ਪ੍ਰਿੰਸ ਹੈਰੀ ਤੇ ਮੇਘਨ ਦੀ ਮੰਗਣੀ ਦੀਆਂ ਤਸਵੀਰਾਂ ਜਾਰੀ

ਤਸਵੀਰ ਸਰੋਤ, Alexi Lubomirski
ਕੈਨਿੰਗਸਟਨ ਪੈਲੇਸ ਵੱਲੋਂ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਦੀ ਮੰਗਣੀ ਦੀਆਂ ਰਸਮੀ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇੱਕ ਬਲੈਕ ਐਂਡ ਵਾਈਟ ਫੋਟੋ ਜਾਰੀ ਹੋਈ ਹੈ ਜਿਸ ਵਿੱਚ ਦੋਵੇਂ ਗਲੇ ਲੱਗ ਰਹੇ ਹਨ। ਦੂਜੀ ਰੰਗੀਨ ਤਸਵੀਰ ਹੈ ਜਿਸ ਵਿੱਚ ਦੋਵੇਂ ਇੱਕ-ਦੂਜੇ ਦਾ ਹੱਥ ਫੜ ਕੇ ਬੈਠੇ ਹਨ।
ਇਹ ਤਸਵੀਰਾਂ ਫੈਸ਼ਨ ਫੋਟੋਗ੍ਰਾਫ਼ਰ ਐਲਿਕਸੀ ਲੂਬੋਮਿਰਿਸਕੀ ਨੇ ਵਿੰਡਸਰ ਦੇ ਫ੍ਰੋਗਮੋਰ ਹਾਊਸ ਵਿੱਚ ਖਿੱਚੀਆਂ ਸਨ।
ਇਸ ਸ਼ਾਹੀ ਜੋੜੇ ਦਾ ਵਿਆਹ ਵਿੰਡਸਰ ਦੇ ਸੇਂਟ ਜੌਰਜ ਚੈਪਲ ਵਿੱਚ 19 ਮਈ 2018 ਵਿੱਚ ਹੋਵੇਗਾ।
ਹੱਸਦੇ ਹੋਏ ਜੋੜੇ ਦੀ ਬਲੈਕ ਐਂਡ ਵਾਈਟ ਤਸਵੀਰ ਘਰ ਦੇ ਮੈਦਾਨ ਵਿੱਚ ਖਿੱਚੀ ਗਈ ਸੀ। ਜਿਸ ਵਿੱਚ ਮਾਰਕੇਲ ਨੇ ਚਿੱਟਾ ਸਵੈਟਰ ਪਾਇਆ ਹੈ ਤੇ ਪ੍ਰਿੰਸ ਦਾ ਚਿਹਰਾ ਫੜਿਆ ਹੈ, ਜਿਸ ਵਿੱਚ ਉਸ ਦੀ ਮੰਗਣੀ ਵਾਲੀ ਮੁੰਦਰੀ ਸਾਫ਼ ਦੇਖੀ ਜਾ ਸਕਦੀ ਹੈ।
ਦੂਜੀ ਤਸਵੀਰ
ਦੂਜੀ ਤਸਵੀਰ ਜ਼ਿਆਦਾ ਰਸਮੀ ਹੈ ਜਿਸ ਵਿੱਚ ਦੋਵੇਂ ਹੱਥਾਂ ਵਿੱਚ ਹੱਥ ਪਾਏ ਹੋਏ ਪੌੜੀਆਂ 'ਤੇ ਬੈਠੇ ਹਨ।
ਪ੍ਰਿੰਸ ਹੈਰੀ ਨੇ ਨੀਲਾ ਕੋਟ-ਪੈਂਟ ਪਾਇਆ ਹੈ ਜਦਕਿ ਮਾਰਕਲ ਨੇ ਕਾਲੇ ਰੰਗ ਦੀ ਡ੍ਰੈੱਸ ਪਾਈ ਹੈ ਜਿਸ 'ਤੇ ਸੁਨਹਿਰੀ ਕਢਾਈ ਕੱਢੀ ਹੋਈ ਹੈ। ਇਹ ਬ੍ਰਿਟੇਨ ਦੇ ਮਹਿੰਗੇ ਫੈਸ਼ਨ ਹਾਊਸ ਰਾਲਫ਼ ਐਂਡ ਰੂਸੋ ਨੇ ਡਿਜ਼ਾਈਨ ਕੀਤਾ ਹੈ।

ਤਸਵੀਰ ਸਰੋਤ, Alexi Lubomirski
ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮਾਰਕਲ ਨੇ ਨਵੰਬਰ ਵਿੱਚ ਮੰਗਣੀ ਦੀ ਤਸਦੀਕ ਕੀਤੀ ਅਤੇ ਪਿਛਲੇ ਹਫ਼ਤੇ ਐਲਾਨ ਕੀਤਾ ਕਿ ਵਿਆਹ 19 ਮਈ ਨੂੰ ਹੋਵੇਗਾ।
ਨਿਊਯਾਰਕ ਦੇ ਲੂੰਬੋਮਿਰਸਕੀ, ਮਾਰਿਓ ਟੈਸਟਿਨੋ ਦੇ ਸਾਬਕਾ ਸਹਿਯੋਗੀ ਹਨ ਜਿੰਨ੍ਹਾਂ ਨੇ ਪ੍ਰਿੰਸ ਹੈਰੀ ਦੀ ਮਾਂ ਡਾਇਨਾ (ਪ੍ਰਿੰਸੈੱਸ ਆਫ਼ ਵੇਲਸ) ਦੀਆਂ ਕਈ ਮੌਕਿਆਂ 'ਤੇ ਤਸਵੀਰਾਂ ਖਿੱਚੀਆਂ ਸਨ।
ਉਨ੍ਹਾਂ ਕਿਹਾ, "ਇਸ ਖਾਸ ਪਲ ਦੀ ਗਵਾਹੀ ਭਰਨਾ ਬੇਹੱਦ ਸਨਮਾਨ ਵਾਲੀ ਗੱਲ ਹੈ। ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਜੋੜੇ ਦੇ ਇੱਕ-ਦੂਜੇ ਲਈ ਪਿਆਰ ਦਾ ਪ੍ਰਤੱਖਦਰਸ਼ੀ ਬਣਿਆ ਹਾਂ। ਕੁਝ ਇਸ ਤਰ੍ਹਾਂ ਇਹ ਦੋਵੇਂ ਇੱਕ-ਦੂਜੇ ਨਾਲ ਖੁਸ਼ ਸਨ ਕਿ ਮੈਂ ਦੋਹਾਂ ਦੀਆਂ ਖਿੱਚੀਆਂ ਹੋਈਆਂ ਤਸਵੀਰਾਂ ਦੇਖ ਕੇ ਮੁਸਕੁਰਾ ਪੈਂਦਾ ਹਾਂ।"












