ਬਲਾਗ: ਜਦੋਂ 18 ਸਾਲਾਂ ਦੀ ਹੋਈ ਭਾਰਤ 'ਮਾਤਾ'

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਭਾਵੇਂ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਹੀ ਰੱਖਿਆ ਜਾਂਦਾ ਹੈ ਪਰ ਜਦੋਂ ਦੇਸ ਨੂੰ ਇਨਸਾਨੀ ਰੂਪ ਵਜੋਂ ਵੇਖਿਆ ਜਾਂਦਾ ਹੈ ਤਾਂ 'ਭਾਰਤ' ਨਾਲ 'ਮਾਤਾ' ਹੀ ਜੁੜਦਾ ਹੈ।

ਇਹ ਸੰਬੋਧਨ ਮੁਲਕ ਨੂੰ ਉਮਰ ਅਤੇ ਇਜ਼ਤ ਦੋਵਾਂ ਵਿੱਚ ਉੱਚੀ ਥਾਂ ਦਿੰਦਾ ਹੈ, ਫਰਜ਼ ਤੇ ਜਿੰਮੇਵਾਰੀ ਦੀ ਨੀਅਤ ਜਗਾਉਂਦਾ ਹੈ। ਇਹ ਇੱਕ ਤਰ੍ਹਾਂ ਨਾਲ ਦੇਸ ਨੂੰ ਪੂਜਣਯੋਗ ਬਣਾ ਦਿੰਦਾ ਹੈ।

ਇਸੇ ਸਾਲ 2018 ਦੀ ਸ਼ੁਰੂਆਤ ਵਿੱਚ ਮੈਨੂੰ ਇਸ ਬਾਰੇ ਕੁੱਝ ਉਲਝਣ ਪੈਦਾ ਹੋਈ।

ਔਰਤ ਨਾਲੋਂ ਪੁਰਸ਼ ਅਕਸ ਵਾਲਾ ਦੇਸ

ਇਸਦਾ ਵੱਡਾ ਕਾਰਨ ਤਾਂ ਇਹ ਸੀ ਕਿ ਸਾਲ 2018 ਵਿੱਚ ਜੋ 18 ਸਾਲ ਦੀ ਉਮਰ ਹੋਵੇਗਾ ਉਹ ਵੋਟ ਪਾਉਣ, ਵਿਆਹ ਕਰਨ, ਡਰਾਇਵਿੰਗ ਲਾਇਸੈਂਸ ਲੈਣ ਅਤੇ ਸ਼ਰਾਬ ਪੀਣ ਦੀ ਕਨੂੰਨੀ ਮਨਜ਼ੂਰੀ ਵਰਗੀਆਂ ਸਾਰੀਆਂ ਜਵਾਨ ਗੱਲਾਂ ਵੱਲ ਧਿਆਨ ਖਿੱਚਦਾ ਹੈ।

ਦੂਜੀ ਗੱਲ ਇਹ ਹੈ ਕਿ ਭਾਰਤ ਦਾ ਹਰ ਤੀਜਾ ਨਾਗਰਿਕ ਇਸ ਵੇਲੇ ਜਵਾਨ ਹੈ।

'ਯੂਥ ਇਨ ਇੰਡੀਆ' ਨਾਂ ਹੇਠ ਛਪੀ 2017 ਦੀ ਸਰਕਾਰੀ ਰਿਪੋਰਟ ਮੁਤਾਬਕ ਇਸ ਵੇਲੇ ਸਾਡੀ ਵਸੋਂ ਦੇ 34.8 ਫ਼ੀਸਦੀ ਲੋਕਾਂ ਦੀ ਉਮਰ 15 ਤੋਂ 29 ਸਾਲ ਦੇ ਵਿਚਕਾਰ ਹੈ।

ਹੁਣ ਮਾਂ ਨਾਲੋਂ ਜਵਾਨ ਵਿਅਕਤੀ ਦਾ ਅਕਸ ਕੁੱਝ ਵੱਖਰਾ ਹੋ ਜਾਂਦਾ ਹੈ।

ਜਵਾਨੀ ਦਾ ਜੋਸ਼- 2018

ਜਵਾਨ ਕਾਹਲੀ ਵਿੱਚ ਹੁੰਦਾ ਹੈ ਤੁਰੰਤ ਨਾਰਾਜ਼, ਤੁਰੰਤ ਖੁਸ਼, ਪਲਾਂ ਵਿੱਚ ਮਿੱਤਰਤਾ, ਪਲ ਵਿੱਚ ਪਿਆਰ, ਭੱਜ-ਦੌੜ ਵਾਲੀ ਨੌਕਰੀ, ਆਦਿ।

ਸਾਹ ਲੈਣ ਦੀ ਫ਼ੁਰਸਤ ਨਹੀਂ ਹੁੰਦੀ। ਸਮਾਂ ਮਿਲਦਾ ਹੈ ਤਾਂ ਸੋਸ਼ਲ ਮੀਡੀਆ ਵਿੱਚ ਕੁੱਝ ਪੜ੍ਹ ਕੇ ਉਸ ਉੱਪਰ ਯਕੀਨ ਕਰ ਲੈਂਦਾ ਹੈ।

ਅਕਸਰ ਦਿਮਾਗ ਨਾਲੋਂ ਦਿਲ ਭਾਰੂ ਰਹਿੰਦਾ ਹੈ।

ਦਿਲ ਦੇ ਬੂਹੇ ਬਾਰੀਆਂ ਖੁਲ੍ਹੀਆਂ ਹੋਣ ਤਾਂ ਪਿਆਰ ਹੋ ਜਾਂਦਾ ਹੈ ਤੇ ਜੇ ਬੰਦ ਹੋਣ ਤਾਂ ਨਫ਼ਰਤ ਹੋਣ ਲੱਗ ਜਾਂਦੀ ਹੈ।

'ਐਂਟੀ ਰੋਮੀਓ ਸਕੁਐਡ', 'ਬੇਰੁਜ਼ਗਾਰੀ', 'ਸਕਿੱਲ ਇੰਡੀਆ', 'ਫੇਕ ਨਿਊਜ਼', 'ਭੀੜ ਤੰਤਰ' ਵਿੱਚ ਸਾਡਾ ਨੌਜਵਾਨ ਅਕਸਰ ਉਲਝਿਆ ਜਿਹਾ ਰਹਿੰਦਾ ਹੈ।

ਸਾਡੇ ਇਸ ਜਵਾਨ ਭਾਰਤ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੈ। ਅਗਲੇ ਦਹਾਕੇ ਵਿੱਚ ਕੰਜਕਾਂ ਹੋਰ ਘਟ ਜਾਣਗੀਆਂ।

ਮਾਤਾ ਦਾ ਅਕਸ ਬਦਲ ਰਿਹਾ ਰਿਹਾ ਹੈ

ਇਸ ਕਰਕੇ ਮੇਰੇ ਮਨ ਵਿੱਚ ਮਾਤਾ ਦਾ ਅਕਸ ਬਦਲ ਕੇ ਨੌਜਵਾਨ ਮੁੰਡੇ ਦਾ ਬਣ ਗਿਆ ਹੈ।

ਭਾਵੇਂ ਕੁੜੀਆਂ ਦੀ ਸਾਖਰਤਾ ਦਰ ਵਧੀ ਹੈ ਤੇ ਬਹੁਤੀਆਂ ਆਪ ਹੀ ਕਮਾ ਰਹੀਆਂ ਹਨ। ਹਾਂ, ਮੁੰਡਿਆਂ ਸਾਹਮਣੇ ਇਸ ਤਸਵੀਰ ਦੇ ਰੰਗ ਵੀ ਫਿੱਕੇ ਪੈ ਜਾਂਦੇ ਹਨ।

2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੁੜੀਆਂ ਦੀ ਸਾਖਰਤਾ ਦਰ 64.6 ਫ਼ੀਸਦੀ ਤੇ ਮੁੰਡਿਆਂ ਦੀ 80.9 ਫ਼ੀਸਦੀ ਹੈ।

ਪੜ੍ਹਣ-ਲਿਖਣ ਦੇ ਬਾਵਜੂਦ ਇੱਕ ਤਿਹਾਈ ਔਰਤਾਂ ਬਾਹਰ ਕੰਮ ਕਰਨ ਨਹੀਂ ਜਾਂਦੀਆਂ ਹਨ।

2011-12 ਦੇ ਸਰਕਾਰੀ ਅੰਕੜਿਆਂ ਮੁਤਾਬਕ ਬੰਦੇ 55 ਫ਼ੀਸਦੀ ਤੇ ਔਰਤਾਂ ਮਹਿਜ਼ 18 ਫ਼ੀਸਦ ਹੀ ਕੰਮ-ਕਾਜੀ ਵਰਗ ਦਾ ਹਿੱਸਾ ਬਣਦੀਆਂ ਹਨ।

ਇਹ ਅੰਕੜੇ ਪੇਂਡੂ ਇਲਾਕਿਆਂ ਦੇ ਹਨ। ਜ਼ਿਆਦਾ ਪੜ੍ਹੇ-ਲਿਖੇ ਵਿਕਸਿਤ ਸ਼ਹਿਰੀ ਇਲਾਕਿਆਂ ਵਿੱਚ ਤਾਂ ਇਹ ਅੰਕੜਾ 13 ਫ਼ੀਸਦੀ ਦਾ ਹੈ।

ਔਰਤਾਂ ਭਾਵੇਂ ਕਮਾ ਨਾ ਰਹੀਆਂ ਹੋਣ ਪਰ ਜਲਦੀ ਵਿਆਹ ਕਰਵਾਉਣ ਤੋਂ ਟਲ ਰਹੀਆਂ ਹਨ। ਛੋਟੀ ਉਮਰ ਵਿੱਚ ਵਿਆਹ ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਘਟੀ ਹੈ।

ਆਜ਼ਾਦ ਭਾਰਤ ਵਿੱਚ ਕੁੱਲ ਵਿਆਹੁਤਾ ਔਰਤਾਂ ਵਿੱਚੋ ਕਰੀਬ 70 ਫ਼ੀਸਦੀ ਦੀ ਉਮਰ 15 ਤੋਂ 19 ਸਾਲ ਦੇ ਦਰਮਿਆਨ ਸੀ।

ਜਦੋਂ 2011 ਦੀ ਮਰਦਮਸ਼ੁਮਾਰੀ ਹੋਈ ਤਾਂ ਇਹ ਦਰ ਡਿੱਗ ਕੇ 20 ਫ਼ੀਸਦੀ ਰਹਿ ਗਈ ਸੀ।

ਕੁੜੀਆਂ ਦੇ ਵਿਆਹ ਦੀ ਔਸਤ ਉਮਰ ਹੁਣ 22.3 ਸਾਲ ਹੋ ਗਈ ਹੈ।

ਵਿਆਹ ਮਗਰੋਂ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੀ ਘਟੀ ਹੈ।

ਬਦਲਦੀਆਂ ਔਸਤ ਜਨਮ ਤੇ ਮੌਤ ਦਰਾਂ ਦਾ ਪ੍ਰਭਾਵ

ਬੱਚੇ ਪੈਦਾ ਕਰਨ ਦੀ ਉਮਰ ਦੀ ਔਰਤ ਔਸਤਨ ਕਿੰਨੇ ਬੱਚੇ ਪੈਦਾ ਕਰੇਗੀ ਇਹ ਦਰ ਵੀ ਘੱਟ ਹੋ ਗਈ ਹੈ।

1971 ਵਿੱਚ ਇਹ ਦਰ 5.2 ਸੀ। ਭਾਵ ਹਰ ਔਰਤ ਪੰਜ ਬੱਚੇ ਪੈਦਾ ਕਰਦੀ ਸੀ।

1970 ਵਿੱਚ ਇੰਦਰਾ ਗਾਂਧੀ ਨੇ ਵਸੋਂ ਕਾਬੂ ਵਿੱਚ ਰੱਖਣ 'ਤੇ ਬਹੁਤ ਜ਼ੋਰ ਦਿੱਤਾ ਤੇ ਦੇਸ ਭਰ ਵਿੱਚ ਨਸਬੰਦੀ ਦੀ ਵਿਵਾਦ ਪੂਰਨ ਮੁਹਿੰਮ ਚਲਾਈ।

ਐਮਰਜੈਂਸੀ ਦੌਰਾਨ ਇੱਕ ਸਾਲ ਵਿੱਚ 60 ਲੱਖ ਮਰਦਾਂ ਦੀ ਨਸਬੰਦੀ ਕੀਤੀ ਗਈ ਸੀ।

ਛੋਟੇ ਪਰਿਵਾਰ ਦੀ ਪਿਰਤ ਪਈ ਤੇ 2014 ਵਿੱਚ ਜਨਮ ਦਰ 2.3 ਹੋ ਗਈ ।

ਹਾਂ ਇਸ ਦਰ ਦੇ ਹੇਠਾਂ ਆਉਣ 'ਤੇ ਸਿਹਤ ਸੇਵਾਵਾਂ ਦੇ ਸੁਧਰਨ ਦੀ ਬਦੌਲਤ ਮੌਤ ਦਰ ਦੇ ਡਿੱਗਣ ਦਾ ਨਤੀਜਾ ਇਹ ਹੋਇਆ ਕਿ ਜਵਾਨ ਭਾਰਤ ਦਾ ਇਹ ਰੂਪ ਆਉਣ ਵਾਲੇ ਸਮੇਂ ਵਿੱਚ ਬਦਲੇਗਾ।

ਵਿਸ਼ਵ ਬੈਂਕ ਦੇ ਇੱਕ ਅੰਦਾਜ਼ੇ ਮੁਤਾਬਕ ਆਉਣ ਵਾਲੇ ਦਹਾਕਿਆਂ ਭਾਰਤ ਦੀ ਨੌਜਵਾਨੀ ਦਾ ਦੇਸ ਦੀ ਵਸੋਂ ਵਿੱਚ ਹਿੱਸਾ ਘਟੇਗਾ।

'18 ਟਿਲ ਆਈ ਡਾਈ'

ਅੰਗਰੇਜ਼ੀ ਦਾ ਇੱਕ ਮਸ਼ਹੂਰ ਗੀਤ ਹੈ '18 ਟਿਲ ਆਈ ਡਾਈ' ਭਾਵ 'ਮੌਤ ਆਉਣ ਤੱਕ 18 ਦਾ ਹੀ ਰਹਾਂਗਾ।'

ਬ੍ਰਾਇਨ ਐਡਮਜ਼ ਨੇ ਇਸ ਗੀਤ ਵਿੱਚ ਕਿਹਾ ਹੈ ਕਿ ਉਹ ਅਤੀਤ ਵਿੱਚ ਨਹੀਂ ਸਗੋਂ ਅੱਜ ਵਿੱਚ ਹੀ ਜਿਊਣਾ ਚਾਹੁੰਦੇ ਹਨ 55 ਸਾਲਾਂ ਦੇ ਹੋ ਜਾਣ ਬੁੱਢੇ ਦਿਖਣ ਲੱਗਣ ਤਾਂ ਵੀ ਦਿਲ ਤੋਂ ਉਹ 18 ਸਾਲ ਦੇ ਹੀ ਰਹਿਣਾ ਚਾਹੁੰਦੇ ਹਨ।

2018 ਦੇ ਸ਼ੁਰੂ ਵਿੱਚ ਹੀ ਇਸ ਵਿਸ਼ਲੇਸ਼ਣ ਦਾ ਇਹ ਭਾਵ ਕਤਈ ਨਹੀਂ ਹੈ ਕਿ ਭਾਰਤੀ ਵਸੋਂ ਦਾ ਵੱਡਾ ਹਿੱਸਾ ਉਮਰ ਜਾਂ ਮਨ ਦੇ ਪੱਖੋਂ ਜਵਾਨ ਨਹੀਂ ਰਹੇਗਾ।

ਬਲਕਿ ਇੱਛਾ ਤਾਂ ਇਹ ਹੈ ਕਿ ਅਕਸ ਵਾਕਈ ਬਦਲਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)