You’re viewing a text-only version of this website that uses less data. View the main version of the website including all images and videos.
ਸੀਬੀਆਈ ਜੱਜ ਦੀ ਮੌਤ ਦੀ ਜਾਂਚ ਹੋਵੇ-ਜਸਟਿਸ ਸ਼ਾਹ
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਏਪੀ ਸ਼ਾਹ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਦਸੰਬਰ 2014 ਵਿੱਚ ਹੋਈ ਜੱਜ ਬ੍ਰਜਗੋਪਾਲ ਹਰਕ੍ਰਿਸ਼ਨ ਲੋਇਆ ਦੀ ਮੌਤ ਦੇ ਹਾਲਾਤ ਦੀ ਜਾਂਚ ਹੋਣੀ ਚਾਹੀਦੀ ਹੈ।
'ਦ ਵਾਇਰ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਸਟਿਸ ਸ਼ਾਹ ਨੇ ਕਿਹਾ ਕਿ ਹਾਈ ਕੋਰਟ ਦੀ ਚੀਫ਼ ਜਸਟਿਸ ਜਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਹ ਫ਼ੈਸਲਾ ਖੁਦ ਕਰਨਾ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਦੀ ਲੋੜ ਹੈ ਜਾਂ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਜੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਨਾ ਹੋਈ ਤਾਂ ਪੂਰੇ ਨਿਆਂਪਾਲਿਕਾ 'ਤੇ ਧੱਬਾ ਲੱਗ ਜਾਵੇਗਾ।
ਜੱਜ ਲੋਇਆ ਆਪਣੀ ਮੌਤ ਦੇ ਵਕਤ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਸੀ ਅਤੇ ਨਾਗਪੁਰ ਵਿੱਚ ਇੱਕ ਵਿਆਹ ਵਿੱਚ ਹਿੱਸਾ ਲੈਣ ਆਏ ਸੀ।
ਉਹ ਮੌਜੂਦਾ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਅਤੇ ਗੁਜਰਾਤ ਦੇ ਕਈ ਸੀਨੀਅਰ ਪੁਲਿਸ ਅਫ਼ਸਰਾਂ ਦੇ ਖਿਲਾਫ਼ ਸੋਹਰਾਬੁੱਦੀਨ ਮੁਠਭੇੜ ਮਾਮਲੇ ਦੀ ਸੁਣਵਾਈ ਕਰ ਰਹੇ ਸੀ।
ਉਸ ਵਕਤ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ।
ਹਾਲ ਵਿੱਚ ਹੀ ਜੱਜ ਲੋਇਆ ਦੇ ਪਰਿਵਾਰ ਨੇ 'ਦ ਕੈਰੇਵਨ' ਨਾਂ ਦੀ ਪੱਤਰਿਕਾ ਵਿੱਚ ਉਨ੍ਹਾਂ ਦੀ ਮੌਤ ਨੇ ਹਾਲਾਤ 'ਤੇ ਕੁਝ ਸਵਾਲ ਚੁੱਕੇ ਸੀ।
ਜਸਟਿਸ ਸ਼ਾਹ ਨੇ ਵਾਇਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ 'ਪਰਿਵਾਰ ਦੇ ਇਲਜ਼ਾਮਾਂ ਦੀ ਜਾਂਚ ਨਾ ਕਰਨ ਤੋਂ ਨਿਆਂਪਾਲਿਕਾ ਨੂੰ, ਖਾਸਕਰ ਨਿਚਲੀ ਅਦਾਲਤਾਂ ਨੂੰ ਗਲਤ ਸੰਕੇਤ ਜਾਵੇਗਾ।'