You’re viewing a text-only version of this website that uses less data. View the main version of the website including all images and videos.
'ਜੱਜ ਲੋਇਆ ਦੀ ਮੌਤ ਸਿਰਫ ਇੱਕ ਪਰਿਵਾਰ ਨਾਲ ਜੁੜਿਆ ਮਾਮਲਾ ਨਹੀਂ'
- ਲੇਖਕ, ਅਭਿਮੰਯੂ ਕੁਮਾਰ ਸਾਹਾ
- ਰੋਲ, ਬੀਬੀਸੀ ਪੱਤਰਕਾਰ
ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਇਤਿਹਾਸ ਵਿੱਚ ਪਹਿਲੀ ਵਾਰੀ ਦੇਸ ਦੇ ਸਾਹਮਣੇ ਆ ਕੇ ਕਿਹਾ ਸੀ ਕਿ ਦੇਸ ਦੀ ਸਭ ਤੋਂ ਉੱਚੀ ਅਦਾਲਤ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।
ਪ੍ਰੈਸ ਕਾਨਫਰੰਸ ਵਿੱਚ ਜਦੋਂ ਪੁੱਛਿਆ ਗਿਆ ਕਿ ਜੱਜ ਜਿਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਦੀ ਗੱਲ ਕਰ ਰਹੇ ਹਨ ਕੀ ਉਨ੍ਹਾਂ ਵਿੱਚ ਜੱਜ ਲੋਇਆ ਦਾ ਮਾਮਲਾ ਵੀ ਹੈ। ਇਸ ਜਵਾਬ ਵਿੱਚ ਜਸਟਿਸ ਗੋਗੋਈ ਨੇ ਕਿਹਾ, 'ਹਾਂ।'
ਜੱਜ ਲੋਇਆ ਦੀ ਮੌਤ ਦੀ ਜਾਂਚ ਲਈ ਬੰਬੇ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਤਿੰਨ ਪਟੀਸ਼ਨਾਂ ਦਾਖਿਲ ਹਨ।
ਇਨ੍ਹਾਂ ਵਿੱਚੋਂ ਇੱਕ 'ਬੰਬੇ ਲੌਇਰਸ ਐਸੋਸੀਏਸ਼ਨ' ਵੱਲੋਂ ਬੰਬੇ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਹੈ ਅਤੇ ਦੋ ਸੁਪਰੀਮ ਕੋਰਟ ਵਿੱਚ ਦਾਖਿਲ ਕੀਤੀਆਂ ਗਈਆਂ ਹਨ।
ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਕਾਂਗਰਸ ਆਗੂ ਤਹਿਸੀਨ ਪੂਨਾਵਾਲਾ ਨੇ ਦਾਖਿਲ ਕੀਤੀ ਹੈ ਅਤੇ ਦੂਜੀ ਮਹਾਰਾਸ਼ਟਰ ਦੇ ਪੱਤਰਕਾਰ ਬੰਧੂ ਰਾਜ ਲੋਨੇ ਨੇ ਕੀਤੀ ਹੈ।
ਤਹਿਸੀਨ ਪੂਨਾਵਾਲਾ ਮੁਤਾਬਕ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਜੱਜ ਲੋਇਆ ਦੀ ਮੌਤ ਉੱਤੇ ਪਟੀਸ਼ਨ ਦਸੰਬਰ ਮਹੀਨੇ ਵਿੱਚ ਦਾਖਿਲ ਕੀਤੀ ਸੀ, ਜਦਕਿ ਬੰਬੇ ਹਾਈਕੋਰਟ ਵਿੱਚ ਪਟੀਸ਼ਨ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਦਾਇਰ ਕੀਤੀ ਗਈ ਹੈ।
ਲੋਇਆ ਮਾਮਲੇ ਦੀ ਸੁਣਵਾਈ
ਸੁਪਰੀਮ ਕੋਰਟ ਵਿੱਚ ਹੋ ਰਹੀ ਸੁਣਵਾਈ ਵਿੱਚ ਬੰਧੂ ਰਾਜ ਲੋਨੇ ਵੱਲੋਂ ਪੈਰਵੀ ਕਰ ਰਹੀ ਸੀਨੀਅਰ ਵਕੀਲ ਇੰਦਿਰਾ ਜੈਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਇੱਕ ਪਰਿਵਾਰ ਨਾਲ ਜੁੜਿਆ ਨਹੀਂ ਹੈ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਜਦੋਂ ਇੱਕ ਜੱਜ ਦੀ ਮੌਤ ਹੁੰਦੀ ਹੈ ਤਾਂ ਇਹ ਨਿਆਂਪਾਲਿਕਾ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ।
ਸੁਪਰੀਮ ਕੋਰਟ ਨੇ ਬੀਤੇ ਸ਼ੁਕਰਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਮਹਾਰਾਸ਼ਟਰ ਸਰਕਾਰ ਨੂੰ ਪੋਸਟਮਾਰਟਮ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਸੀ।
ਸੋਮਵਾਰ ਨੂੰ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਣੀ ਸੀ, ਪਰ ਸੁਣਵਾਈ ਕਰ ਰਹੇ ਜੱਜਾਂ ਵਿੱਚੋਂ ਇੱਕ ਜੱਜ ਕੋਰਟ ਨਾ ਆਉਣ ਕਰਕੇ ਸੁਣਵਾਈ ਟਲ ਗਈ।
ਇੰਦਿਰਾ ਜੈਸਿੰਘ ਦੀ ਮੰਗ ਹੈ ਕਿ ਮੌਤ ਦੇ ਪੂਰੇ ਮਾਮਲੇ ਤੋਂ ਪਰਦਾ ਹਟਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਇਆ ਨੂੰ ਕਿਸ ਨੇ ਮਾਰਿਆ ਹੈ, ਪਰ ਇੰਨਾ ਕਹਿ ਸਕਦੇ ਹਾਂ ਕਿ ਜੋ ਹਾਲਾਤ ਰਹੇ ਹਨ ਉਸ ਤੋਂ ਸਾਨੂੰ ਲੱਗਦਾ ਹੈ ਕਿ ਇਹ ਗੈਰ-ਕੁਦਰਤੀ ਮੌਤ ਸੀ।"
ਉਨ੍ਹਾਂ ਨੇ ਅਨੁਜ ਦੀ ਪ੍ਰੈਸ ਕਾਨਫਰੰਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪਰਿਵਾਰ ਦੀਆਂ ਗੱਲਾਂ ਮੇਲ ਨਹੀਂ ਖਾਂਦੀਆਂ। ਇਸ ਲਈ ਮੌਤ ਦੀ ਜਾਂਚ ਵੇਧੇਰੇ ਜ਼ਰੂਰੀ ਹੋ ਗਈ ਹੈ।
ਇੰਦਿਰਾ ਜੈਸਿੰਘ ਨੇ ਕਿਹਾ, "ਉਨ੍ਹਾਂ ਦੀ ਭੈਣ ਕਹਿੰਦੀ ਹੈ ਕਿ ਮੇਰੇ ਭਰਾ ਦੀ ਮੌਤ ਕੁਦਰਤੀ ਨਹੀਂ ਹੈ ਅਤੇ 20 ਸਾਲ ਦਾ ਉਨ੍ਹਾਂ ਦਾ ਪੁੱਤਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ।"
'ਅਨੁਜ ਵਿੱਚ ਆਤਮਵਿਸ਼ਵਾਸ ਨਹੀਂ ਸੀ'
ਇੰਦਿਰਾ ਜੈਸਿੰਘ ਅੱਗੇ ਕਹਿੰਦੀ ਹੈ, "ਜੇ ਤੁਸੀਂ ਉਨ੍ਹਾਂ ਦੀ ਬਾਡੀ ਲੈਂਗਵੇਜ (ਸਰੀਰਕ ਹਾਵ-ਭਾਵ) ਨੂੰ ਦੇਖੋ ਅਤੇ ਉਨ੍ਹਾਂ ਦੇ ਨੇੜੇ ਖੜ੍ਹੇ ਲੋਕਾਂ ਨੂੰ ਦੇਖੋ ਤਾਂ ਪਤਾ ਚੱਲੇਗਾ ਕਿ ਉਨ੍ਹਾਂ ਵਿੱਚ ਆਤਮਵਿਸ਼ਵਾਸ ਹੀ ਨਹੀਂ ਸੀ। ਅਜਿਹੇ ਵਿੱਚ ਮੈਨੂੰ ਲੱਗਦਾ ਹੈ ਕਿ ਮਾਮਲਾ ਹੋਰ ਗੰਭੀਰ ਹੋ ਗਿਆ ਹੈ।"
ਮਾਮਲੇ ਨੂੰ ਲੈ ਕੇ ਬੰਬੇ ਹਾਈਕੋਰਟ ਵਿੱਚ 'ਬੰਬੇ ਲੌਇਰਸ ਐਸੋਸੀਏਸ਼ਨ' ਨੇ ਪਟੀਸ਼ਨ ਪਾਈ ਹੈ, ਜਿਸ ਦੀ ਸੁਣਵਾਈ 23 ਜਨਵਰੀ ਨੂੰ ਹੋਣੀ ਹੈ।
ਇੰਦਿਰਾ ਜੈਸਿੰਘ ਦੀ ਮੁਸ਼ਕਿਲ ਇਹ ਹੈ ਕਿ ਜਦੋਂ ਮਾਮਲਾ ਮੁੰਬਈ ਵਿੱਚ ਚੱਲ ਰਿਹਾ ਹੋਵੇ ਤਾਂ ਅਜਿਹੇ ਵਿੱਚ ਸੁਪਰੀਮ ਕੋਰਟ ਦਾ ਸੁਣਵਾਈ ਕਰਨਾ ਸਹੀ ਨਹੀਂ ਹੈ।
ਉਹ ਕਹਿੰਦੀ ਹੈ, "ਇਹ ਕਾਨੂੰਨ ਹੈ ਕਿ ਹਰ ਕੇਸ ਪਹਿਲਾਂ ਹਾਈਕੋਰਟ ਵਿੱਚ ਚੱਲਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਸੁਪਰੀਮ ਕੋਰਟ ਵਿੱਚ ਸੁਣਾਵਈ ਹੋ ਸਕਦੀ ਹੈ। ਬੰਬੇ ਹਾਈਕੋਰਟ ਵਿੱਚ ਇਹ ਕੇਸ ਪੈਂਡਿੰਗ ਹੈ ਅਤੇ 23 ਜਨਵਰੀ ਨੂੰ ਇਸ ਦੀ ਸੁਣਵਾਈ ਹੋਣੀ ਹੈ।"
ਉਹ ਕਹਿੰਦੀ ਹੈ, "ਸੁਪਰੀਮ ਕੋਰਟ ਨੂੰ ਇੰਨੀ ਜਲਦੀ ਕਿਸ ਗੱਲ ਦੀ ਹੈ। ਕੋਰਟ ਨੂੰ ਇੰਨੀ ਹੀ ਫਿਕਰ ਹੈ ਤਾਂ ਜਿਸ ਵੇਲੇ ਮੌਤ ਹੋਈ ਸੀ, ਉਸ ਵੇਲੇ ਨੋਟਿਸ ਕਿਉਂ ਨਹੀਂ ਲਿਆ ਜਿਵੇਂ ਜਸਟਿਸ ਕਰਣਨ ਦੇ ਮਾਮਲੇ ਵਿੱਚ ਲਿਆ ਸੀ।"
'ਖਦਸ਼ੇ ਦੂਰ ਹੋਣੇ ਚਾਹੀਦੇ ਹਨ'
ਸੁਪਰੀਮ ਕੋਰਟ ਮਾਮਲੇ ਵਿੱਚ ਕਾਂਗਰਸੀ ਆਗੂ ਤਹਿਸੀਨ ਪੂਨਾਵਾਲ ਅਤੇ ਮਹਾਰਾਸ਼ਟਰ ਦੇ ਪੱਤਰਕਾਰ ਬੰਧੂ ਰਾਜ ਲੋਨੇ ਦੀ ਪਟੀਸ਼ਨ ਉੱਤੇ ਸੁਣਵਾਈ ਕਰ ਰਿਹਾ ਹੈ।
ਇਹ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਕੋਰਟ ਵਿੱਚ ਹੋ ਰਹੀ ਹੈ।
ਕਾਂਗਰਸੀ ਆਗੂ ਤਹਿਸੀਨ ਪੂਨਾਵਾਲਾ ਦਾ ਕਹਿਣਾ ਹੈ ਕਿ ਇੰਦਿਰਾ ਜੈਸਿੰਘ ਨੇ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਹੈ ਕਿ ਕੋਰਟ ਨੂੰ ਇਸ ਦੀ ਸੁਣਵਾਈ ਰੋਕ ਦੇਣੀ ਚਾਹੀਦੀ ਹੈ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਬੰਬੇ ਹਾਈਕੋਰਟ ਵਿੱਚ ਪਟੀਸ਼ਨ 4 ਜਨਵਰੀ ਨੂੰ ਦਾਖਿਲ ਕੀਤੀ ਗਈ ਸੀ, ਜਦਕਿ ਮੇਰੀ ਪਟੀਸ਼ਨ ਸੁਪਰੀਮ ਕੋਰਟ ਵਿੱਚ 12 ਦਸੰਬਰ ਨੂੰ ਦਾਖਿਲ ਕੀਤੀ ਗਈ ਸੀ।"
ਤਹਿਸੀਨ ਪੂਨਾਵਾਲਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ, ਜਦਕਿ ਬੰਬੇ ਹਾਈਕੋਰਟ ਵਿੱਚ ਪਟੀਸ਼ਨ ਦੀ ਪਹਿਲੀ ਸੁਣਵਾਈ 23 ਜਨਵਰੀ ਨੂੰ ਹੋਣੀ ਹੈ।
ਉਹ ਅੱਗੇ ਕਹਿੰਦੇ ਹਨ, "ਮੈਂ ਕਿਸੇ ਸ਼ਖ਼ਸ ਦੀ ਮੌਤ ਦੀ ਗੱਲ ਨਹੀਂ ਕਰ ਰਿਹਾ, ਮੈਂ ਜੱਜ ਦੀ ਮੌਤ ਬਾਰੇ ਕਹਿ ਰਿਹਾ ਹਾਂ। ਜੋ ਖਦਸ਼ੇ ਹਨ ਉਹ ਦੂਰ ਹੋਣੇ ਚਾਹੀਦੇ ਹਨ।"