ਜਦੋਂ ਟੈਕਸੀ ਦੇ ਭੁਲੇਖੇ ਨਸ਼ਾ ਤਸਕਰ ਪੁਲਿਸ ਕਾਰ ’ਚ ਜਾ ਬੈਠਾ

ਤਸਵੀਰ ਸਰੋਤ, Spencer Platt/Getty Images
ਕੋਪਨਹੈਗਨ ਦੇ ਇੱਕ ਕਥਿਤ ਨਸ਼ਾ (ਭੰਗ) ਤਸਕਰ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਹ ਨਸ਼ੇ ਸਮੇਤ ਇੱਕ ਪੁਲਿਸ ਕਾਰ 'ਚ ਉਸ ਨੂੰ ਟੈਕਸੀ ਸਮਝ ਕੇ ਬੈਠ ਗਿਆ।
ਡੈਨਮਾਰਕ ਦੀ ਪੁਲਿਸ ਨੇ ਕਿਹਾ ਕਿ ਉਹ ਛੇਤੀ-ਛੇਤੀ ਘਰ ਜਾ ਰਿਹਾ ਸੀ ਜਦੋਂ ਉਸ ਨੇ ਇਹ ਵੱਡੀ ਗ਼ਲਤੀ ਕੀਤੀ।
ਇਹ ਘਟਨਾ ਕਰੀਸਟੀਆਨੀਆ 'ਚ ਵਾਪਰੀ। ਇਹ ਇੱਕ ਅਰਧ-ਆਤਮਨਿਰਭਰ ਜ਼ਿਲ੍ਹਾ ਹੈ ਜਿਸ ਨੂੰ 1970 ਵਿੱਚ ਹਿੱਪੀਆਂ ਨੇ ਵਿਕਸਿਤ ਕੀਤਾ।
ਹੁਣ ਇਸ ਨੂੰ ਡਰੱਗ ਵਪਾਰ ਦੇ ਇੱਕ ਕੇਂਦਰ ਵਜੋਂ ਜਾਣਿਆ ਜਾਂਦਾ ਹੈ।
ਪੁਲਸ ਨੇ ਕਿਹਾ ਕਿ ਇਸ ਆਦਮੀ ਨੂੰ ਜੇਲ੍ਹ ਦੀ ਸਜਾ ਹੋ ਸਕਦੀ ਹੈ।
ਇਸ ਕੇਸ ਨਾਲ ਸੰਬੰਧਿਤ ਬਿਆਨ ਵਿੱਚ ਪੁਲਿਸ ਨੇ ਲਿੱਖਿਆ: "ਪਿਛਲੀ ਰਾਤ ਕਰੀਸਟੀਆਨੀਆ ਦੇ ਭੰਗ (ਕੈਨਾਬਿਸ) ਤਸਕਰ, ਜੋ ਘਰ ਜਾਣਾ ਚਾਹੁੰਦਾ ਸੀ, ਜਲਦੀ ਵਿੱਚ ਇੱਕ ਟੈਕਸੀ ਵਿਚ ਦਾਖ਼ਲ ਹੋ ਗਿਆ। ਉਸ ਨੂੰ ਉਸ ਵੇਲੇ ਅਚੰਭਾ ਹੋਇਆ, ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਅਸਲ ਵਿਚ ਇੱਕ ਪੁਲਿਸ ਕਾਰ ਵਿਚ ਬੈਠਾ ਹੋਇਆ ਸੀ।
"ਪੁਲਿਸ ਅਫ਼ਸਰ ਉਸ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ, ਕਿਉਂਕਿ ਉਸ ਕੋਲ ਕਰੀਬ 1,000 ਭੰਗ ਦੀਆਂ ਸਿਗਰਟਾਂ ਹਨ।"
ਡੈਨਮਾਰਕ ਵਿਚ ਕੈਨਾਬਿਸ ਗ਼ੈਰ-ਕਨੂੰਨੀ ਹੈ, ਜਿਸ ਦੇ ਵਪਾਰ ਤੇ ਰੋਕ ਲੱਗੀ ਹੋਈ ਹੈ।
ਪੁਲਿਸ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਕਰੀਸਟੀਆਨੀਆ ਜ਼ਿਲ੍ਹੇ ਵਿਚ ਨਸ਼ਾ ਤਸਕਰ ਦੀ ਭਾਲ ਲਈ ਕਈ ਛਾਪੇ ਮਾਰੇ ਹਨ।












