਨ ਪਰਿਵਾਰ ਅਜਿਹਾ ਸੀ ਕਿ ਜਿਨ੍ਹਾਂ ਬਾਰੇ ਤੁਸੀਂ ਬੜੀ ਮੁਸ਼ਕਿਲ ਨਾਲ ਜਾਣ ਸਕਦੇ ਹੋ।

ਇੱਕ ਹੋਰ ਗੁਆਂਢਣ ਕਿੰਬਰਲੀ ਮਿਲੀਗਨ ਨੇ ਲੌਸ ਏਂਜਲਸ ਟਾਈਮਸ ਨੂੰ ਦੱਸਿਆ ਕਿ ਉਹ ਅਜੀਬ ਜਿਹੇ ਲੱਗਦੇ ਸੀ ਅਤੇ ਸਾਨੂੰ ਹੈਰਾਨੀ ਹੁੰਦੀ ਕਿ ਉਨ੍ਹਾਂ ਦੇ ਬੱਚੇ ਬਾਹਰ ਕਿਉਂ ਨਹੀਂ ਨਿਕਲਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)