You’re viewing a text-only version of this website that uses less data. View the main version of the website including all images and videos.
ਸ਼ਤਰੰਜ ਦੀ ਵਿਸ਼ਵ ਚੈਂਪੀਅਨ ਨੇ ਕਿਉਂ ਕੀਤਾ ਚੈਂਪੀਅਨਸ਼ਿਪ ਦਾ ਬਾਈਕਾਟ?
ਸਾਊਦੀ ਅਰਬ 'ਚ ਇੱਕ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਵਿਵਾਦਾਂ ਵਿਚਾਲੇ ਖੇਡਿਆ ਜਾ ਰਿਹਾ ਹੈ ਕਿਉਂਕਿ ਇਸ 'ਚ ਇਜ਼ਰਾਇਲ ਦੇ ਖਿਡਾਰੀਆਂ ਨੂੰ ਹਿੱਸਾ ਨਹੀਂ ਲੈਣ ਦਿੱਤਾ ਹੈ।
ਟੂਰਨਾਮੈਂਟ ਲਈ ਸਾਊਦੀ ਅਰਬ ਨੇ ਇਜ਼ਰਾਇਲੀ ਖਿਡਾਰੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਾਊਦੀ ਅਰਬ ਦਾ ਕਹਿਣਾ ਹੈ ਕਿ ਇਜ਼ਰਾਇਲ ਦੇ ਨਾਲ ਉਸ ਦੇ ਕੂਟੀਨੀਤਕ ਰਿਸ਼ਤੇ ਨਹੀਂ ਹਨ।
ਹੁਣ ਇਜ਼ਰਾਇਲੀ ਚੈੱਸ ਫੈਡਰੇਸ਼ਨ ਨੇ ਕਿਹਾ ਹੈ ਕਿ ਉਹ ਹਰਜ਼ਾਨੇ ਦੀ ਮੰਗ ਕਰਨਗੇ। ਰਿਆਦ 'ਚ ਪਹਿਲੀ ਵੱਡੀ ਸ਼ਤਰੰਜ ਪ੍ਰਤੀਯੋਗਤਾ ਦਾ ਆਰੰਭ ਹੋਇਆ ਹੈ ਅਤੇ ਇਸ ਨੂੰ ਦੁਨੀਆਂ ਲਈ ਸਾਊਦੀ ਅਰਬ ਦੇ ਦਰਵਾਜ਼ੇ ਖੁੱਲਣ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਪਰ ਇਹ ਟੂਰਨਾਮੈਂਟ ਵਿਵਾਦਾਂ ਵਿੱਚ ਘਿਰ ਗਿਆ ਹੈ। ਦੋ ਵਾਰ ਵਿਸ਼ਵ ਜੇਤੂ ਰਹੀ ਸ਼ਤਰੰਜ ਖਿਡਾਰਣ ਨੇ ਟੂਰਨਾਮੈਂਟ ਦਾ ਬਾਇਕਾਟ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹ ਸਾਊਦੀ ਅਰਬ ਵਿੱਚ ਅਬਾਇਆ ਨਹੀਂ ਪਾਉਣਾ ਚਾਹੁੰਦੀ।
'ਰਿਆਦ 'ਚ ਨਹੀਂ ਖੇਡਾਂਗੀ'
ਸਾਊਦੀ ਅਰਬ ਵਿੱਚ ਔਰਤਾਂ ਨੂੰ ਜਨਤਕ ਥਾਵਾਂ 'ਤੇ ਪੂਰੇ ਸਰੀਰ ਨੂੰ ਢੱਕਣ ਵਾਲਾ ਲਿਬਾਸ ਅਬਾਇਆ (ਇੱਕ ਤਰ੍ਹਾਂ ਦਾ ਬੁਰਕਾ) ਪਾਉਣਾ ਪੈਂਦਾ ਹੈ।
ਯੂਕ੍ਰੇਨ ਦੀ 27 ਸਾਲਾਂ ਚੈੱਸ ਗ੍ਰਾਂਡ ਚੈਂਪੀਅਨ ਅੰਨਾ ਮੁਜ਼ੀਚੁਕ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਨੂੰ ਦੋ ਵਾਰ ਦੀ ਵਰਲਡ ਚੈਂਪੀਅਨਸ਼ਿਪ ਗਵਾਉਣੀ ਪਵੇ ਪਰ ਉਹ ਇਨਾਮ ਦੀ ਰਿਕਾਰਡ ਰਾਸ਼ੀ ਦੇ ਬਾਵਜੂਦ ਵੀ ਰਿਆਦ ਵਿੱਚ ਨਹੀਂ ਖੇਡੇਗੀ।
ਰਿਆਦ ਵਿੱਚ ਖੇਡੇ ਜਾ ਰਹੇ 'ਕਿੰਗ ਸਲਮਾਨ ਵਰਲਡ ਬਿਲਟਜ਼ ਐਂਡ ਰੈਪਿਡ ਚੈਂਪੀਅਨਸ਼ਿਪਸ 2017' ਦੇ ਓਪਨਿੰਗ ਲਈ 7,50,000 ਡਾਲਰ ਦੀ ਇਨਾਮੀ ਰਾਸ਼ੀ ਪੁਰਸ਼ਾਂ ਲਈ ਅਤੇ ਔਰਤਾਂ ਲਈ 2,50,000 ਡਾਲਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਇਰਾਨ ਦੀ ਰਾਜਧਾਨੀ ਤਹਿਰਾਨ 'ਚ ਖੇਡੇ ਗਏ ਵਿਸ਼ਵ ਚੈਂਪੀਅਨਸ਼ਿਪ ਬਾਰੇ ਅੰਨਾ ਮੁਜ਼ੀਚੁਕ ਨੇ ਫੇਸਬੁਕ 'ਤੇ ਲਿਖਿਆ, "ਕੀ ਜ਼ਿੰਦਗੀ ਇੰਨੇ ਖ਼ਤਰੇ ਵਿੱਚ ਹੈ ਕਿ ਹਰ ਵੇਲੇ ਅਬਾਇਆ ਪਾਉਣਾ ਪਵੇਗਾ। ਹਰ ਚੀਜ਼ ਦੀ ਹੱਦ ਹੁੰਦੀ ਹੈ।"
ਸਾਊਦੀ ਅਰਬ 'ਚ ਲਿੰਗਕ ਬਰਾਬਰੀ
ਨਵੰਬਰ 'ਚ ਵਿਸ਼ਵ ਚੈੱਸ ਫੈਡਰੇਸ਼ਨ ਨੇ ਐਲਾਨ ਕੀਤਾ ਕਿ ਖੇਡ ਪ੍ਰਤੀਯੋਗਤਾਵਾਂ ਦੌਰਾਨ ਔਰਤਾਂ ਦੇ ਆਬਾਇਆ ਪਾਉਣ ਦੀ ਸ਼ਰਤ ਹਟਾਉਣ ਲਈ ਰਾਜ਼ੀ ਹੋ ਗਏ ਹਨ।
ਫੈਡਰੇਸ਼ਨ ਨੇ ਕਿਹਾ ਸੀ ਕਿ ਸਾਊਦੀ ਅਰਬ ਵਿੱਚ ਕੀਤੀ ਜਾਣ ਵਾਲੀ ਕਿਸੀ ਵੀ ਖੇਡ ਪ੍ਰਤੀਯੋਗਤਾ 'ਚ ਇਹ ਪਹਿਲੀ ਵਾਰ ਹੋਵੇਗਾ।
ਪਰ ਅੰਨਾ ਮੁਜ਼ੀਚੁਕ ਨੇ 23 ਦਸੰਬਰ ਨੂੰ ਇੱਕ ਹੋਰ ਫੇਸਬੁਕ ਪੋਸਟ ਲਿਖਿਆ,ਕਿ ਟਾਈਟਲ ਗਵਾਉਣ ਦੀ ਗੱਲ 'ਤੇ ਮਨ ਖੱਟਾ ਹੋਣ ਦੇ ਬਾਵਜੂਦ ਉਹ ਆਪਣੇ ਸਿਧਾਂਤਾਂ 'ਤੇ ਕਾਇਮ ਰਹੇਗੀ ਅਤੇ ਇਸ ਚੈਂਪੀਅਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ।
ਅੰਨਾ ਮੁਜ਼ੀਚੁਕ ਦਾ ਵਿਰੋਧ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਸਾਊਦੀ ਅਰਬ ਵਿੱਚ ਔਰਤਾਂ ਦੀਆਂ ਪਾਬੰਦੀਆਂ 'ਤੇ ਲੋਕਾਂ ਦਾ ਧਿਆਨ ਵਧਿਆ ਹੈ।
ਹਾਲਾਂਕਿ ਆਉਣ ਵਾਲੇ ਸਾਲ ਵਿੱਚ ਸਾਊਦੀ ਅਰਬ ਵਿੱਚ ਔਰਤਾਂ ਡਰਾਇੰਵਿੰਗ ਕਰ ਸਕਣਗੀਆਂ ਪਰ ਲੋਕਾਂ ਦਾ ਕਹਿਣਾ ਹੈ ਕਿ ਲਿੰਗਕ ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ ਸਾਊਦੀ ਅਰਬ ਨੂੰ ਲੰਬਾ ਪੈਂਡਾ ਤੈਅ ਕਰਨਾ ਹੈ।
ਅਮਰੀਕਾ ਦੇ ਤੀਜੇ ਨੰਬਰ ਦੇ ਖਿਡਾਰੀ ਹਿਕਾਰੂ ਨਕਾਮਰੂ ਨੇ ਕਿਹਾ ਕਿ ਸਾਊਦੀ ਅਰਬ 'ਚ ਇਸ ਪ੍ਰਤੀਯੋਗਤਾ ਦਾ ਆਯੋਜਨ ਇੱਕ ਡਰਾਉਣਾ ਫ਼ੈਸਲਾ ਹੈ।
ਇਰਾਨ ਅਤੇ ਕਤਰ
ਇੱਕ ਪਾਸੇ ਜਿੱਥੇ ਇਜ਼ਰਾਇਲ ਦੇ 7 ਖਿਡਾਰੀਆਂ ਨੂੰ ਸਾਊਦੀ ਅਰਬ ਨੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ, ਉੱਥੇ ਹੀ ਕਤਰ ਅਤੇ ਇਰਾਨ ਦੇ ਖਿਡਾਰੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਹਨ। ਸਾਊਦੀ ਅਰਬ ਨਾਲ ਤਲਖ਼ ਰਿਸ਼ਤਿਆਂ ਦੇ ਬਾਵਜੂਦ ਉਨ੍ਹਾਂ ਨੂੰ ਅਖ਼ੀਰ ਵੇਲੇ ਵੀਜ਼ਾ ਦਿੱਤਾ ਗਿਆ।
ਇਜ਼ਰਾਇਲ ਦੀ ਚੈੱਸ ਸੰਸਥਾ ਦਾ ਕਹਿਣਾ ਹੈ ਕਿ ਬੇਸ਼ੱਕ ਦੋਵਾਂ ਦੇਸਾਂ ਵਿਚਾਲੇ ਕੂਟਨੀਤਕ ਰਿਸ਼ਤੇ ਨਹੀਂ ਹਨ ਪਰ ਉਨ੍ਹਾਂ ਨੂੰ ਵਿਸ਼ਵਾਸ਼ ਸੀ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਖੇਡਣ ਦਿੱਤਾ ਜਾਵੇਗਾ।
ਇਜ਼ਰਾਇਲੀ ਚੈੱਸ ਫੈਡਰੇਸ਼ਨ ਨੇ ਸਾਊਦੀ ਅਰਬ 'ਤੇ ਵਰਲਡ ਚੈੱਸ ਫੈਡਰੇਸ਼ਨ ਨੂੰ ਝੂਠਾ ਭਰੋਸਾ ਦਿਵਾ ਕੇ ਇਵੇਂਟ ਦੀ ਮੇਜ਼ਬਾਨੀ ਹਾਸਿਲ ਕਰਨ ਦਾ ਇਲਜ਼ਾਮ ਲਗਾਇਆ ਹੈ।